ਲਹਿਰਾ ਮੁਹੱਬਤ, 21 ਦਸੰਬਰ (ਸੁਖਪਾਲ ਸਿੰਘ ਸੁੱਖੀ)-ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਠਿੰਡਾ ਦੇ ਸਮੂਹ ਸਰਕਾਰੀ ਸਕੂਲਾਂ 'ਚ ਸਿੱਖਿਆ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਕਮ ਨੋਡਲ ਅਫ਼ਸਰ ਬਠਿੰਡਾ ਸੁਸ਼ੀਲ ਨਾਥ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਚਮਕੌਰ ਸਿੰਘ ਸਿੱਧੂ ਦੀ ਅਗਵਾਈ ਤੇ ਨਿਗਰਾਨੀ ਹੇਠ ਰਾਮਪੁਰਾ ਅਤੇ ਗੋਨਿਆਣਾ ਬਲਾਕ ਦੇ ਵੱਖ-ਵੱਖ ਸਕੂਲਾਂ ਦਾ ਦੌਰੇ ਸਮੇਂ ਸਰਕਾਰੀ ਹਾਈ ਸਮਾਰਟ ਸਕੂਲ ਲਹਿਰਾ ਬੇਗਾ ਵਿਖੇ ਮਾਪੇ-ਅਧਿਆਪਕ ਮਿਲਣੀ ਦੌਰਾਨ ਬੋਲਦਿਆਂ ਸੁਸ਼ੀਲ ਨਾਥ ਨੇ ਕਿਹਾ ਕਿ ਵਿਭਾਗ ਵਲੋਂ ਰੱਖੀ ਗਈ ਮੈਗਾ ਪੀ.ਟੀ.ਐਮ ਦਾ ਮੁੱਖ ਮਕਸਦ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਵਿਚ ਬਿਹਤਰ ਤਾਲਮੇਲ ਬਣਾਉਣਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਦੇ ਨਾਲ-ਨਾਲ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ | ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਦੇ ਹੈੱਡਮਾਸਟਰ ਕੁਲਵਿੰਦਰ ਸਿੰਘ ਅਤੇ ਸਮੂਹ ਸਟਾਫ਼ ਵਲੋਂ ਕੀਤੇ ਜਾ ਰਹੇ ਉੱਦਮਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਮਾਪੇ ਅਧਿਆਪਕ ਮਿਲਣੀ ਦੌਰਾਨ ਅਧਿਆਪਕਾਂ ਵਲੋਂ ਮਾਪਿਆਂ ਨਾਲ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਸਾਂਝੀ ਕੀਤੀ ਗਈ ਹੈ | ਵਿਭਾਗ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ ਗਿਆ | ਸਰਕਾਰੀ ਸਕੂਲਾਂ ਦੇ ਬੇਹਤਰੀਨ ਬੁਨਿਆਦੀ ਢਾਂਚੇ ਕਰੀਅਰ, ਵਜ਼ੀਫ਼ਿਆਂ, ਬੱਚਿਆਂ ਦੀਆਂ ਰੁਚੀਆਂ ਅਤੇ ਕਲਾਵਾਂ ਬਾਰੇ ਮਾਪਿਆਂ ਨੂੰ ਜਾਣੂ ਕਰਵਾਇਆ | ਮਾਪੇ-ਅਧਿਆਪਕ ਮਿਲਣੀ ਵਿੱਦਿਅਕ ਸੰਸਥਾਵਾਂ ਦੇ ਪ੍ਰਬੰਧ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ | ਇਸ ਤਰ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਦੀ ਭਾਗੀਦਾਰੀ ਨਾਲ ਸਕੂਲ ਪ੍ਰਬੰਧ ਹੋਰ ਵੀ ਬਿਹਤਰ ਬਣਦੇ ਹਨ | ਇਸ ਮੌਕੇ ਡੀ.ਆਰ.ਪੀ ਬਾਲ ਕਿ੍ਸ਼ਨ ਅਗਰਵਾਲ ਵੀ ਸ਼ਾਮਲ ਹੋਏ | ਇਸ ਸਮੇਂ ਸਕੂਲ ਦੇ ਮੁਖੀ ਕੁਲਵਿੰਦਰ ਸਿੰਘ ਕਟਾਰੀਆ ਨੇ ਆਏ ਮਹਿਮਾਨਾਂ ਸਕੂਲ ਮੈਨੇਜਮੈਂਟ ਕਮੇਟੀ, ਵਿਦਿਆਰਥੀਆਂ ਦੇ ਮਾਪਿਆਂ ਅਤੇ ਪੀ.ਟੀ.ਐਮ ਨੂੰ ਸਫ਼ਲ ਬਣਾਉਣ ਲਈ ਯਤਨ ਕਰਨ ਵਾਲੇ ਸਮੂਹ ਸਟਾਫ਼ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ | ਇਸ ਮੌਕੇ ਕੁਲਦੀਪ ਕੌਰ, ਪਰਮਜੀਤ ਕੌਰ, ਕਰੁਣਾ ਗਰਗ, ਅਮਨਦੀਪ ਕੌਰ, ਰਮਨਪ੍ਰੀਤ ਕੌਰ, ਸ਼ਾਲੂ ਰਾਣੀ, ਸ਼ਵੇਤਾ ਸ਼ਰਮਾ, ਰਸ਼ਮੀ, ਪ੍ਰਤਿਭਾ ਸ਼ਰਮਾ, ਜਗਦੀਪ ਸਿੰਘ, ਰੂਪ ਚੰਦ ਤੇ ਰੁਪਿੰਦਰ ਸਿੰਘ ਹਾਜ਼ਰ ਸਨ |