ਰੂੜੇਕੇ ਕਲਾਂ, 3 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਪਿੰਡ ਧੌਲਾ ਵਿਖੇ ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਦੇ ਪਾਣੀ ਅਤੇ ਮੀਂਹ ਨਾਲ ਡਿੱਗੇ ਘਰਾਂ ਦਾ ਨਿਰੀਖਣ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਸਮੇਤ ਦੌਰਾ ਕੀਤਾ | ਜਾਣਕਾਰੀ ਦਿੰਦੇ ਹੋਏ ਸਰਪੰਚ ਜਸਵਿੰਦਰ ਸਿੰਘ ਬਿਲਾਸਪੁਰ ਪਿੰਡੀ ਧੌਲਾ, ਸਮਾਜ ਸੇਵੀ ਡਾ: ਅਵਤਾਰ ਸਿੰਘ ਨਾਨਕਪੁਰ ਪਿੰਡੀ ਧੌਲਾ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਲੈ ਕੇ ਮੀਂਹ ਨਾਲ ਕਈ ਪਿੰਡ ਵਾਸੀਆਂ ਦੇ ਘਰਾਂ ਦੀਆਂ ਛੱਤਾਂ ਡਿਗ ਗਈਆਂ ਹਨ, ਇਮਾਰਤਾਂ ਦਾ ਨੁਕਸਾਨ ਹੋਇਆ ਹੈ | ਮੀਂਹ ਦਾ ਪਾਣੀ ਪਿੰਡ ਦੀਆਂ ਗਲੀਆਂ ਵਿਚ ਭਰਿਆ ਖੜ੍ਹਾ ਹੈ | ਨਾਨਕਪੁਰ ਧੌਲਾ ਦੇ ਮੀਂਹ ਕਾਰਨ ਡਿੱਗੇ ਘਰਾਂ ਦਾ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਸਮੇਤ ਪਹੁੰਚ ਕੇ ਮੌਕਾ ਦੇਖਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੀੜਤ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ | ਮੀਂਹ ਦੇ ਭਰੇ ਪਾਣੀ ਦਾ ਵੀ ਅਧਿਕਾਰੀਆਂ ਨੇ ਮੌਕਾ ਦੇਖਿਆ | ਸਰਪੰਚ ਮਨਜੀਤ ਕੌਰ ਨਾਨਕਪੁਰ ਧੌਲਾ, ਸਮਾਜ ਸੇਵੀ ਡਾ: ਅਵਤਾਰ ਸਿੰਘ ਨਾਨਕਪੁਰ ਧੌਲਾ, ਸਰਪੰਚ ਜਸਵਿੰਦਰ ਸਿੰਘ ਬਿਲਾਸਪੁਰ ਧੌਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੀਂਹ ਕਾਰਨ ਪਿੰਡ ਵਾਸੀਆਂ ਦੇ ਘਰਾਂ ਦੀਆਂ ਛੱਤਾਂ ਡਿਗ ਗਈਆਂ ਹਨ | ਘਰਾਂ ਦੀਆਂ ਇਮਾਰਤਾਂ ਦਾ ਨੁਕਸਾਨ ਹੋਣ ਕਾਰਨ ਪਿੰਡ ਵਾਸੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਪੀੜਤਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ | ਜਿਹੜੇ ਗ਼ਰੀਬ ਵਿਅਕਤੀਆਂ ਦੇ ਘਰਾਂ ਦੀਆਂ ਛੱਤਾਂ ਡਿਗ ਪਈਆਂ ਹਨ, ਨੂੰ ਘਰ ਬਣਾ ਕੇ ਦਿੱਤੇ ਜਾਣ | ਇਸ ਮੌਕੇ ਪਿੰਡ ਵਾਸੀ ਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ |