ਪਾਤੜਾਂ, 2 ਨਵੰਬਰ (ਗੁਰਇਕਬਾਲ ਸਿੰਘ ਖ਼ਾਲਸਾ)-ਟਰੱਕ ਯੂਨੀਅਨ ਪਾਤੜਾਂ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਹਲਕਾ ਸ਼ੁਤਰਾਣਾ ਦੇ ਇੰਚਾਰਜ ਰਣਜੀਤ ਸਿੰਘ ਵਿਰਕ ਡਰੋਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੀ ਲੋਕਪਿ੍ਅਤਾ ਨੂੰ ਦੇਖਦਿਆਂ ਜਾਣ ਬੁੱਝ ਕੇ ਇਕ ਸਾਜ਼ਿਸ਼ ਦੇ ਤਹਿਤ ਉਨ੍ਹਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ 'ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ ਜੋ ਕਿ ਬੇ-ਬੁਨਿਆਦ ਹਨ | ਰਣਜੀਤ ਸਿੰਘ ਵਿਰਕ ਨੇ ਕਿਹਾ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ 'ਤੇ ਝੂਠੇ ਦੋਸ਼ ਲਗਾਉਣ ਵਾਲੇ ਗੁਰਚਰਨ ਰਾਮ 'ਤੇ ਖ਼ੁਦ ਹੀ ਪਹਿਲਾਂ ਕਈ ਮਾਮਲੇ ਦਰਜ ਹਨ ਅਤੇ ਉਹ ਜਾਣ ਬੁੱਝ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ 'ਤੇ ਝੂਠੇ ਦੋਸ਼ ਲਗਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਅਤੇ ਦੂਸਰੇ ਲੋਕਾਂ 'ਤੇ ਹੋਏ ਪਰਚੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜਿਸ ਨਾਲ ਸੱਚ ਸਾਹਮਣੇ ਆ ਜਾਵੇਗਾ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ 'ਤੇ ਕੀਤਾ ਗਿਆ ਇਹ ਪਰਚਾ ਝੂਠਾ ਅਤੇ ਬੇ ਬੁਨਿਆਦ ਹੈ |