ਚੌਂਕੀਮਾਨ, 3 ਸਤੰਬਰ (ਤੇਜਿੰਦਰ ਸਿੰਘ ਚੱਢਾ)-ਇਲਾਕਾ ਚੌਂਕੀਮਾਨ ਵਿਖੇ ਪਿਛਲੇ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਲਗਾਤਾਰ ਬਾਰਿਸ਼ ਹੋਣ ਕਾਰਨ ਪਿੰਡ ਚੌਂਕੀਮਾਨ ਦੀਆਂ ਗਲੀਆਂ-ਨਾਲੀਆਂ ਸਮੇਤ ਰਸਤੇ ਪਾਣੀ ਨਾਲ ਭਰੇ ਪਏ ਹਨ | ਬਾਰਿਸ਼ ਦੇ ਪਾਣੀ ਨਾਲ ਛੱਪੜ ਵੀ ਭਰ ਚੁੱਕਾ ਹੈ | ਬਾਰਿਸ਼ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ੍ਹ ਰਿਹਾ ਹੈ | ਇਸ ਮੌਕੇ ਡਾ. ਹਰਜਿੰਦਰ ਸਿੰਘ ਗੋਗੀ ਚੌਂਕੀਮਾਨ ਤੇ ਸੰਤ ਸਿੰਘ ਚੌਂਕੀਮਾਨ ਨੇ ਰਸਤਿਆਂ ਵਿਚ ਖੜੇ੍ਹ ਪਾਣੀ ਨੂੰ ਦਿਖਾਉਂਦੇ ਹੋਇਆ ਦੱਸਿਆ ਕਿ ਪਿਛਲੇ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਗੁਰਦੁਆਰਾ ਪੱਤੀ ਮਾਨ ਤੇ ਗੁਰਦੁਆਰਾ ਭਗਤ ਰਵਿਦਾਸ ਸਮੇਤ ਵਾਲਮੀਕ ਮੰਦਰ ਅੱਗੇ ਪਾਣੀ ਖੜਿ੍ਹਆ ਹੋਇਆ ਹੈ | ਇਸ ਦੇ ਨਾਲ ਹੀ ਬਾਰਿਸ਼ ਦੇ ਪਾਣੀ ਨਾਲ ਗਲੀਆਂ ਭਰੀਆਂ ਪਈਆਂ ਹਨ ਤੇ ਪੱਤੀ ਮਾਨ ਦਾ ਛੱਪੜ ਵੀ ਭਰ ਗਿਆ ਹੈ ਜੋ ਕਿ ਓਵਰਫਲੋਅ ਹੋ ਕੇ ਪਾਣੀ ਬਾਹਰ ਆ ਰਿਹਾ ਹੈ ਤੇ ਬਾਰਿਸ਼ ਦਾ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਵੜ੍ਹ ਗਿਆ ਹੈ | ਉਨ੍ਹਾਂ ਨੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਹਲਕਾ ਦੇ 'ਆਪ' ਦੇ ਇੰਚਾਰਜ ਡਾ. ਕੰਵਲ ਨੈਨ ਸਿੰਘ ਕੰਗ, ਹਲਕਾ ਦਾਖਾ ਦੇ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਮੁਸ਼ਕਿਲ ਦਾ ਹੱਲ ਜਲਦ ਕਰਨ | ਇਸ ਮੌਕੇ ਪਿੰਡ ਚੌਂਕੀਮਾਨ ਦੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਮੁਸ਼ਕਿਲ ਦਾ ਹੱਲ ਜਲਦ ਕਰ ਦਿੱਤਾ ਜਾਵੇਗਾ ਤੇ ਛੱਪੜ ਨੂੰ ਵੀ ਖਾਲੀ ਕਰ ਦਿੱਤਾ ਜਾਵੇਗਾ |