ਬਰਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਦਿਨਾਂ ਦੌਰਾਨ ਪਈ ਭਾਰੀ ਬਾਰਿਸ਼ ਕਾਰਨ ਸ਼ਹਿਰ ਬਰਨਾਲਾ ਅਤੇ ਆਸ-ਪਾਸ ਦੇ ਪਿੰਡਾਂ ਵਿਚ ਗ਼ਰੀਬ ਪਰਿਵਾਰਾਂ ਦੇ ਘਰਾਂ ਦੀਆ ਛੱਤਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ | ਅਜਿਹੇ ਗ਼ਰੀਬ ਪਰਿਵਾਰਾਂ ਦੀ ਬਰਨਾਲਾ ਦੇ ਸਾਬਕਾ ਫ਼ੌਜੀਆਂ ਵਲੋਂ ਘਰ ਬਣਾਉਣ ਲਈ ਮਦਦ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਗ਼ਰੀਬ ਪਰਿਵਾਰਾਂ ਦੀ ਕੀਤੀ ਜਾ ਰਹੀ ਮਦਦ ਤਹਿਤ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਸ੍ਰੀ ਮਦਨ ਲਾਲ ਵਲੋਂ ਰਾਹੀ ਬਸਤੀ ਬਰਨਾਲਾ ਵਿਚ ਬੂਟਾ ਸਿੰਘ ਤੇ ਦਿਨੇਸ਼ ਕੁਮਾਰ ਨੂੰ ਇਕ ਟਰਾਲੀ ਬਜਰੀ, ਇਕ ਟਰਾਲੀ ਰੇਤਾ, 5 ਬੋਰੀਆ ਸੀਮਿੰਟ ਤੇ ਦੋ ਕੁਇੰਟਲ ਤਿੰਨ ਸੂਤ ਸਰੀਆ ਦਿੱਤਾ ਗਿਆ ਅਤੇ ਸਕੱਤਰ ਡੀ.ਐਸ.ਐਲ.ਏ. ਵਲੋਂ ਬੂਟਾ ਸਿੰਘ ਤੇ ਦਿਨੇਸ਼ ਕੁਮਾਰ ਨੂੰ ਆਪਣੇ ਦਫ਼ਤਰ ਵਲੋਂ ਵੀ 10-10 ਬੋਰੀਆ ਸੀਮਿੰਟ ਦੇਣ ਦਾ ਐਲਾਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਾਬਕਾ ਸੈਨਿਕਾ ਵਲੋਂ ਹੜ੍ਹ ਪੀੜਤਾਂ ਲਈ 1 ਲੱਖ 12 ਹਜ਼ਾਰ ਰੁਪਏ ਇਕੱਠੇ ਕੀਤੇ ਗਏ ਸਨ | ਜਿਸ ਵਿਚੋਂ 51 ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ ਲਈ ਦਿੱਤੇ ਗਏ ਹਨ | ਇਸ ਤੋਂ ਇਲਾਵਾ ਪਿੰਡ ਨਾਈਵਾਲਾ ਵਿਚ ਜਤਿੰਦਰ ਸਿੰਘ ਦੇ ਪਰਿਵਾਰ ਨੂੰ 20 ਬੋਰੀਆਂ ਸੀਮਿੰਟ ਤੇ ਇਕ ਟਰਾਲੀ ਰੇਤਾ, ਇਸੇ ਤਰ੍ਹਾਂ ਸੇਖਾ ਰੋਡ ਗਲੀ ਨੰਬਰ 4 ਵਿਚ ਇੱਕ ਗ਼ਰੀਬ ਪਰਿਵਾਰ ਨੂੰ 20 ਬੋਰੀਆ ਸੀਮਿੰਟ ਤੇ ਇਕ ਟਰਾਲੀ ਰੇਤਾ, ਪਿੰਡ ਭੱਠਲ ਵਿਖੇ ਤੇਜਾ ਸਿੰਘ ਦੇ ਪਰਿਵਾਰ ਨੂੰ 20 ਬੋਰੀਆਂ ਸੀਮਿੰਟ ਤੇ ਇਕ ਟਰਾਲੀ ਰੇਤਾ, ਹੰਡਿਆਇਆ ਵਿਖੇ ਚੌਕੀ ਦੇ ਪਿੱਛੇ ਬੀਬੀ ਗੁਰਮੀਤ ਕੌਰ ਨੂੰ 20 ਬੋਰੀਆਂ ਸੀਮਿੰਟ, ਇਕ ਟਰਾਲੀ ਰੇਤਾ ਤੇ ਇਕ ਟਰਾਲੀ ਬਜਰੀ, ਬਲਵੀਰ ਸਿੰਘ ਸੰਧੂ ਪੱਤੀ ਦੇ ਪਰਿਵਾਰ ਨੂੰ 20 ਬੋਰੀਆਂ ਸੀਮਿੰਟ ਤੇ ਇਕ ਟਰਾਲੀ ਰੇਤਾ ਮਦਦ ਵਜੋਂ ਦਿੱਤਾ ਗਿਆ ਹੈ | ਇਸ ਮੌਕੇ ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ, ਸੂਬੇਦਾਰ ਗੁਰਜੰਟ ਸਿੰਘ, ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ, ਸੂਬੇਦਾਰ ਸਵਰਨਜੀਤ ਸਿੰਘ ਭੰਗੂ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਧੰਨਾ ਸਿੰਘ ਧੌਲਾ, ਸੂਬੇਦਾਰ ਕਮਲਜੀਤ ਸ਼ਰਮਾ, ਹੌਲਦਾਰ ਬਸੰਤ ਸਿੰਘ ਉੱਗੋਕੇ, ਹਰਵਿੰਦਰ ਰੋਮੀ ਆਦਿ ਹਾਜ਼ਰ ਸਨ |