ਖੰਨਾ, 1 ਮਈ (ਮਨਜੀਤ ਸਿੰਘ ਧੀਮਾਨ)-ਪੁਲਸ ਜ਼ਿਲ੍ਹਾ ਖੰਨਾ ਐਸ. ਐਸ. ਪੀ. ਡਾਕਟਰ ਜਯੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ. ਐਸ. ਪੀ. (ਟਰੈਫ਼ਿਕ) ਕਰਮਵੀਰ ਤੂਰ ਨੇ ਰਾਤ ਸਮੇਂ ਵੱਖ-ਵੱਖ ਥਾਣਿਆਂ, ਜੀ. ਟੀ. ਰੋਡ ਤੇ ਲਗਾਏ ਗਏ ਨਾਕਿਆਂ ਦੀ ਜਾਂਚ, ਰੈਪਿਡ ਰੂਰਲ ਰਿਸਪਾਂਸ ਅਤੇ ਪੀ. ਸੀ. ਆਰ. ਟੀਮਾਂ ਦੇ ਕੰਮਕਾਜ ਦੀ ਜਾਂਚ ਕੀਤੀ ਅਤੇ ਫੋਰਸ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ | ਉਨ੍ਹਾਂ ਕਿਹਾ ਕਿ ਨਾਈਟ ਡੋਮੀਨੇਸ਼ਨ ਆਪ੍ਰੇਸ਼ਨ ਜੋ ਕਿ ਰੋਜ਼ਾਨਾ ਅਧਾਰ 'ਤੇ ਚਲਾਇਆ ਜਾ ਰਿਹਾ ਹੈ, ਦੌਰਾਨ ਪੂਰੀ ਫੋਰਸ ਨੂੰ ਅਲਰਟ ਤੇ ਰੱਖਿਆ ਜਾ ਰਿਹਾ ਹੈ ਅਤੇ ਸਖ਼ਤ ਜਾਂਚ ਕੀਤੀ ਜਾ ਰਹੀ ਹੈ | ਖੰਨਾ ਪੁਲਿਸ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਘੱਲੂ ਘਾਰੇ ਦੇ ਮੱਦੇ ਨਜ਼ਰ ਸੁਰੱਖਿਆ ਦੇ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ | ਇਸ ਤਹਿਤ ਵੱਖ-ਵੱਖ ਅੰਦਰੂਨੀ ਅਤੇ ਬਾਹਰੀ ਖੇਤਰਾਂ ਵਿਚ ਸਥਿਤ ਚੌਕੀਆਂ/ਗਸ਼ਤ ਟੀਮਾਂ, ਪੀਸੀਆਰ ਵਾਹਨਾਂ, ਪੁਲਸ ਥਾਣਿਆਂ ਅਤੇ ਪੁਲਸ ਚੌਕੀਆਂ 'ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਖੰਨਾ ਪੁਲਸ ਆਪਣੀ ਡਿਊਟੀ ਪੂਰੀ ਮੁਸਤੈਦੀ ਅਤੇ ਚੌਕਸੀ ਨਾਲ ਨਿਭਾ ਰਹੀ ਹੈ | ਇਸ ਮੌਕੇ ਉਨ੍ਹਾਂ ਪੁਲਸ ਮੁਲਾਜ਼ਮਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਡਿਊਟੀ ਪ੍ਰਤੀ ਹੋਰ ਉਤਸ਼ਾਹਿਤ ਕੀਤਾ | ਉਨ੍ਹਾਂ ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਸ਼ਰਾਰਤੀ ਅਨਸਰਾਂ ਤੇ ਸਖ਼ਤ ਨਜ਼ਰ ਰੱਖਣ ਦੇ ਨਿਰਦੇਸ਼ ਵੀ ਦਿੱਤੇ | ਕਿਸੇ ਵੀ ਮਾੜੇ ਅਨਸਰ ਨੂੰ ਸ਼ਹਿਰ ਅਤੇ ਪਿੰਡਾਂ ਵਿਚ ਮਾਹੌਲ ਖ਼ਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਜੋ ਵੀ ਉਲੰਘਣਾ ਕਰੇਗਾ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਪੀ. ਸੀ. ਆਰ. ਟੀਮ ਦੇ ਏ ਐਸ ਆਈ ਸਿਕੰਦਰ ਸਿੰਘ ਮਾਹਲ, ਏ. ਐਸ. ਆਈ. ਸੁਖਵਿੰਦਰ ਸਿੰਘ, ਕਾਂਸਟੇਬਲ ਜਤਿੰਦਰ ਸਿੰਘ ਅਤੇ ਕਾਂਸਟੇਬਲ ਅਮਨਦੀਪ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਆਦਿ ਹਾਜ਼ਰ ਸਨ |