ਬਠਿੰਡਾ, 28 ਸਤੰਬਰ (ਵਲ੍ਹਾਣ)- ਸਿੱਖਿਆ ਵਿਭਾਗ ਦੀਆਂ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈ ਸਿੰਘ ਵਾਲਾ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਜਿਸ ਦੇ ਚੱਲਦਿਆਂ ਮੈਡਲ ਜੇਤੂ ਖਿਡਾਰੀਆਂ ਦਾ ਸਕੂਲ ਵਿਚ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸਕੂਲ ਪਿ੍ੰਸੀਪਲ ਗੁਰਮੁੱਖ ਸਿੰਘ ਨੇ ਦੱਸਿਆ ਕਿ ਫੁੱਟਬਾਲ, ਕ੍ਰਿਕਟ ਅਤੇ ਲਾਅਨ ਟੈਨਿਸ ਵਿਚ ਅੰਡਰ-17 ਸਾਲ ਲੜਕੀਆਂ ਨੇ ਜ਼ੋਨਲ ਸਕੂਲ ਖੇਡਾਂ ਵਿਚ ਪਹਿਲਾ ਸਥਾਨ ਅਤੇ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਵਾਲੀਬਾਲ ਅੰਡਰ-17 ਸਾਲ ਨੇ ਜ਼ੋਨ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ | ਅਥਲੈਟਿਕਸ ਵਿਚ ਨਵਜੋਤ ਕੌਰ ਨੇ 100 ਅਤੇ 200 ਮੀਟਰ ਦੌੜ 'ਚ ਜੋਨ 'ਚੋਂ ਪਹਿਲਾ ਸਥਾਨ, ਖਵਾਹਿਸ਼ਪ੍ਰੀਤ ਕੌਰ ਨੇ 3000 ਮੀਟਰ ਜੋਨ 'ਚੋਂ ਪਹਿਲਾ ਸਥਾਨ, ਰੇਸ਼ਮਾ ਨੇ ਜ਼ਿਲ੍ਹਾ ਸਕੂਲ ਖੇਡਾਂ ਦੀ 800 ਮੀਟਰ ਦੌੜ 'ਚ ਦੂਜਾ ਸਥਾਨ, ਹੈਪੀ ਸਿੰਘ ਨੇ ਲੰਬੀ ਛਾਲ ਵਿਚ ਦੂਜਾ ਸਥਾਨ, ਜਸ਼ਨਦੀਪ ਸਿੰਘ ਨੇ ਡਿਸਕਸ ਥਰੋ 'ਚ ਜੋਨ 'ਚੋਂ ਪਹਿਲਾ ਤੇ ਸ਼ਾਟ-ਪੁੱਟ ਜੋਨ ਵਿਚ ਦੂਜਾ ਸਥਾਨ, ਵੀਰਪਾਲ ਕੌਰ ਨੇ ਹਰਡਲ 100 ਮੀਟਰ ਵਿਚ ਦੂਜਾ ਸਥਾਨ, ਸੁਖਦੀਪ ਨੇ 200 ਮੀਟਰ ਵਿਚ ਦੂਜਾ ਸਥਾਨ ਅਤੇ 100 ਮੀਟਰ ਵਿਚ ਤੀਜਾ ਸਥਾਨ, ਸੋਮਪ੍ਰੀਤ ਨੇ 1500 ਮੀਟਰ ਦੌੜ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਗੁਰਮੁੱਖ ਸਿੰਘ ਨੇ ਡੀ.ਪੀ.ਈ ਜਸਵਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਖਿਡਾਰੀਆਂ ਨੇ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਾਰੇ ਖਿਡਾਰੀਆਂ ਸਕੂਲ ਪਹੁੰਚਣ 'ਤੇ ਸਕੂਲ ਸਟਾਫ਼, ਪਿੰਡ ਦੇ ਸਰਪੰਚ ਬਲਜੀਤ ਸਿੰਘ, ਪੰਚਾਇਤ ਮੈਂਬਰ, ਸਮਾਜ ਸੇਵੀ ਗੰਗਾ ਸਿੰਘ (ਐਨ.ਆਰ.ਆਈ), ਐੱਸ.ਐਮ.ਸੀ ਚੇਅਰਮੈਨ ਗੁਰਦੀਪ ਸਿੰਘ, ਵੀਰਦਵਿੰਦਰ ਸ਼ਰਮਾ, ਕਲੱਬ ਪ੍ਰਧਾਨ ਜਗਤਾਰ ਸਿੰਘ ਆਦਿ ਵਲੋਂ ਸਮਾਗਮ ਕਰਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਸਨਮਾਨਿਤ ਕੀਤਾ ਗਿਆ | ਜਿਸ ਦੌਰਾਨ ਸਮਾਜ ਸੇਵੀ ਗੰਗਾ ਸਿੰਘ ਵਲੋਂ ਖਿਡਾਰੀਆਂ ਨੂੰ ਨਕਦ ਰਾਸ਼ੀ ਅਤੇ ਕਿੱਟਾਂ ਵੀ ਵੰਡੀਆਂ ਗਈਆਂ | ਸਮਾਗਮ ਦੌਰਾਨ ਡਾ. ਪ੍ਰਵੀਨ ਕੌਰ ਟਿਵਾਣਾ ਨੇ ਸਭਨਾਂ ਦਾ ਧੰਨਵਾਦ ਕੀਤਾ |