ਬਰਨਾਲਾ, 31 ਅਕਤੂਬਰ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਵਲੋਂ ਮਨੁੱਖਤਾ ਦੀ ਸੇਵਾ ਸੋਸਾਇਟੀ ਲੁਧਿਆਣਾ ਦਾ ਦੌਰਾ ਕੀਤਾ ਗਿਆ | ਜਿੱਥੇ ਉਨ੍ਹਾਂ ਨੇ ਸੰਗਠਨ ਦੇ ਮੈਂਬਰਾਂ ਅਤੇ ਸੇਵਾਦਾਰਾਂ ਨਾਲ ਕਾਫੀ ਸਮਾਂ ਬਿਤਾਇਆ | ਇਹ ਦੌਰਾ ਹਰ ਵਿਦਿਆਰਥੀ ਲਈ ਇਕ ਭਾਵਨਾਤਮਕ ਅਤੇ ਪ੍ਰੇਰਣਾਦਾਇਕ ਅਨੁਭਵ ਰਿਹਾ | ਵਿਦਿਆਰਥੀਆਂ ਨੇ ਸ: ਗੁਰਪ੍ਰੀਤ ਸਿੰਘ ਅਤੇ ਅਨਮੋਲ ਕਵਾਤਰਾ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦੀ ਜ਼ਿੰਦਗੀ ਦੀਆਂ ਕਹਾਣੀਆਂ ਨੇ ਸਭ ਦੇ ਦਿਲਾਂ 'ਤੇ ਡੂੰਘਾ ਅਸਰ ਛੱਡਿਆ | ਵਿਦਿਆਰਥੀਆਂ ਨੇ ਅਹਿਸਾਸ ਕੀਤਾ ਕਿ ਅਸਲ ਖ਼ੁਸ਼ੀ ਦੂਜਿਆਂ ਦੀ ਮਦਦ ਕਰਨ ਅਤੇ ਪਿਆਰ ਫੈਲਾਉਣ ਵਿਚ ਹੈ | ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਪਹਿਲ 'ਖ਼ੁਸ਼ੀਆਂ ਦੀ ਦੀਵਾਲੀ' ਰਾਹੀਂ ਇਕੱਠੀ ਕੀਤੀ ਰਕਮ ਵੀ ਮਨੁੱਖਤਾ ਦੀ ਸੇਵਾ ਸੋਸਾਇਟੀ ਨੂੰ ਭੇਟ ਕੀਤੀ | ਪਿ੍ੰਸੀਪਲ ਸ੍ਰੀ ਮੋਹਿਤ ਜਿੰਦਲ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਸਿਰਫ਼ ਹੁਸ਼ਿਆਰ ਦਿਮਾਗ਼ ਨਹੀਂ, ਸਗੋਂ ਦਿਲੋਂ ਸੰਵੇਦਨਸ਼ੀਲ ਇਨਸਾਨ ਤਿਆਰ ਕਰਨਾ ਵੀ ਹੈ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸੀ |