ਕੋਟਫੱਤਾ, 21 ਦਸੰਬਰ (ਰਣਜੀਤ ਸਿੰਘ ਬੁੱਟਰ)-ਪਿੰਡ ਕਟਾਰ ਵਾਲਾ ਵਿਖੇ ਬਣੇ ਗਰੁੱਪ ਵਿਹਲੀ ਜਨਤਾ ਦੇ ਮੈਂਬਰਾਂ ਵਲੋਂ ਪਿੰਡ ਦੀ ਧਰਮਸ਼ਾਲਾ ਵਿਚ ਸੱਤਵਾਂ ਸਾਲਾਨਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ-ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ | ਇਸ ਮੌਕੇ ਤਿੰਨੇ ਦਿਨ ਪੂਰੀ ਸ਼ਰਧਾ ਭਾਵਨਾ ਨਾਲ ਸੰਗਤਾਂ ਨੇ ਲੰਗਰਾਂ ਦੀ ਸੇਵਾ ਕੀਤੀ | ਆਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਗਰੁੱਪ ਮੈਂਬਰਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਕਟਾਰ ਸਿੰਘ ਵਾਲਾ ਦੇ ਛੋਟੇ-ਛੋਟੇ 6 ਬੱਚਿਆਂ ਨੂੰ 'ਨਵੀਆਂ ਕਲਮਾਂ ਨਵੀਂ ਉਡਾਣ' ਪੁਸਤਕ ਜੋ ਕੈਨੇਡਾ ਦੇ (ਸਰੀ) ਸ਼ਹਿਰ ਤੋਂ ਸੁੱਖੀ ਬਾਠ ਦੁਆਰਾ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਵਿਚ ਛਪੀਆਂ ਲਿਖਤਾਂ ਬਦਲੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੀਆਂ ਧਾਰਮਿਕ ਪੁਸਤਕਾਂ ਵੀ ਵੰਡੀਆਂ ਗਈਆਂ | ਸਮਾਗਮ ਵਿਚ ਵਿਹਲੀ ਜਨਤਾ ਗਰੁੱਪ ਦੇ ਸਾਰੇ ਅਹੁਦੇਦਾਰਾਂ ਮਨਦੀਪ ਸਿੰਘ, ਦਿਲਜੀਤ ਸਿੰਘ, ਜਗਸੀਰ ਸਿੰਘ ਸਿੱਧੂ, ਗੁਰਜੰਟ ਸਿੰਘ, ਜਗਪ੍ਰੀਤ ਸਿੰਘ, ਜੈਵੀਰ ਸ਼ਰਮਾ, ਹੈਪੀ, ਮਨਦੀਪ ਸਿੰਘ ਸਿੱਧੂ, ਮਨਦੀਪ ਕੁਮਾਰ, ਰੋਮੀ ਸ਼ਰਮਾ, ਗੁਰਸਿਮਰਨ ਸਿੰਘ ਸਿੱਧੂ, ਕੁਲਦੀਪ ਸਿੰਘ, ਗੁਰਵਿੰਦਰ ਸ਼ਰਮਾ, ਲਖਵਿੰਦਰ ਸ਼ਰਮਾ, ਰਾਜਵੀਰ ਸਿੰਘ ਤੇ ਸੰਦੀਪ ਸਿੰਘ ਤੋਂ ਇਲਾਵਾ ਸੈਂਟਰ ਹੈੱਡ ਟੀਚਰ ਰਣਵੀਰ ਸਿੰਘ ਕੋਟਸ਼ਮੀਰ ਪਿੰਡ ਦੀ ਪੰਚਾਇਤ ਤੇ ਹੋਰ ਰਾਜਨੀਤਕ ਆਗੂ ਹਾਜ਼ਰ ਸਨ |