ਜੌੜੇਪੁਲ ਜਰਗ, 7 ਦਸੰਬਰ (ਪਾਲਾ ਰਾਜੇਵਾਲੀਆ)-ਸੂਬੇ ਅੰਦਰ 14 ਦਸੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਇਲਾਕੇ ਦੇ ਨਾਮਵਰ ਬਲਾਕ ਸੰਮਤੀ ਜੋਨ ਜਰਗ ਤੋਂ ਤਿੰਨੇ ਮੁੱਖ ਪਾਰਟੀਆਂ- ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ ਤਿਆਰੀਆਂ ਪੂਰੀਆਂ ਖਿੱਚ ਦਿੱਤੀਆਂ ਹਨ ਅਤੇ ਤਿੰਨੇ ਮੁੱਖ ਪਾਰਟੀਆਂ ਨੇ ਸਥਾਨਿਕ ਪਿੰਡ ਜਰਗ ਤੋਂ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਹਨ | ਤਿੰਨੇ ਪਾਰਟੀਆਂ ਨਾਲ ਸਬੰਧਿਤ ਉਮੀਦਵਾਰ ਨਵੇਂ ਹਨ ਤੇ ਪਹਿਲੀ ਵਾਰ ਬਲਾਕ ਸੰਮਤੀ ਦੀ ਚੋਣ ਲੜ ਰਹੇ ਹਨ | ਜੋਨ ਜਰਗ ਅਧੀਨ ਪਿੰਡ ਜਰਗ ਤੋਂ ਇਲਾਵਾ ਪਿੰਡ ਮਾਂਹਪੁਰ, ਦੀਵਾ ਮੰਡੇਰ, ਦੀਵਾ ਖੋਸਾ ਤੇ ਕਰੋਦੀਆਂ ਆਉਂਦੇ ਹਨ | ਜਰਗ ਜ਼ੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਨਵੇ ਚਿਹਰੇ ਮਨਜੀਤ ਸਿੰਘ ਜਰਗ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜਦਕਿ ਕਾਂਗਰਸ ਪਾਰਟੀ ਵੱਲੋਂ ਸਾਬਕਾ ਜੀਉਜੀ ਅਮਰਜੀਤ ਸਿੰਘ ਬੋਪਾਰਾਏ ਸਾਬਕਾ ਫ਼ੌਜੀ ਜਰਗ ਚੋਣ ਮੈਦਾਨ ਚ ਉਤਾਰੇ ਗਏ ਹਨ ਤੇ ਅਮਰਜੀਤ ਸਿੰਘ ਦੀ ਪਤਨੀ ਪਿੰਡ ਦੀ ਮੌਜੂਦਾ ਪੰਚਾਇਤ ਮੈਂਬਰ ਹੈ ਅਤੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਯਾਦਵਿੰਦਰ ਸਿੰਘ ਯਾਦੀ ਚੋਣ ਲੜ੍ਹ ਰਹੇ ਹਨ | ਜੋਨ ਦੇ ਪੰਜੇ ਪਿੰਡਾਂ ਚੋਂ ਤਿੰਨ ਪਿੰਡਾਂ ਚ ਆਮ ਆਦਮੀ ਪਾਰਟੀ ਦੇ ਸਰਪੰਚ ਹਨ, ਜਦਕਿ ਦੋ ਪਿੰਡਾਂ ਚ ਕਾਂਗਰਸ ਨਾਲ ਸਬੰਧਿਤ ਸਰਪੰਚ ਹਨ | ਆਪ ਦੇ ਮਨਜੀਤ ਸਿੰਘ ਅਤੇ ਅਕਾਲੀ ਦਲ ਦੇ ਯਾਦਵਿੰਦਰ ਸਿੰਘ ਪਹਿਲੀ ਵਾਰ ਚੋਣ ਮੈਦਾਨ 'ਚ ਉਤਰੇ ਹਨ ਤੇ ਜਰਗ ਦੇ ਲੋਕਾਂ ਤੋਂ ਬਿਨਾਂ ਜ਼ੋਨ ਦੇ ਬਾਕੀ ਚਾਰੇ ਪਿੰਡਾਂ ਦੇ ਲੋਕਾਂ ਲਈ ਬਿਲਕੁਲ ਨਵੇਂ ਚਿਹਰੇ ਹਨ, ਜਦਕਿ ਕਾਂਗਰਸ ਦੇ ਅਮਰਜੀਤ ਸਿੰਘ ਬੇਸ਼ੱਕ ਪਹਿਲੀ ਵਾਰ ਚੋਣ ਲੜ੍ਹ ਰਹੇ ਹਨ |