ਭਦੌੜ, 2 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਗੁਰਦੁਆਰਾ ਤਪ-ਅਸਥਾਨ ਸੰਤ ਬਾਬਾ ਕਾਹਲਾ ਸਿੰਘ, ਸੰਤ ਭਾਨ ਸਿੰਘ ਅਤੇ ਸੰਤ ਬਾਬਾ ਮਲਕੀਤ ਸਿੰਘ ਗੁਰਦੁਆਰਾ ਸਾਹਿਬ ਭਦੌੜ ਤੋਂ ਸਮੂਹ ਇਲਾਕਾ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਸਜਾਇਆ ਗਿਆ ਜਿਸ ਨੂੰ ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਅਤੇ ਸੰਤ ਬਾਬਾ ਭਾਨ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਚਮਕੌਰ ਸਿੰਘ ਸਮੇਤ ਹੋਰ ਸੰਤ ਮਹਾਂ ਮਹਾਂਪੁਰਸ਼ਾਂ ਦੁਆਰਾ ਅਰਦਾਸ ਕਰ ਕੇ ਰਵਾਨਾ ਕੀਤਾ ਗਿਆ ਜੋ ਕਸਬੇ ਦੇ ਵੱਖ-ਵੱਖ ਪੜਾਵਾਂ ਉਪਰ ਗੁਰਬਾਣੀ ਦਾ ਪ੍ਰਚਾਰ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਨਗਰ ਕੀਰਤਨ ਦੌਰਾਨ ਗੁਰੂ ਦੀਆਂ ਫ਼ੌਜਾਂ ਵਲੋਂ ਜਿੱਥੇ ਗਤਕੇ ਦੇ ਜੌਹਰ ਦਿਖਾਏ ਗਏ ਨਗਰ ਕੀਰਤਨ ਦੇ ਚਾਰ ਪੜਾਵਾਂ ਉਪਰ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕਰ ਕੇ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੌਰਾਨ ਗੋਬਿੰਦ ਬਸਤੀ, ਮੁਹੱਲਾ ਜੰਗੀਕਾ, ਬਾਬਾ ਵਿਸ਼ਵਕਰਮਾ ਮੰਦਰ, ਕੌੜਿਆਂ ਦੀ ਧਰਮਸ਼ਾਲਾ ਦੇ ਚਾਰ ਪੜਾਵਾਂ ਉਪਰ ਕਥਾਵਾਚਕ ਭਾਈ ਗੁਰਤੇਜ ਸਿੰਘ, ਭਾਈ ਅਵਤਾਰ ਸਿੰਘ ਅਤੇ ਭਾਈ ਸਤਨਾਮ ਸਿੰਘ ਗੁਰਦੁਆਰਾ ਦਸਵੀਂ ਪਾਤਸ਼ਾਹੀ ਭਦੌੜ ਨੇ ਕਿਹਾ ਕਿ ਮਨੁੱਖ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪ੍ਰਮਾਤਮਾ ਹੀ ਇਸ ਸੰਸਾਰ ਦਾ ਰਚਨਹਾਰ, ਪਾਲਣਹਾਰ ਅਤੇ ਨਾਸ਼ ਕਰਨ ਵਾਲਾ ਹੈ, ਪ੍ਰਮਾਤਮਾ ਦੇ ਜਦ ਮਨ ਵਿਚ ਆਇਆ, ਉਸ ਨੇ ਇਸ ਸੰਸਾਰ ਦੀ ਰਚਨਾ ਕੀਤੀ | ਉਹ ਹੀ ਇਸ ਪਾਲਨਾ ਕਰਦਾ ਹੈ, ਉਹ ਜਦ ਚਾਹੇ ਇਸ ਦਾ ਨਾਸ਼ ਕਰ ਸਦਕਾ ਹੈ ਜਿਸ ਕਰ ਕੇ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਕਦੇ ਕਿਸੇ ਦਾ ਹੱਕ ਨਾ ਖਾਵੇ, ਸਾਰਿਆਂ ਨੂੰ ਬਰਾਬਰ ਦੀ ਨਜ਼ਰ ਨਾਲ ਦੇਖੇ, ਔਰਤ ਮਰਦ ਦਾ ਵਿਤਕਰਾ ਗ਼ਲਤ ਹੈ ਆਪਣੇ ਜੀਵਨ ਵਿਚ ਲਾਲਚ ਤਿਆਗ ਕੇ ਮਿਹਨਤ ਨਾਲ ਹੀ ਧਨ ਦੌਲਤ ਦੀ ਪ੍ਰਾਪਤੀ ਕਰਨ ਨਾਲ ਹੀ ਮਨੁੱਖ ਸ਼ਾਂਤੀ ਤੇ ਪ੍ਰਮਾਤਮਾ ਨੂੰ ਹਾਸਲ ਕਰ ਸਕਦਾ ਹੈ | ਵੱਡੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਰਤਨ ਵਿਚ ਸ਼ਾਮਿਲ ਹੋ ਕੇ ਵੱਖ-ਵੱਖ ਪੜ੍ਹਾਵਾਂ ਉੱਪਰ ਗੁਰਬਾਣੀ ਦਾ ਸਿਮਰਨ ਕੀਤਾ | ਬਾਬਾ ਗੁਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ 3 ਨਵੰਬਰ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਣਗੇ ਅਤੇ 5 ਨਵੰਬਰ ਭੋਗ ਪਾਏ ਜਾਣਗੇ ਜਿਸ ਦੌਰਾਨ ਸੰਤ ਮਹਾਂਪੁਰਸ਼ਾਂ ਵਲੋਂ ਗੁਰਮਤਿ ਸਮਾਗਮ ਦੌਰਾਨ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ |