ਸਮਰਾਲਾ, 28 ਦਸੰਬਰ (ਗੋਪਾਲ ਸੋਫਤ)-ਅੱਜ ਸਵੇਰੇ ਸਥਾਨਕ ਲੁਧਿਆਣਾ-ਚੰਡੀਗੜ੍ਹ ਹਾਈਵੇ 'ਤੇ ਧੁੰਦ ਕਾਰਨ ਬੱਸ, ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਏ ਐਕਸੀਡੈਂਟ ਕਾਰਨ ਮੋਟਰਸਾਈਕਲ ਸਵਾਰ ਵਿਅਕਤੀਆਂ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਦੁਰਘਟਨਾ ਗ੍ਰਸਤ ਹੋਈ ਕਾਰ ਵਿਚੋਂ ਭਾਰੀ ਮਾਤਰਾ ਵਿਚ ਸ਼ਰਾਬ ਹੋਈ ਹੈ, ਜੋ ਚੰਡੀਗੜ੍ਹ ਮਾਰਕਾ ਵਾਲੀ ਦੇਸੀ ਸ਼ਰਾਬ ਦੱਸੀ ਜਾ ਰਹੀ ਹੈ ਅਤੇ ਇਸ ਸਬੰਧੀ ਕਾਰਵਾਈ ਲਈ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਦੁਰਘਟਨਾ ਗ੍ਰਸਤ ਕਾਰ ਦਾ ਚਾਲਕ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ ਹੈ | ਸਥਾਨਕ ਐੱਸ. ਐੱਚ. ਓ. ਹਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਪਿੰਡ ਭਰਥਲਾ ਦੇ ਮੋੜ 'ਤੇ ਧੁੰਦ ਕਾਰਨ ਵਾਪਰਿਆ ਹੈ | ਸਥਾਨਕ ਸਿਵਲ ਹਸਪਤਾਲ ਦੀ ਐਮਰਜੈਂਸੀ ਡਿਊਟੀ 'ਤੇ ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਇਸ ਦੁਰਘਟਨਾ ਦੇ ਤਿੰਨ ਮਰੀਜ਼ ਹਸਪਤਾਲ ਵਿਚ ਲਿਆਂਦੇ ਗਏ ਸਨ, ਜਿਨ੍ਹਾਂ ਵਿਚੋਂ ਇਕ ਸਲੀਮ ਖਾਨ ਵਾਸੀ ਜਗਰਾਉਂ ਹਸਪਤਾਲ ਪਹੁੰਚਦਿਆਂ ਹੀ ਮਿ੍ਤਕ ਪਾਇਆ ਗਿਆ | ਜਦਕਿ ਬਾਕੀ ਦੋ ਵਿਅਕਤੀਆਂ ਨੂੰ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਕਾਰ ਚਾਲਕ 'ਤੇ 23 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਦਾ ਕੇਸ ਰਜਿਸਟਰ ਕਰ ਲਿਆ ਹੈ |