ਮਾਛੀਵਾੜਾ ਸਾਹਿਬ, 5 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਆਏ ਹੜ੍ਹਾਂ ਕਾਰਨ ਸਮੁੱਚੇ ਪੰਜਾਬੀਆਂ ਦਾ ਬਹੁਤ ਨੁਕਸਾਨ ਹੋਇਆ | ਉਥੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਫ਼ਸਲਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ | ਇਹ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਕੁਮਾਰ ਕੁੰਦਰਾ ਨੇ ਕਿਹਾ ਕਿ ਦਰਿਆ ਦੇ ਨਾਲ ਲੱਗਦੇ ਕਈ ਕਿਸਾਨਾਂ ਦੀਆਂ ਜ਼ਮੀਨਾਂ ਪਾਣੀ 'ਚ ਡੁੱਬ ਚੁੱਕੀਆਂ ਹਨ | ਇਸ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਹੜ੍ਹਾਂ ਕਾਰਨ ਵੱਡੀ ਤਬਾਹੀ, ਜਿਸ 'ਚ ਲੋਕਾਂ ਦੇ ਪਸ਼ੂ ਮਰ ਗਏ, ਘਰ ਢਹਿ-ਢੇਰੀ ਹੋ ਗਏ ਅਤੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ | ਉਨ੍ਹਾਂ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰ ਕਿਸਾਨਾਂ ਤੇ ਲੋਕਾਂ ਦਾ ਹੜ੍ਹਾਂ ਦੌਰਾਨ ਜੋ ਵੀ ਨੁਕਸਾਨ ਹੋਇਆ ਹੈ, ਉਸ ਦਾ ਬਣਦਾ ਮੁਆਵਜ਼ਾ ਜਲਦ ਦੇਵੇ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰਤੀ ਏਕੜ 50 ਤੋਂ 70 ਹਜ਼ਾਰ ਮੁਆਵਜ਼ਾ ਦਿੱਤਾ ਜਾਵੇ | ਕੁੰਦਰਾ ਨੇ ਕਿਹਾ ਕਿ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਹਰ ਵਿਅਕਤੀ ਸੰਭਵ ਯੋਗਦਾਨ ਪਾ ਰਿਹਾ ਹੈ | ਇੱਥੇ ਹੀ ਸਤਲੁਜ ਦਰਿਆ ਨੇੜ੍ਹੇ ਪਿੰਡ ਫੱਸਿਆਂ, ਧੁੱਲੇਵਾਲ ਤੇ ਸਸਰਾਲੀ ਵਿਖੇ ਵੀ ਲੋਕਾਂ ਨੇ ਇਕੱਠੇ ਹੋ ਕੇ ਬੰਨ੍ਹ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ | ਜੇਕਰ ਇਹ ਕੋਸ਼ਿਸ਼ਾਂ ਨਾ ਹੁੰਦੀਆਂ ਤਾਂ ਆਸਪਾਸ ਪਿੰਡਾਂ ਦੇ ਹੜ੍ਹ ਦੀ ਚਪੇਟ ਵਿਚ ਆ ਜਾਣਾ ਸੀ |