ਖੰਨਾ, 31 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸੀ. ਐੱਚ. ਸੀ. ਮਾਨੂੰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ ਵਲੋਂ ਸਮੂਹ ਫ਼ੀਲਡ ਸਟਾਫ਼ ਦੀ ਮੀਟਿੰਗ ਕਰ ਕੇ ਡੇਂਗੂ/ਚਿਕਨਗੁਨੀਆ ਸੰਬੰਧੀ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ | ਇਸ ਸਮੇਂ ਉਨ੍ਹਾਂ ਵਲੋਂ ਸਟਾਫ਼ ਨੂੰ ਡੇਂਗੂ ਸੰਬੰਧੀ ਗਤੀਵਿਧੀਆਂ 'ਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਗਈ | ਐੱਸ. ਐੱਮ. ਓ. ਡਾ. ਸੁਦੀਪ ਸਿੱਧੂ ਨੇ ਕਿਹਾ ਕਿ ਡੇਂਗੂ ਦੇ ਕੇਸਾਂ 'ਚ ਵਾਧਾ ਹੋ ਰਿਹਾ ਹੈ | ਇਸ ਲਈ ਹਰ ਇਕ ਵਿਅਕਤੀ ਨੂੰ ਡੇਂਗੂ ਤੋਂ ਬਚਾਓ ਸੰਬੰਧੀ ਸੁਚੇਤ ਰਹਿਣ ਦੀ ਲੋੜ ਹੈ | ਉਨ੍ਹਾਂ ਨੇ ਸਮੂਹ ਸਿਹਤ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਕਿ ਸੀ. ਐੱਚ. ਸੀ. ਮਾਨੂੰਪੁਰ ਅਧੀਨ ਏਰੀਏ ਵਿਚ ਪੰਚਾਇਤਾਂ ਦੇ ਸਹਿਯੋਗ ਨਾਲ ਮੱਛਰਾਂ ਦੀ ਰੋਕਥਾਮ ਲਈ ਫੋਗਿੰਗ ਕਰਵਾਈ ਜਾਵੇ ਤੇ ਰੋਜ਼ਾਨਾ ਜਾਗਰੂਕਤਾ ਗਤੀਵਿਧੀਆਂ ਕੀਤੀਆ ਜਾਣ | ਇਸ ਤੋਂ ਇਲਾਵਾ ਘਰਾਂ, ਦੁਕਾਨਾਂ, ਸਕੂਲਾਂ ਤੇ ਹੋਰ ਦਫ਼ਤਰਾਂ ਵਿਚ ਪਾਣੀ ਦੇ ਖੜ੍ਹੇ ਹੋਣ ਦੇ ਸਰੋਤਾਂ ਦੀ ਜਾਂਚ ਕੀਤੀ ਜਾਵੇ ਅਤੇ ਲਾਰਵੇ ਨੂੰ ਨਸ਼ਟ ਕੀਤਾ ਜਾਵੇ | ਉਨ੍ਹਾਂ ਨੇ ਕਿਹਾ ਇਨ੍ਹਾਂ ਗਤੀਵਿਧੀਆਂ ਲਈ ਪੰਚਾਇਤ ਮੈਂਬਰਾਂ ਦੇ ਨਾਲ-ਨਾਲ, ਵੀ. ਐੱਚ. ਐੱਸ. ਐਨ. ਸੀ. ਮੈਂਬਰਾਂ ਤੇ ਹੋਰ ਮੁਹਤਬਰ ਬੰਦਿਆਂ ਦਾ ਵੀ ਸਹਿਯੋਗ ਲਿਆ ਜਾਵੇ | ਉਨ੍ਹਾਂ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਾਓ ਲਈ ਜ਼ਰੂਰੀ ਹੈ ਕੇ ਪੂਰੀਆਂ ਬਾਂਹਾਂ ਦੇ ਕੱਪੜੇ ਪਾ ਕੇ ਰੱਖੇ ਜਾਣ, ਸੌਣ ਵੇਲੇ ਮੱਛਰਦਾਨੀਆਂ ਦੀ ਵਰਤੋਂ ਤੇ ਮੱਛਰ ਭਜਾਓ ਯੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਕਿਸੇ ਨੂੰ ਤੇਜ ਬੁਖ਼ਾਰ, ਸਿਰਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜਿ੍ਹਆਂ ਤੇ ਨੱਕ 'ਚੋਂ ਖੂਨ ਵਗਣਾ ਆਦਿ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਜਾਣਾ ਚਾਹੀਦਾ ਹੈ |