ਬੀਜਾ, 24 ਸਤੰਬਰ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਬੁੱਧਵਾਰ ਨੂੰ ਪਿੰਡ ਦਹਿੜੂ, (ਖੰਨਾ) ਵਿਖੇ ਪਰਾਲੀ ਪ੍ਰਬੰਧਨ ਅਤੇ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ | ਕੈਂਪ 'ਚ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਕੈਬਨਿਟ ਮੰਤਰੀ ਸੌਂਦ ਨੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਨ ਨਾਲ ਜਿੱਥੇ ਵਾਤਾਵਰਣ ਵਿਚ ਵਿਗਾੜ ਪੈਦਾ ਹੁੰਦਾ ਹੈ, ਉੱਥੇ ਇਸ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਮਨੁੱਖੀ ਸਿਹਤ, ਪਸ਼ੂਆਂ ਅਤੇ ਬਨਸਪਤੀ ਲਈ ਹਾਨੀਕਾਰਕ ਹੁੰਦਾ ਹੈ | ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦੀ ਬਜਾਏ ਨਵੀਆਂ ਇਜਾਦ ਕੀਤੀਆਂ ਖੇਤੀਬਾੜੀ ਮਸ਼ੀਨਾਂ ਨਾਲ ਸੁਚੱਜੀ ਸਾਂਭ-ਸੰਭਾਲ ਕਰਨ | ਸੌਂਦ ਨੇ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਅਤੇ ਅਗਾਂਹਵਧੂ ਕਿਸਾਨ ਮਨਦੀਪ ਸਿੰਘ ਪਿੰਡ ਦਹਿੜੂ, ਅਮਰਜੀਤ ਸਿੰਘ, ਪਿੰਡ ਰਤਨਹੇੜੀ, ਚਰਨਜੀਤ ਸਿੰਘ ਪਿੰਡ ਮੋਹਨਪੁਰ, ਦਵਿੰਦਰ ਸਿੰਘ ਪਿੰਡ ਲਿਬੜਾ ਅਤੇ ਗੁਰਇਕਬਾਲ ਸਿੰਘ ਪਿੰਡ ਗੰਢੂਆਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਉਪ ਮੰਡਲ ਮੈਜਿਸਟਰੇਟ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ, ਬਲਾਕ ਖੇਤੀਬਾੜੀ ਅਫ਼ਸਰ ਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ, ਪ੍ਰਧਾਨ ਹਰਪ੍ਰੀਤ ਸਿੰਘ ਭੋਲਾ ਦਹਿੜੂ, ਰਾਜਿੰਦਰਪਾਲ ਸਿੰਘ ਰਾਉ, ਮਾਸਟਰ ਅਵਤਾਰ ਸਿੰਘ, ਯਾਦਵਿੰਦਰ ਸਿੰਘ ਲਿਬੜਾ, ਓ.ਐਸ.ਡੀ ਕਰਨ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਅਮਰਿੰਦਰ ਸਿੰਘ ਚਾਹਲ, ਇੰਜੀਨੀਅਰ ਅਮਨਪ੍ਰੀਤ ਸਿੰਘ ਘਈ, ਏ. ਡੀ. ਓ ਨਵਜੋਤ ਕੌਰ, ਏ. ਡੀ. ਓ ਹਰਪੁਨੀਤ ਕੌਰ, ਏ.ਡੀ.ਓ ਸੰਦੀਪ ਸਿੰਘ, ਏ. ਡੀ. ਓ ਸਰਤਾਜ ਸਿੰਘ ਆਦਿ ਹਾਜ਼ਰ ਸਨ |