ਤਲਵੰਡੀ ਸਾਬੋ, 21 ਦਸੰਬਰ (ਰਣਜੀਤ ਸਿੰਘ ਰਾਜੂ)- ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ, ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ ਅਤੇ ਡਾ. ਆਰ.ਐਸ. ਅਟਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਾਮੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵੱਲੋਂ ਪ੍ਰਸਿੱਧ ਧਾਰਮਿਕ ਸੰਸਥਾ ਲੰਗਰ ਬੁੰਗਾ ਮਸਤੂਆਣਾ ਧਾਰਮਿਕ ਮਹਾਂ ਵਿਦਿਆਲਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਬਠਿੰਡਾ ਇਕਾਈ/ਮਾਲਵਾ ਜੋਨ ਪ੍ਰਧਾਨ ਪ੍ਰੋ: ਜਸਵੰਤ ਸਿੰਘ ਬਰਾੜ ਨੇ ਕੀਤਾ | ਸੰਸਥਾ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਕੈਂਪ ਵਿੱਚ ਅੱੈਸ ਪੀ ਮਲਟੀ ਸਪੈਸ਼ਲਿਟੀ ਹਸਪਤਾਲ ਮੌੜ ਮੰਡੀ ਦੇ ਡਾਕਟਰਾਂ ਵਲੋਂ ਵੱਡੀ ਗਿਣਤੀ ਮਰੀਜ਼ਾਂ ਦੀ ਜਾਂਚ ਕੀਤੀ ਗਈ | ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਮੁਫ਼ਤ ਦਿੱਤੀਆਂ ਗਈਆਂ | ਆਪੇ੍ਰਸ਼ਨ ਯੋਗ ਪਾਏ ਗਏ ਮਰੀਜ਼ਾਂ ਦਾ ਚਿੱਟੇ ਮੋਤੀਏ ਦਾ ਓਪਰੇਸ਼ਨ 22 ਦਸੰਬਰ ਨੂੰ ਐੱਸ.ਪੀ ਹਸਪਤਾਲ ਮੌੜ ਮੰਡੀ ਵਿਖੇ ਕੀਤਾ ਜਾਵੇਗਾ | ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਟਰੱਸਟ ਵੱਲੋਂ ਹਰ 15 ਦਿਨਾਂ ਬਾਅਦ ਇਸ ਤਰ੍ਹਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ | ਟਰੱਸਟ ਵਲੋਂ ਬਠਿੰਡਾ ਜ਼ਿਲੇ੍ਹ ਵਿਚ ਹਰ ਮਹੀਨੇ ਲਗਭਗ 300 ਲੋੜਵੰਦ ਲੋਕਾਂ ਨੂੰ 750 ਰੁ. ਤੋਂ ਲੈ ਕੇ 3000 ਰੁ. ਤੱਕ ਪੈਨਸ਼ਨ ਵੀ ਦਿੱਤੀ ਜਾਂਦੀ ਹੈ | ਟਰੱਸਟ ਦੀ ਖ਼ਾਸੀਅਤ ਇਹ ਹੈ ਕਿ ਟਰੱਸਟ ਵੱਲੋਂ ਕਿਸੇ ਤੋਂ ਕੋਈ ਦਾਨ ਨਹੀਂ ਲਿਆ ਜਾਂਦਾ ਸਗੋਂ ਸਾਰਾ ਖਰਚਾ ਡਾ.ਐਸ.ਪੀ. ਸਿੰਘ ਓਬਰਾਏ ਆਪਣੀ ਨੇਕ ਕਮਾਈ ਵਿਚੋਂ ਕਰ ਰਹੇ ਹਨ |ਟਰੱਸਟ ਵੱਲਾੋ ਬਠਿੰਡਾ ਜ਼ਿਲੇ੍ਹ ਦੇ ਵੱਖ-ਵੱਖ ਖੇਤਰਾਂ 'ਚ 9 ਲੈਬੋਰੇਟਰੀਆਂ ਚਲਾਈਆਂ ਜਾ ਰਹੀਆਂ ਹਨ ਜਿੱਥੇ ਮਾਰਕੀਟ ਰੇਟ ਦੇ 10ਵੇਂ ਹਿੱਸੇ ਤੇ ਮੈਡੀਕਲ ਟੈੱਸਟ ਕੀਤੇ ਜਾਂਦੇ ਹਨ | ਕੈਂਪ ਦੌਰਾਨ ਰਘਵੀਰ ਸ਼ਰਮਾ, ਬਲਵੀਰ ਸਿੰਘ, ਪਰਮਜੀਤ ਸਿੰਘ ਢਿੱਲਾੋ, ਸੁਰਿੰਦਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ, ਪ੍ਰੀਤਮ ਸਿੰਘ, ਸੁਖਮੰਦਰ ਸਿੰਘ ਸੇਵਾਮੁਕਤ ਮੁੱਖ ਅਧਿਆਪਕ ਤੋਂ ਇਲਾਵਾ ਕਈ ਮੁਹਤਬਰ ਮੌਜੂਦ ਰਹੇ | ਕੈਂਪ ਪ੍ਰਬੰਧਕਾਂ ਨੇ ਗੁਰਦੁਆਰਾ ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ ਅਤੇ ਸਕੱਤਰ ਭਾਈ ਸੰਤ ਸਿੰਘ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ |