ਬਠਿੰਡਾ, 18 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਪਿਛਲੇ 7 ਮਹੀਨਿਆਂ ਤੋਂ ਆਪਣਾ ਮੇਹਨਤਾਨਾ ਲੈਣ ਲਈ ਤਰਸ ਰਹੇ ਸਰਕਾਰੀ ਸਹਾਇਤਾ ਪ੍ਰਾਪਤ ਏਡਿਡ ਸਕੂਲ ਬਠਿੰਡਾ ਦੇ ਅਧਿਆਪਕਾਂ ਨੇ ਅੱਜ ਡੀ. ਸੀ. ਦਫ਼ਤਰ ਅੱਗੇ ਰੋਸ ਧਰਨਾ ਦੇਣ ਉਪਰੰਤ ਤਨਖ਼ਾਹ ਪੱਤਰ ਦੀਆਂ ਕਾਪੀਆਂ ਸਾੜੀਆਂ ਅਤੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ | ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਏਡਿਡ ਸਕੂਲ ਦੇ ਹਜ਼ਾਰਾਂ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਪਿਛਲੇ 7 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ, ਜਿਸ ਕਰਕੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕ ਇਸ ਵਾਰ ਕਾਲੀ ਦੀਵਾਲੀ ਮਨਾ ਰਹੇ ਹਨ | ਅਧਿਆਪਕਾਂ ਦੇ ਰੋਸ ਦੇ ਚੱਲਦਿਆਂ ਸਿੱਖਿਆ ਵਿਭਾਗ ਤੇ ਵਿੱਤ ਵਿਭਾਗ ਨੇ ਅੱਜ ਸਿਰਫ਼ ਇਕ ਮਹੀਨੇ ਦੀ ਤਨਖ਼ਾਹ ਜਾਰੀ ਕੀਤੀ ਹੈ ਜਦਕਿ ਬਾਕੀ ਮਹੀਨਿਆਂ ਦੀਆਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ | ਜਿਸ ਤੋਂ ਦੁਖੀ ਹੋਏ ਅਧਿਆਪਕਾਂ ਨੂੰ ਤਿਉਹਾਰਾਂ ਦੇ ਸੀਜ਼ਨ ਵਿਚ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ | ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਅਤੇ ਵਿੱਤ ਵਿਭਾਗ ਵਲੋਂ ਏਡਿਡ ਸਕੂਲਾਂ ਦੇ ਆਡਿਟ ਦੇ ਬਹਾਨੇ ਤਨਖ਼ਾਹ ਦੇ ਰੂਪ ਵਿਚ ਮਿਲਣ ਵਾਲੀ 95 ਫ਼ੀਸਦੀ ਗ੍ਰਾਂਟ ਇਨ ਏਡ ਰੋਕ ਰੱਖੀ ਹੈ | ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਅਪ੍ਰੈਲ 2025 ਤੋਂ ਤਨਖ਼ਾਹ ਜਾਰੀ ਨਹੀਂ ਕੀਤੀ ਜਾ ਰਹੀ | ਆਡਿਟ ਸਟਾਫ਼ ਪੂਰਾ ਨਾ ਹੋਣ ਦਾ ਖ਼ਮਿਆਜ਼ਾ ਏਡਿਡ ਸਟਾਫ਼ ਭੁਗਤ ਰਿਹਾ ਹੈ | ਅਸਲ ਵਿਚ ਸਰਕਾਰ ਏਡਿਡ ਸਕੂਲਾਂ ਨੂੰ ਬੰਦ ਕਰਨ ਦੀ ਸਾਜ਼ਿਸ਼ ਰਚ ਰਹੀ ਹੈ | ਦੁਸਹਿਰਾ ਤੇ ਦੀਵਾਲੀ ਵਰਗੇ ਤਿਉਹਾਰ ਬਿਨ੍ਹਾਂ ਤਨਖ਼ਾਹਾਂ ਤੋਂ ਲੰਘ ਰਹੇ ਹਨ | ਲੰਬੇ ਸਮੇਂ ਤੋਂ ਤਨਖ਼ਾਹਾਂ ਨਾ ਮਿਲਣ ਕਰਕੇ ਏਡਿਡ ਸਟਾਫ਼ ਦੀ ਆਰਥਿਕ ਹਾਲਤ ਵਿਗੜ ਚੁੱਕੀ ਹੈ | ਪਰ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਸਰਕਾਰ ਅਧਿਆਪਕਾਂ ਨੂੰ ਤਨਖ਼ਾਹਾਂ ਦੇਣ ਤੋਂ ਇਨਕਾਰੀ ਹੈ | ਉਨ੍ਹਾਂ ਕਿਹਾ ਕਿ ਏਡਿਡ ਸਕੂਲ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਇਕ ਮਹੀਨੇ ਦੀ ਤਨਖ਼ਾਹ ਮਨਜ਼ੂਰ ਨਹੀਂ | ਉਨ੍ਹਾਂ ਦੀ 7 ਮਹੀਨਿਆਂ ਦੀ ਤਨਖ਼ਾਹ ਜਾਰੀ ਕੀਤੀ ਜਾਵੇ |
ਏਡਿਡ ਸਕੂਲਾਂ ਦੇ ਅਧਿਆਪਕਾਂ ਵਲੋਂ ਧਰਨਾ ਦੇਣ ਉਪਰੰਤ ਤਨਖ਼ਾਹ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ
ਅਜੀਤ ਡੈਸਕ
19-10-2025