ਮਲੌਦ, 1 ਜੂਨ (ਸਹਾਰਨ ਮਾਜਰਾ)- ਮਾਂ ਦਾ ਰਿਸ਼ਤਾ ਤੇ ਰੁਤਬਾ ਇਨ੍ਹਾਂ ਮਹਾਨ ਅਤੇ ਪਵਿੱਤਰ ਹੈ ਕਿ ਦੁਨੀਆਂ ਭਰ ਵਿਚ ਕੋਈ ਵੀ ਰਿਸ਼ਤਾ ਇਸ ਦੇ ਤੁੱਲ ਵੀ ਨਹੀਂ ਕਿਉਂਕਿ ਮਾਂ ਦੀ ਗੋਦ ਵਿਚਲਾ ਸਰਦੀ ਵਿਚ ਨਿੱਘ ਅਤੇ ਤਪਦੀ ਗਰਮੀ ਵਿਚ ਠੰਡਕ ਨਾਲ ਹੀ ਮਿਸਾਲ ਕਿਧਰੇ ਵੀ ਨਹੀਂ ਮਿਲ ਸਕਦੀ | ਇਹ ਵਿਚਾਰ ਬਾਬਾ ਗੁਲਾਬ ਸਿੰਘ ਨੇ ਸੰਤ ਕੁਲਦੀਪ ਸਿੰਘ ਮਜਾਰੀ ਦੀ ਮਾਤਾ ਦਰਸ਼ਨ ਕੌਰ ਦਿਹਾਂਤ 'ਤੇ ਦੁੱਖ ਸਾਂਝਾ ਕਰਨ ਸਮੇਂ ਪ੍ਰਗਟਾਏ | ਉਨ੍ਹਾਂ ਕਿਹਾ ਕਿ ਮਾਂ ਦੇ ਰੁਤਬੇ ਅੱਗੇ ਹਰੇਕ ਦਾ ਸਿਰ ਝੁਕਦਾ ਹੈ ਕਿ ਜਿਸ ਨੇ ਗੁਰੂ ਸਾਹਿਬਾਨਾਂ, ਸੰਤਾਂ, ਪੀਰਾਂ, ਫ਼ਕੀਰਾਂ, ਯੋਧਿਆਂ, ਸਿੱਖਿਆ ਗੁਰੂਆਂ ਆਦਿ ਨੂੰ ਜਨਮ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਨੇ ਤਰੱਕੀ ਦੀਆਂ ਪੌੜੀਆਂ ਚੜ੍ਹਨਾ ਹੈ ਤਾਂ ਕਿਤੇ ਜਾਣ ਦੀ ਲੋੜ ਨਹੀਂ ਸਗੋਂ ਮਾਤਾ ਪਿਤਾ ਦੇ ਚਰਨਾਂ ਦੀ ਧੂੜ ਮੱਥੇ ਲਗਾ ਕੇ ਅਤੇ ਉਨ੍ਹਾਂ ਦੀ ਸੇਵਾ ਕਰਕੇ ਦੁਨੀਆਂ ਜਿੱਤੀ ਜਾ ਸਕਦੀ ਹੈ | ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਸਵੰਤ ਸਿੰਘ ਬੜੈਚ ਨੇ ਚਿੰਤਾ ਜ਼ਹਿਰ ਕੀਤੀ ਕਿ ਅੱਜ ਸਮਾਜ ਦੇ ਇਕ ਹਿੱਸੇ ਦੀਆਂ ਮਾਵਾਂ ਆਪਣਾ ਸਹੀ ਰੋਲ ਅਤੇ ਭੂਮਿਕਾ ਨਹੀਂ ਨਿਭਾ ਰਹੀਆਂ | ਉਨ੍ਹਾਂ ਅਪੀਲ ਕੀਤੀ ਕਿ ਮਾਪੇ ਆਪਣੇ ਬੱਚਿਆਂ ਤੇ ਹਰ ਪਲ ਨਜ਼ਰ ਰੱਖਣ | ਜਿਸ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ | ਇਸ ਮੌਕੇ ਸੰਤ ਮਨੀ ਸਿੰਘ ਪਿਹੋਵਾ, ਅਸਿਸਟੈਂਟ ਡਾਇਰੈਕਟਰ ਇੰਜ. ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ, ਸੁੱਖਾ ਸਿੰਘ ਆਦਿ ਵੀ ਹਾਜ਼ਰ ਸਨ |