ਰਾੜਾ ਸਾਹਿਬ, 31 ਅਕਤੂਬਰ (ਪ੍ਰੀਤਮ ਸਿੰਘ ਮੁਕੰਦਪੁਰੀ)-ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਪਿੰਡ ਘਲੋਟੀ ਦੀ ਚੋਣ 'ਚ ਜਿਥੇ ਜ਼ੋਨ-1 'ਚੋਂ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਤੇ ਕਾਂਗਰਸ ਪਾਰਟੀ ਦੇ ਤਿੰਨ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ, ਉਥੇ ਆਮ ਆਦਮੀ ਪਾਰਟੀ ਨੂੰ ਦੋਵੇਂ ਉਮੀਦਵਾਰ ਹਾਰਨ ਕਰ ਕੇ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ | ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦੀ ਉਮੀਦਵਾਰ ਭੁਪਿੰਦਰ ਕੌਰ ਨੇ ਸਭ ਤੋਂ ਵੱਧ 38, ਬਲਜੀਤ ਸਿੰਘ 33, ਜਗਜੀਤ ਸਿੰਘ ਜੱਗਾ 31, ਇੰਦਰਜੀਤ ਸਿੰਘ 29 ਤੇ ਯਾਦਵਿੰਦਰ ਨੇ 25 ਵੋਟਾਂ ਹਾਸਿਲ ਕੀਤੀਆਂ ਜਦ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ 32, ਗੁਰਮੇਲ ਸਿੰਘ 24 ਤੇ ਬਲਵਿੰਦਰ ਕੌਰ 28 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੀ | ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਮੋਹਣ ਸਿੰਘ ਨੂੰ 15 ਅਤੇ ਮਿੱਤ ਸਿੰਘ ਨੂੰ ਸਿਰਫ਼ 9 ਹੀ ਮਿਲੀਆਂ | ਇਸੇ ਤਰ੍ਹਾਂ ਜ਼ੋਨ-2 ਪਿੰਡ ਕਰਤਾਰਪੁਰ ਜੋ ਕਿ ਇਸੇ ਸਭਾ ਨਾਲ ਜੁੜਿਆ ਹੋਇਆ ਹੈ, 'ਚੋਂ ਮਨਜੀਤ ਕੌਰ ਤੇ ਗੁਰਦੀਪ ਸਿੰਘ ਦੀ ਸਰਬਸੰਮਤੀ ਨਾਲ ਚੋਣ ਹੋਈ ਹੈ | ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਲਈ ਰਾਖਵੀਂ ਸੀਟ ਲਈ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਨਹੀਂ ਭਰੀ | ਇਸ ਸੰਬੰਧੀ ਜਥੇਦਾਰ ਬਲਵੰਤ ਸਿੰਘ ਘਲੋਟੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਸਰਪੰਚ ਜਸਪ੍ਰੀਤ ਸਿੰਘ ਜੱਸੀ ਨੇ ਦੱਸਿਆ ਕਿ ਇਹ ਚੋਣ ਲਗਪਗ ਪਿਛਲੇ 2 ਸਾਲ ਤੋਂ ਲੰਬਿਤ ਪਈ ਸੀ ਤੇ ਮਈ ਮਹੀਨੇ ਵਿਚ ਤਾਂ ਸਰਕਾਰ ਨੇ ਆਪਣੀ ਹਾਰ ਨੂੰ ਵੇਖਦਿਆਂ ਬਿਲਕੁਲ ਮੌਕੇ 'ਤੇ ਚੋਣ ਮੁਲਤਵੀ ਕਰ ਦਿੱਤੀ ਸੀ |