ਖੰਨਾ, 4 ਸਤੰਬਰ (ਹਰਜਿੰਦਰ ਸਿੰਘ ਲਾਲ)-ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਵਲੋਂ ਖੰਨਾ ਤੋਂ ਫ਼ਾਜ਼ਿਲਕਾ ਜ਼ਿਲੇ੍ਹ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ 'ਚ ਪਸ਼ੂ ਧਨ ਦੀ ਮਦਦ ਲਈ ਰਾਹਤ ਸਮਗਰੀ ਵਜੋਂ ਦੂਜਾ ਫੀਡ ਦਾ ਇਕ ਟਰੱਕ ਰਵਾਨਾ ਕੀਤਾ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਪੰਜਾਬ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਹੈ | ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਪੰਜਾਬ ਵਾਸੀ, ਪਿੰਡਾਂ ਵਿਚੋਂ ਉੱਠ ਕੇ ਵੱਡੀ ਮਾਤਰਾ 'ਚ ਰਾਹਤ ਸਮਗਰੀ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਭੇਜ ਰਹੇ ਹਨ | ਖ਼ਾਸ ਤੌਰ 'ਤੇ ਪੰਜਾਬ ਦੇ ਸਰਹੱਦੀ ਇਲਾਕਾ, ਸਤਲੁਜ, ਰਾਵੀ ਦੇ ਕੰਢਿਆਂ 'ਤੇ ਲੱਗਦੇ ਇਲਾਕੇ ਪ੍ਰਭਾਵਿਤ ਹੋਏ ਸਨ ਪਰ ਹੁਣ ਘੱਗਰ ਦਰਿਆ ਨਾਲ ਲੱਗਦੇ ਇਲਾਕੇ ਪ੍ਰਭਾਵਿਤ ਹੋ ਗਏ ਹਨ | ਮੰਤਰੀ ਸੌਂਧ ਨੇ ਕਿਹਾ ਕਿ ਖੰਨਾ ਇਲਾਕੇ ਦੀ ਸੰਗਤ ਦੇ ਸਾਂਝੇ ਉਪਰਾਲੇ ਨਾਲ, ਅਸੀਂ ਖੰਨਾ ਤੋਂ ਫੀਡ ਦਾ ਦੂਜਾ ਟਰੱਕ ਭਰ ਕੇ ਭੇਜ ਰਹੇ ਹਾਂ | ਇਹ ਸਾਰੀ ਰਾਹਤ ਸਮਗਰੀ ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੰਡੀ ਜਾਵੇਗੀ | ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਸਰਕਾਰ ਦੇ ਸਾਰੇ ਅਧਿਕਾਰੀ ਇਸ ਕੁਦਰਤੀ ਆਫ਼ਤ ਨਾਲ ਨਿਪਟਣ ਲਈ ਆਪਣਾ ਕੰਮ ਕਰ ਰਹੇ ਹਨ |