ਖੰਨਾ, 5 ਦਸੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸਾਹਿਤ-ਸੱਭਿਆਚਾਰ ਮੰਚ ਪੰਜਾਬ-ਖੰਨਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਧੀਮਾਨ ਦੀ ਪ੍ਰਧਾਨਗੀ ਹੇਠਾਂ ਹੋਈ | ਜਿਸ ਵਿਚ ਮੰਚ ਵਲੋਂ ਆਪਣੀਆਂ ਸਾਹਿਤਕ ਸਰਗਰਮੀਆਂ ਨੂੰ ਅੱਗੇ ਤੋਰਦਿਆਂ ਸਾਲਾਨਾ ਸਮਾਗਮ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਪ੍ਰਧਾਨ ਪਰਮਜੀਤ ਸਿੰਘ ਧੀਮਾਨ, ਸਾਹਿਤਕ ਸੱਥ ਫਰੌਰ ਦੇ ਕਨਵੀਨਰ ਸਨੇਹਇੰਦਰ ਮੀਲੂ ਫਰੌਰ ਅਤੇ ਸੁਖਵਿੰਦਰ ਸਿੰਘ ਫਰੌਰ ਨੇ ਦੱਸਿਆ ਕਿ ਮੰਚ ਵਲੋਂ ਸਹਿਯੋਗੀ ਸੰਸਥਾ ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਅਤੇ ਸਾਹਿਤਕ ਸੱਥ ਫਰੌਰ ਦੇ ਸਹਿਯੋਗ ਨਾਲ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਫਰੌਰ (ਖਮਾਣੋਂ) ਵਿਚ ਦਸੰਬਰ ਮਹੀਨੇ ਦੇ ਤੀਸਰੇ ਹਫ਼ਤੇ ਹੋਣ ਵਾਲੇ ਸਮਾਗਮ ਦੌਰਾਨ ਪੰਜਾਬ ਦੇ ਨਾਮਵਰ ਕਹਾਣੀਕਾਰ ਨੂੰ ਗਿਆਨੀ ਲਾਭ ਸਿੰਘ ਮੀਲੂ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਪੰਜਾਬੀ ਸਾਹਿਤ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਸਾਹਿਤ ਪ੍ਰੇਮੀਆਂ ਦੇ ਰੂ-ਬ-ਰੂ ਕਰਵਾਉਣ ਬਾਰੇ ਵੀ ਵਿਚਾਰਾਂ ਹੋਈਆਂ |