ਮਹਿਲ ਕਲਾਂ, 23 ਨਵੰਬਰ (ਅਵਤਾਰ ਸਿੰਘ ਅਣਖੀ)-ਥਾਣਾ ਠੁੱਲੀਵਾਲ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਅਨਾਜ ਮੰਡੀ ਹਮੀਦੀ ਵਿਖੇ ਦੋ ਨੌਜਵਾਨਾਂ ਨੂੰ 10 ਗ੍ਰਾਮ ਚਿੱਟੇ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਦੀ ਖ਼ਬਰ ਮਿਲੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਮਹਿਲ ਕਲਾਂ ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਥਾਣਾ ਠੁੱਲੀਵਾਲ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਸਫਲਤਾ ਹਾਸਲ ਕੀਤੀ ਹੈ | ਐੱਸ.ਐੱਚ.ਓ. ਠੁੱਲੀਵਾਲ ਗੁਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਦਾਣਾ ਮੰਡੀ ਹਮੀਦੀ ਵਿਖੇ ਗਸ਼ਤ ਉਪਰ ਸਨ, ਇਤਲਾਹ ਮਿਲਣ 'ਤੇ ਕੀਤੀ ਗਈ ਰੇਡ ਦੌਰਾਨ 10 ਗ੍ਰਾਮ ਚਿੱਟਾ ਨਸ਼ੀਲਾ ਪਦਾਰਥ ਸਮੇਤ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਗੁਰੀ ਵਾਸੀ ਹਰਦਾਸਪੁਰਾ ਅਤੇ ਤਲਵਿੰਦਰ ਸਿੰਘ ਹੈਪੀ ਵਾਸੀ ਕਰਮਗੜ੍ਹ ਵਜੋਂ ਹੋਈ | ਦੋਵਾਂ ਖ਼ਿਲਾਫ਼ ਥਾਣਾ ਠੁੱਲੀਵਾਲ ਵਿਖੇ ਪਰਚਾ ਦਰਜ ਕੀਤਾ ਗਿਆ ਹੈ | ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ |