ਤਪਾ ਮੰਡੀ, 25 ਸਤੰਬਰ (ਵਿਜੇ ਸ਼ਰਮਾ)-ਪੰਜਾਬ ਸਰਕਾਰ ਵਲੋਂ ਇਕ ਸਤੰਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਬਰਨਾਲਾ ਜ਼ਿਲੇ੍ਹ ਦੇ ਤਪਾ ਸ਼ਹਿਰ ਦੀ ਅੰਦਰਲੀ ਅਨਾਜ ਮੰਡੀ ਵਿਚ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ | ਇਸ ਸਬੰਧੀ ਨੇੜਲੇ ਪਿੰਡ ਜੈਮਲ ਸਿੰਘ ਵਾਲਾ ਦੇ ਕਿਸਾਨ ਹਰਦੇਵ ਸਿੰਘ ਪੁੱਤਰ ਜੋਰਾ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੇ ਚੱਲਦਿਆਂ 126 ਝੋਨੇ ਦੀ ਪਨੀਰੀ ਲਗਾਈ ਗਈ ਸੀ | ਫ਼ਸਲ ਦੀ ਕਟਾਈ ਕਰ ਕੇ ਤਪਾ ਦੀ ਅਨਾਜ ਮੰਡੀ ਵਿਚ 400 ਦੇ ਕਰੀਬ ਦਾ ਗੱਟਾ ਲਿਆਂਦਾ ਗਿਆ ਹੈ | ਉਨ੍ਹਾਂ ਦੱਸਿਆ ਕਿ ਆੜ੍ਹਤੀਆ ਸੰਦੀਪ ਕੁਮਾਰ ਦੀ ਦੁਕਾਨ 'ਤੇ ਇਹ ਫ਼ਸਲ ਉਤਾਰੀ ਗਈ ਹੈ | ਆੜ੍ਹਤੀਆਂ ਵਲੋਂ ਫ਼ਸਲ ਦੀ ਸਾਫ਼ ਸਫ਼ਾਈ ਕਰਵਾਈ ਜਾ ਰਹੀ ਹੈ | ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਹਰਦੀਪ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਨਾਜ ਮੰਡੀਆਂ ਵਿਚ ਝੋਨੇ ਦੀ ਫ਼ਸਲ ਸੁੱਕੀ ਅਤੇ ਸਾਫ਼ ਸੁਥਰੀ ਲਿਆਂਦੀ ਜਾਵੇ ਤਾਂ ਜੋ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ | ਜ਼ਿਕਰਯੋਗ ਹੈ ਕਿ ਮਾਰਕੀਟ ਕਮੇਟੀ ਵਲੋਂ ਝੋਨੇ ਦੀ ਫ਼ਸਲ ਦੀ ਸਰਕਾਰੀ ਤੌਰ 'ਤੇ ਖ਼ਰੀਦ ਸ਼ੁਰੂ ਕਰ ਦਿੱਤੀ ਜਾਵੇਗੀ | ਇਸ ਵਲੋਂ ਸਰਕਾਰ ਵਲੋਂ ਝੋਨੇ ਦੀ ਫ਼ਸਲ ਦਾ 2389 ਭਾਅ ਮਿਥਿਆ ਗਿਆ ਹੈ |