ਮਹਿਲ ਕਲਾਂ, 21 ਅਕਤੂਬਰ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਪੱਧਰੀ ਮੀਟਿੰਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਜ਼ਿਲ੍ਹਾ ਆਗੂ ਗੁਰਧਿਆਨ ਸਿੰਘ ਸਹਿਜੜਾ ਨੇ ਸਰਕਾਰ ਤੋਂ ਡੀ.ਏ.ਪੀ. ਖਾਦ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਕੀਤੀ | ਆਗੂਆਂ ਨੇ ਕਿਹਾ ਕਿ ਪਰਾਲੀ ਦੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵਲੋਂ ਸਿਰਫ਼ ਜਾਗਰੂਕਤਾ ਕੈਂਪ ਲਗਾਉਣ ਦੀ ਬਜਾਏ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਸਮੇਂ ਸਿਰ ਨਹੀਂ ਮੁਹੱਈਆ ਕਰਵਾਈ ਗਈ | ਜਿਸ ਕਾਰਨ ਕਰ ਕੇ ਕਿਸਾਨਾਂ ਨੂੰ ਮਜਬੂਰ ਹੋ ਕੇ ਪਰਾਲੀ ਦੀ ਰਹਿੰਦ ਖੰੂਹਦ ਨੂੰ ਅੱਗ ਲਗਾਉਣੀ ਪਵੇਗੀ | ਜਿਸ ਦੀ ਜ਼ਿੰਮੇਵਾਰੀ ਰਾਜ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਸਿਰ ਹੋਵੇਗੀ | ਉਨ੍ਹਾਂ ਸਪਸ਼ਟ ਕਿਹਾ ਕਿ ਪਿੰਡਾਂ ਅੰਦਰ ਜੇਕਰ ਪੁਲਿਸ ਵਲੋਂ ਕਿਸਾਨਾਂ ਉੱਪਰ ਪਰਚੇ ਦਰਜ ਕਰਨ ਦੀ ਕਾਰਵਾਈ ਕੀਤੀ ਗਈ, ਤਾਂ ਉਸ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਅਨਾਜ ਮੰਡੀਆਂ ਚ ਕਿਸਾਨਾਂ ਲਈ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਅਤੇ ਝੋਨੇ ਦੀ ਫ਼ਸਲ ਦੀ ਅਦਾਇਗੀ ਸਮੇਂ ਸਿਰ ਕਰਨ ਦੀ ਮੰਗ ਕੀਤੀ | ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਜਥੇਬੰਦੀ ਦੀ ਮਜ਼ਬੂਤੀ ਲਈ ਸਰਗਰਮੀਆਂ ਨੂੰ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ | ਬਲਾਕ ਖ਼ਜ਼ਾਨਚੀ ਜਸਵਿੰਦਰ ਸਿੰਘ ਛੀਨੀਵਾਲ, ਡਾ: ਸੁਖਦੀਪ ਸਿੰਘ ਗਿੱਲ, ਅਮਰਜੀਤ ਸਿੰਘ ਭੋਲਾ, ਬਲਵਿੰਦਰ ਸਿੰਘ ਛਾਪਾ, ਸਰਬਜੀਤ ਸਿੰਘ ਸਹੌਰ, ਸੁਰਿੰਦਰ ਸਿੰਘ ਵਜੀਦਕੇ, ਸਤਨਾਮ ਸਿੰਘ ਸਹੌਰ, ਬਲਤੇਜ ਸਿੰਘ ਵਜੀਦਕੇ, ਭਰਪੂਰ ਸਿੰਘ ਵਜੀਦਕੇ, ਹਰਬੰਸ ਸਿੰਘ ਫ਼ੌਜੀ, ਨਿਰਮਲ ਸਿੰਘ ਦਿਉਲ, ਹਰਚੰਦ ਸਿੰਘ, ਨਾਜ਼ਰ ਸਿੰਘ ਛਾਪਾ, ਕੁਲਵੰਤ ਸਿੰਘ ਨੇ ਸਮੂਹ ਕਿਸਾਨਾਂ ਨੂੰ ਜਥੇਬੰਦੀ ਦੀ ਅਗਵਾਈ ਹੇਠ ਲਾਮਬੰਦ ਹੋ ਕੇ ਆਪਣੀਆਂ ਹੱਕੀ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ 'ਚ ਕਾਫ਼ਲੇ ਬੰਨ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ |