ਰਾਮਾਂ ਮੰਡੀ, 21 ਨਵੰਬਰ (ਤਰਸੇਮ ਸਿੰਗਲਾ)- ਰਾਮਾਂ ਮੰਡੀ ਨਿਵਾਸੀ ਪ੍ਰੇਮ ਕੁਮਾਰ ਜੈਨ ਤੋਂ ਕਾਰ ਖ਼ਰੀਦਣ ਆਏ ਵਿਅਕਤੀ ਵਲੋਂ ਪੂਰੇ ਪੈਸੇ ਦਿੱਤੇ ਬਿਨ੍ਹਾਂ ਹੀ ਹੁਸ਼ਿਆਰੀ ਨਾਲ ਕਾਰ ਲੈ ਜਾਣ ਦਾ ਸਮਾਚਾਰ ਹੈ¢ ਇਸ ਸਬੰਧੀ ਪੀੜਤ ਪ੍ਰੇਮ ਕੁਮਾਰ ਜੈਨ ਵਲੋਂ ਰਾਮਾਂ ਪੁਲਿਸ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਵਲੋਂ ਕਾਰ ਖ਼ਰੀਦਣ ਵਾਲੇ ਵਿਅਕਤੀ ਖਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਗਈ ਹੈ¢ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਪ੍ਰੇਮ ਕੁਮਾਰ ਜੈਨ ਪੁੱਤਰ ਪੰਨਾ ਲਾਲ ਜੈਨ ਵਾਸੀ ਰਾਮਾਂ ਨੇ ਦੱਸਿਆ ਕਿ ਉਸ ਨੇ ਅਪਣੀ ਆਲਟੋ ਕਾਰ ਕੇ- 10 ਵੇਚਣ ਲਈ ਆਨਲਾਈਨ ਪਲੇਟ ਫਾਰਮ ਓ.ਐਲ.ਐਕਸ. 'ਤੇ ਇਸ਼ਤਿਹਾਰ ਪਾਇਆ ਸੀ, ਜਿਸ ਨੂੰ ਵੇਖ ਕੇ ਬਟਾਲਾ ਨਿਵਾਸੀ ਸਿਮਰਨਜੀਤ ਸਿੰਘ ਕਾਹਲੋ ਅਪਣੇ ਦੋ ਹੋਰ ਸਾਥੀਆਂ ਨਾਲ ਸਕਾਰਪੀਓ ਗੱਡੀ ਪੀ.ਬੀ.-18.ਵਾਈ.-5550 'ਤੇ 7 ਅਕਤੂਬਰ ਨੂੰ ਉਸ ਦੇ ਕੋਲ ਆਏ ਅਤੇ ਉਸ ਦੀ ਆਲਟੋ ਕਾਰ ਕੇ-10 ਨੰਬਰ. ਪੀ.ਬੀ.-03.ਬੀ.ਐਸ.-5174 ਦਾ ਇਕ ਲੱਖ ਪੰਤਾਲੀ ਹਜ਼ਾਰ ਰੁਪਏ ਵਿਚ ਸੌਦਾ ਤਹਿ ਕਰ ਲਿਆ ਗਿਆ¢ ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਵਾਸੀ ਬਟਾਲਾ ਨੇ ਤੀਹ ਹਜ਼ਾਰ ਰੁਪਏ ਆਨਲਾਈਨ ਖਾਤੇ ਵਿਚ ਪਾ ਦਿੱਤੇ ਅਤੇ ਪੰਜਾਹ ਹਜ਼ਾਰ ਰੁਪਏ ਉਨ੍ਹਾਂ ਵਲੋਂ ਨਗਦ ਦਿੱਤੇ ਗਏ, ਜਿਸ ਤੋਂ ਬਾਅਦ ਸਿਮਰਨਜੀਤ ਸਿੰਘ 65 ਹਜ਼ਾਰ ਰੁਪਏ ਤਲਵੰਡੀ ਸਾਬੋ ਤੋਂ ਲੈ ਕੇ ਆਉਣ ਦੀ ਗੱਲ ਕਹਿ ਕੇ ਉਸ ਦੀ ਆਲਟੋ ਕਾਰ ਅਪਣੇ ਨਾਲ ਲੈ ਗਿਆ¢ ਜਦੋਂ ਉਹ ਕਾਫੀ ਸਮਾਂ ਬੀਤਣ ਬਾਅਦ ਵੀ ਨਾ ਆਇਆ ਤਾਂ ਉਸ ਦੇ ਦੋ ਸਾਥੀ ਵੀ ਉਹਨੂੰ ਭਾਲ ਕੇ ਲਿਆਉਣ ਦਾ ਬਹਾਨਾ ਬਣਾ ਕੇ ਸਕਾਰਪੀਓ ਗੱਡੀ 'ਤੇ ਚਲੇ ਗਏ ਅਤੇ ਵਾਪਸ ਨਾ ਆਏ¢ ਜਿਸ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਮੋਬਾਈਲ ਫੋਨ ਬੰਦ ਆਇਆ¢ ਪ੍ਰੇਮ ਕੁਮਾਰ ਜੈਨ ਨੇ ਦੱਸਿਆ ਕਿ ਉਸ ਵਲੋਂ ਸਿਮਰਨਜੀਤ ਸਿੰਘ ਨਾਲ ਕਾਫ਼ੀ ਦਿਨ ਸੰਪਰਕ ਕਰਨ ਲਈ ਉਸ ਦੇ ਮੋਬਾਈਲ ਤੇ ਫੋਨ ਕੀਤੇ ਗਏ, ਪ੍ਰੰਤੂ ਉਸ ਵਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ¢