ਸਮਰਾਲਾ, 21 ਦਸੰਬਰ (ਗੋਪਾਲ ਸੋਫਤ)-ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਦਾ ਪੰਜਵਾਂ ਸਾਲਾਨਾ ਖੇਡ ਦਿਵਸ ਬਹੁਤ ਹੀ ਜੋਸ਼ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ | ਇਸ ਵਿਚ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਡਾ. ਪੂਨਮ ਸ਼ਰਮਾ, ਐੱਮ. ਡੀ. ਅੰਮਿ੍ਤਪਾਲ ਕੌਰ ਅਤੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਵਲੋਂ ਦੀਪ ਜਗਾਉਣ ਦੀ ਰਸਮ ਨਾਲ ਹੋਈ | ਇਸ ਪ੍ਰੋਗਰਾਮ ਦੀ ਸ਼ੁਰੂਆਤ ਚਾਰੇ ਹਾਊਸ ਦੇ ਬੱਚਿਆਂ ਵਲੋਂ ਪਰੇਡ ਦੇ ਦੌਰਾਨ ਕੀਤੀ ਅਤੇ ਸਭ ਤੋਂ ਪਹਿਲਾਂ ਬੱਚਿਆਂ ਵਲੋਂ ਅਨੁਸ਼ਾਸਨ ਵਿਚ ਰਹਿਣ ਦੀ ਸਹੁੰ ਚੁੱਕੀ | ਇਸ ਸਮਾਰੋਹ ਦਾ ਆਯੋਜਨ ਦੋ ਦਿਨਾਂ ਲਈ ਕੀਤਾ ਗਿਆ | ਜਿਸ ਦੌਰਾਨ ਛੋਟੇ ਅਤੇ ਵੱਡੇ ਬੱਚਿਆਂ ਵਲੋਂ ਹਰ ਖੇਡ ਵਿਚ ਬੜੇ ਹੀ ਜੋਸ਼ ਅਤੇ ਉਤਸ਼ਾਹ ਦੇ ਨਾਲ ਹੀ ਹਿੱਸਾ ਲਿਆ ਗਿਆ | ਇਸ ਸਲਾਨਾ ਖੇਡ ਸਮਾਰੋਹ ਵਿਚ ਹਰਲਡ ਰੇਸ, ਰਿਲੇ ਰੇਸ, ਸੈਕ ਰੇਸ, ਜੈਵਲਿਨ ਥਰੋਅ , ਲੰਮੀ ਛਾਲ, ਰੱਸਾਕਸ਼ੀ ਅਤੇ 100 ਮੀਟਰ ਦੌੜ, 200 ਮੀਟਰ, 400 ਮੀਟਰ ਦੌੜਾਂ ਆਦਿ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਇੱਕ ਪ੍ਰੇਰਨਾਦਾਇਕ ਭਾਸ਼ਣ ਵੀ ਦਿੱਤਾ ਗਿਆ | ਜਿਸ ਵਿਚ ਬੱਚਿਆਂ ਨੂੰ ਖੇਡਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਮੋਬਾਇਲ ਅਤੇ ਇੰਟਰਨੈੱਟ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ | ਇਸ ਪ੍ਰੋਗਰਾਮ ਦੌਰਾਨ ਕਰਨਵੀਰ ਸਿੰਘ ਢਿੱਲੋਂ ਵਲੋਂ ਬੱਚਿਆਂ ਨੂੰ ਪ੍ਰਭਾਵਸ਼ਾਲੀ ਭਾਸ਼ਣ ਦਿੰਦਿਆਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਆਪਣੀ ਸਰੀਰਕ ਤੰਦਰੁਸਤੀ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ | ਬੱਚਿਆਂ ਵਲੋਂ ਸਮਾਰੋਹ ਦੀ ਸਮਾਪਤੀ ਇੱਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਕੀਤੀ ਗਈ | ਜਿਸ ਦੌਰਾਨ ਬੱਚਿਆਂ ਵਲੋਂ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ | ਇਸ ਪ੍ਰੋਗਰਾਮ ਦੇ ਦੌਰਾਨ ਬੱਚਿਆਂ ਦੇ ਮਾਪੇ ਵੀ ਇਸ ਸਮਾਰੋਹ ਵਿਚ ਸ਼ਾਮਿਲ ਹੋਏ | ਉਨ੍ਹਾਂ ਵਲੋਂ ਵੀ ਰੱਸਾਕਸ਼ੀ ਅਤੇ ਦੌੜਾਂ ਦੇ ਮੁਕਾਬਲੇ ਕੀਤੇ ਗਏ | ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਪਿ੍ੰਸੀਪਲ ਅਤੇ ਸਕੂਲ ਦੀ ਐੱਮ. ਡੀ. ਵਲੋਂ ਇਨਾਮ ਦਿੱਤੇ ਗਏ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ |