ਡੇਹਲੋਂ, 23 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)- ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਵਿਸ਼ਵ ਪੰਜਾਬੀ ਦਿਵਸ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਮਨਾਇਆ ਗਿਆ | ਆਪਣਾ ਪੰਜਾਬ ਫਾਊਾਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਦੇ ਸੱਦੇ 'ਤੇ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਲੋਂ ਵਿਸ਼ਵ ਪੰਜਾਬੀ ਦਿਵਸ 'ਤੇ ਸਮਾਗਮ ਹੋਇਆ | ਪਿ੍ੰਸੀਪਲ ਬਿਪਨ ਸੇਠੀ ਨੇ ਦੱਸਿਆ ਕਿ ਇਸ ਦਿਨ ਸਮੂਹ ਸਟਾਫ਼ ਅਤੇ ਵਿਦਿਆਰਥੀ ਪੰਜਾਬੀ ਪਹਿਰਾਵੇ ਵਿਚ ਆਏ ਅਤੇ ਨਿਰੋਲ ਪੰਜਾਬੀ ਭਾਸ਼ਾ ਵਿਚ ਵਾਰਤਾਲਾਪ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੇ ਇੱਕ ਪੰਨਾ ਗੁਰਮੁਖੀ ਲਿੱਪੀ ਦਾ ਸੁੰਦਰ ਲਿਖਾਈ ਵਿਚ ਲਿਖ ਕੇ ਸੋਸ਼ਲ ਮੀਡੀਆ ਉੱਪਰ ਅੱਪਲੋਡ ਕੀਤਾ ਗਿਆ | ਵਿਦਿਆਰਥੀਆਂ ਨੇ ਕਵਿਤਾ ਉਚਾਰਨ, ਕਾਵਿ ਲੇਖਣ, ਨਿਬੰਧ ਲੇਖਣ, ਕਹਾਣੀ ਰਚਨਾ, ਵਾਦ-ਵਿਵਾਦ, ਭਾਸ਼ਣ ਮੁਕਾਬਲਾ, ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਮੁਕਾਬਲਾ, ਸ਼ਬਦ ਜੋੜ ਮੁਕਾਬਲਾ, ਬੋਲ-ਲਿਖਤ, ਸਵਾਲ-ਜਵਾਬ ਮੁਕਾਬਲਾ, ਪੋਸਟਰ ਮੁਕਾਬਲਾ, ਪੰਜਾਬੀ ਭਾਸ਼ਾ ਵਿੱਚ ਨਾਅਰਾ ਲਿਖਣਾ, ਅੱਖਰਕਾਰੀ ਮੁਕਾਬਲੇ ਵਿਚ ਭਾਗ ਲਿਆ | ਉਨ੍ਹਾਂ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਆਪਣਾ ਪੰਜਾਬ ਫਾਊਾਡੇਸ਼ਨ ਵਲੋਂ ਇਹ ਨਵਾਂ ਪ੍ਰੋਗਰਾਮ ਆਰੰਭ ਕੀਤਾ ਗਿਆ | ਇਸ ਸਮੇਂ ਡਾ. ਧੂਰੀ ਨੇ ਕਿਹਾ ਕਿ ਸਦੀਆਂ ਤੋਂ ਪੰਜਾਬੀਆਂ ਦੀ ਸਭਿਆਚਾਰਕ ਅਤੇ ਸਾਹਿਤਕ ਬੋਲੀ ਦਾ ਹੱਕ ਬਣਦਾ ਹੈ ਕਿ ਵਿਸ਼ਵ ਵਿਚ ਵੱਸਦੇ ਸਮੂਹ ਪੰਜਾਬੀਆਂ ਨੂੰ ਹਰ ਸਾਲ ਇਕ ਦਿਨ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣਾ ਚਾਹੀਦਾ ਹੈ | ਉਨ੍ਹਾਂ ਦੱਸਿਆਂ ਕਿ ਪੰਜਾਬੀ ਬੋਲੀ ਨੂੰ ਇਹ ਹੱਕ ਦੇਣ ਲਈ 'ਆਪਣਾ ਪੰਜਾਬ ਫਾਊਾਡੇਸ਼ਨ' ਵਲੋਂ ਬਾਬਾ ਫ਼ਰੀਦ ਦੇ ਆਗਮਨ ਦਿਵਸ ਨੂੰ ਸਮਰਪਿਤ ਹਰ ਸਾਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਗਿਆ ਸੀ | ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਪੰਜਾਬੀ ਦੇ ਪਹਿਲੇ ਸਿਰਮੌਰ ਕਵੀਆਂ ਵਿਚੋਂ ਹਨ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸਥਾਨ ਦੇ ਕੇ ਸਤਿਕਾਰਿਆ ਗਿਆ ਹੈ | ਇਸ ਸਮੇਂ ਸਕੂਲ ਮੈਨੇਜਮੈਂਟ ਨੇ ਇਸ ਦਿਵਸ ਨੂੰ ਮਨਾਉਣ ਦੀ ਪਹਿਲ ਕਰਨ 'ਤੇ ਡਾਕਟਰ ਜਗਜੀਤ ਸਿੰਘ ਧੂਰੀ ਦਾ ਵਿਸ਼ੇਸ਼ ਧੰਨਵਾਦ ਕੀਤਾ |