ਬਠਿੰਡਾ, 31 ਮਈ (ਸੱਤਪਾਲ ਸਿੰਘ ਸਿਵੀਆਂ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦੇ ਮੈਂਬਰ ਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਖਿਲਾਫ ਵਿੱਢੀ ਜੰਗ 'ਤੇ ਉਂਗਲ ਖੜ੍ਹੀ ਕਰਦੇ ਹੋਏ ਕਿਹਾ ਕਿ ਵੱਡੇ ਸਮੱਗਲਰਾਂ ਨੂੰ ਹੱਥ ਪਾਉਣ ਦੀ ਬਜਾਏ ਨਸ਼ੇ ਦੇ ਆਦੀ ਹੋਏ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਪਿਛਲੇ ਦਿਨਾਂ 'ਚ ਨਸ਼ੇ ਸਬੰਧੀ ਧੜਾ-ਧੜ ਦਰਜ ਕੀਤੇ ਗਏ ਮੁਕੱਦਮਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਅਜੇ ਤੱਕ ਇਨ੍ਹਾਂ ਮੁਕੱਦਮਿਆਂ 'ਚ ਨਸ਼ੇ ਦੇ ਵੱਡੇ ਸਮੱਗਲਰਾਂ ਦੇ ਨਾਂਅ ਸਾਹਮਣੇ ਨਹੀਂ ਆਏ ਹਨ ਤੇ ਇਨ੍ਹਾਂ ਕੇਸਾਂ ਦਾ ਸਾਹਮਣਾ ਕਰਨ ਵਾਲੇ ਜ਼ਿਆਦਾਤਰ ਲੋਕਾਂ ਦੀ ਗਿਣਤੀ ਨਸ਼ਾ ਕਰਨ ਵਾਲਿਆਂ ਦੀ ਹੈ | ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੋਧੀ ਮੁਹਿੰਮ ਸਿਰਫ਼ ਖਾਨਾਪੂਰਤੀ ਹੀ ਨਜ਼ਰ ਆਉਣ ਲੱਗੀ ਹੈ ਤੇ ਬੀਤੇ ਦਿਨੀਂ ਬਠਿੰਡਾ ਵਿਖੇ ਨਸ਼ੇ ਦੇ ਸ਼ੱਕ ਦੇ ਆਧਾਰ 'ਤੇ ਸੀ.ਆਈ.ਏ. ਸਟਾਫ਼ ਵਲੋਂ ਪੁਲਿਸ ਹਿਰਾਸਤ 'ਚ ਲਏ ਗਏ ਗੋਨਿਆਣਾ ਮੰਡੀ ਦੇ ਨੌਜਵਾਨ ਨਰਿੰਦਰਦੀਪ ਸਿੰਘ ਉਰਫ਼ ਨੰਨੂ ਦੀ ਹੋਈ ਮੌਤ ਨੇ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਵੀ ਸ਼ੱਕੀ ਬਣਾ ਦਿੱਤਾ ਹੈ, ਜਿਸ ਤੋਂ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਪੁਲਿਸ 'ਚਿੱਟੇ' ਦੀ ਆੜ ਹੇਠਾਂ ਸੂਬੇ 'ਚ ਮੁੜ ਕਾਲਾ ਦੌਰ ਦੁਹਰਾਉਣ ਦੇ ਰਾਹ ਤੁਰੀ ਹੋਈ ਹੈ ਤੇ ਰਾਹ ਜਾਂਦੇ ਆਮ ਲੋਕਾਂ ਨੂੰ ਸ਼ੱਕ ਦੇ ਆਧਾਰ 'ਤੇ ਚੁੱਕ ਕੇ ਉਨ੍ਹਾਂ 'ਤੇ ਕਹਿਰ ਢਾਹਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ 'ਚ ਪੁਲਿਸ ਨੂੰ ਪੂਰੀ ਘੋਖ-ਪੜਤਾਲ ਬਾਅਦ ਹੀ ਕਿਸੇ ਵਿਅਕਤੀ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਵਿਅਕਤੀ 'ਤੇ ਨਸ਼ਾ ਥੋਪਣ ਲਈ ਉਸ ਨੂੰ ਹਿਰਾਸਤ ਵਿਚ ਲੈ ਕੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨਾ ਚਾਹੀਦਾ ਹੈ | ਬਾਲਿਆਂਵਾਲੀ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨਸ਼ੇ ਦੇ ਸਖ਼ਤ ਵਿਰੁੱਧ ਹੈ ਪਰ ਇਸ ਦੀ ਆੜ 'ਚ ਪੁਲਿਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |