ਲਹਿਰਾ ਮੁਹੱਬਤ, 20 ਦਸੰਬਰ (ਚਰਨਜੀਤ ਸਿੰਘ): ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਨਿੱਜੀਕਰਨ ਦੇ ਹਮਲੇ ਖ਼ਿਲਾਫ਼ ਸਾਂਝਾ ਸੰਘਰਸ਼ ਉਸਾਰਨ ਦਾ ਫ਼ੈਸਲਾ ਕੀਤਾ ਹੈ | ਆਗੂ ਨਰਾਇਣ ਦੱਤ, ਜਗਜੀਤ ਸਿੰਘ ਲਹਿਰਾ, ਜਗਮੇਲ ਸਿੰਘ ਤੇ ਸ਼ੀਰੀਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਵੱਖ-ਵੱਖ ਥਾਵਾਂ ਉੱਤੇ ਇਕੱਤਰਤਾਵਾਂ ਅਤੇ ਰੋਸ ਪ੍ਰਦਰਸ਼ਨਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਨਿੱਜੀਕਰਨ ਦੇ ਹਮਲੇ ਨੂੰ ਅੱਗੇ ਵਧਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ | ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ 2025 ਲਿਆਂਦਾ ਜਾ ਰਿਹਾ ਹੈ | ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਕਿਰਤ ਕੋਡ ਲਾਗੂ ਕਰ ਦਿੱਤੇ ਗਏ ਹਨ | ਸਰਕਾਰੀ ਅਤੇ ਜਨਤਕ ਜਾਇਦਾਦਾਂ ਕਾਰਪੋਰੇਟ ਘਰਾਣਿਆਂ ਨੂੰ ਵੇਚੀਆਂ ਜਾ ਰਹੀਆਂ ਹਨ | ਰੋਡਵੇਜ਼ ਅਤੇ ਪੀਆਰਟੀਸੀ ਅੰਦਰ ਕਿਲੋਮੀਟਰ ਸਕੀਮ ਦਾ ਵਾਧਾ ਕੀਤਾ ਜਾ ਰਿਹਾ ਹੈ | ਸਿਹਤ ਖੇਤਰ ਅੰਦਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਪ੍ਰਾਈਵੇਟ ਕਾਰੋਬਾਰੀਆਂ ਦਾ ਦਖ਼ਲ ਬਣਾਇਆ ਜਾ ਰਿਹਾ ਹੈ | ਇਹ ਸਾਰੇ ਕਦਮ ਨਿੱਜੀਕਰਨ ਦੀ ਉਸੇ ਨੀਤੀ ਤਹਿਤ ਲਏ ਜਾ ਰਹੇ ਹਨ, ਜੋ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੀ ਸੇਵਾ ਲਈ ਘੜੀ ਗਈ ਹੈ | ਮੌਜੂਦਾ ਕਦਮ ਲੋਕਾਂ ਲਈ ਬੇਹੱਦ ਗੰਭੀਰ ਸਾਬਤ ਹੋਣ ਜਾ ਰਹੇ ਹਨ | ਜਿਸ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਗੱਲ ਚੱਲ ਰਹੀ ਹੈ, ਉਹ ਸਮਝੌਤਾ ਵੀ ਅਸਲ ਵਿਚ ਇਸੇ ਨਿੱਜੀਕਰਨ ਵਪਾਰੀਕਰਨ ਦੀ ਨੀਤੀ ਨੂੰ ਉਤਸ਼ਾਹਿਤ ਕਰਨ ਵਾਲਾ ਹੈ | ਭਾਰਤੀ ਮੰਡੀ ਤੇ ਹੋਰ ਸਾਧਨਾਂ ਨੂੰ ਅਮਰੀਕੀ ਦਖ਼ਲ ਅੰਦਾਜ਼ੀ ਅਤੇ ਲੁੱਟ ਲਈ ਖੋਹਲਣ ਵਾਲਾ ਹੈ | ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਇਤਿਹਾਸਕ ਜੇਤੂ ਸੰਘਰਸ਼ ਦੀ ਤਰਜ਼ 'ਤੇ ਨਿੱਜੀਕਰਨ ਦੀ ਇਸ ਨੀਤੀ ਖਿਲਾਫ਼ ਸਾਂਝੇ ਸੰਘਰਸ਼ ਦਾ ਪਿੜ ਬੱਝਣਾ ਹਾਂ ਪੱਖੀ ਬਾਮੌਕਾ ਕਦਮ ਹੈ | ਲੋਕਾਂ ਨੂੰ ਸੰਘਰਸ਼ ਸਿਰਫ਼ ਇਸ ਨੀਤੀ ਦੇ ਸਾਹਮਣੇ ਆ ਰਹੇ ਅਸਰਾਂ ਖਿਲਾਫ਼ ਹੀ ਸੀਮਤ ਨਹੀਂ ਰੱਖਣੇ ਚਾਹੀਦੇ, ਸਗੋਂ ਇਸ ਨੀਤੀ ਨੂੰ ਸਮੁੱਚੇ ਤੌਰ ਉੱਤੇ ਨਿਸ਼ਾਨੇ 'ਤੇ ਲੈਣਾ ਚਾਹੀਦਾ ਹੈ | ਸਾਮਰਾਜੀ ਦਾਬੇ ਅਤੇ ਦੇਸੀ ਵਿਦੇਸ਼ੀ ਲੁੱਟ ਦੇ ਮੁਕੰਮਲ ਖ਼ਾਤਮੇ ਲਈ ਵੱਡੇ ਸੰਘਰਸ਼ 'ਚ ਬਦਲਣਾ ਚਾਹੀਦਾ ਹੈ | ਆਗੂਆਂ ਨੇ ਮੰਗਾਂ ਲਈ ਅਗਲੇ ਦਿਨਾਂ 'ਚ ਬਠਿੰਡਾ, ਬਰਨਾਲਾ, ਮਾਨਸਾ, ਮੋਗਾ, ਸੰਗਰੂਰ, ਮੁਕਤਸਰ, ਮੁੱਲਾਪੁਰ ਆਦਿ ਇਲਾਕਿਆਂ 'ਚ ਇਕੱਤਰਤਾਵਾਂ ਅਤੇ ਪ੍ਰਦਰਸ਼ਨਾਂ 'ਚ ਲੋਕਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ |