ਬਰਨਾਲਾ, 5 ਦਸੰਬਰ (ਨਰਿੰਦਰ ਅਰੋੜਾ)-ਬਰਨਾਲਾ ਨੇੜਲੇ ਪਿੰਡ ਗਹਿਲ, ਬੀਹਲਾ, ਦੀਵਾਨਾ, ਗਾਗੇਵਾਲ, ਦੇ ਕਿਸਾਨਾਂ ਵਲੋਂ ਯੂਰੀਆ ਨਾ ਮਿਲਣ ਨੂੰ ਲੈ ਕੇ ਦਾਣਾ ਮੰਡੀ ਬਰਨਾਲਾ ਵਿਖੇ ਸਥਿਤ ਮਾਰਕਫੈਡ ਦਫ਼ਤਰ ਵਿਖੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਲਗਾਇਆ ਗਿਆ | ਗੱਲਬਾਤ ਕਰਦਿਆਂ ਕੁਲਦੀਪ ਸਿੰਘ ਸੈਕਟਰੀ ਕੋਪਰੇਟਿਵ ਸੁਸਾਇਟੀ ਗਹਿਲ, ਜਸਵਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਪ੍ਰਧਾਨ ਗਹਿਲ, ਜੋਗਿੰਦਰ ਸਿੰਘ ਇਕਾਈ ਪ੍ਰਧਾਨ ਯੂਨੀਅਨ ਉਗਰਾਹਾਂ ਆਦਿ ਨੇ ਕਿਹਾ ਕਿ ਯੂਰੀਆ ਖਾਦ ਦੀ ਸਪਲਾਈ ਸਾਡੇ ਪਿੰਡਾਂ ਵਿਚ ਬਹੁਤ ਘੱਟ ਆਉਂਦੀ ਹੈ, ਬਰਨਾਲਾ ਵਿਚ ਕਿਧਰੇ ਵੀ ਰੈਕ ਲੱਗਦਾ ਹੈ ਪਰ ਸਾਡੀ ਸਪਲਾਈ ਨਾਮਾਤਰ ਆਉਂਦੀ ਹੈ, ਸਾਡੇ ਪਿੰਡਾਂ ਨੂੰ ਕੱਲ੍ਹ ਭਰੋਸਾ ਦਿਵਾਇਆ ਗਿਆ ਸੀ ਕਿ 4 ਗੱਡੀਆਂ ਯੂਰੀਆ ਦੀਆਂ ਮਿਲਣਗੀਆਂ ਪਰ ਉਹ ਨਹੀਂ ਮਿਲੀਆਂ ਅਤੇ ਨਾ ਹੀ ਸਾਡਾ ਫ਼ੋਨ ਚੁੱਕਿਆ ਗਿਆ | ਜਿਸ ਦੇ ਰੋਸ ਵਜੋਂ ਅੱਜ ਸਾਨੂੰ ਧਰਨਾ ਲਗਾਉਣਾ ਪਿਆ, ਸਾਡੇ ਕੋਲ ਹੁਣ ਤੱਕ 1650 ਬੋਰੀਆਂ ਪਹੁੰਚੀਆਂ ਹਨ | ਜਦ ਕਿ ਹੁਣ ਤੱਕ ਘੱਟੋ ਘੱਟ 15 ਹਜ਼ਾਰ ਬੋਰੀਆਂ ਪਹੁੰਚਣੀਆਂ ਚਾਹੀਦੀਆਂ ਸਨ | ਸਾਡੇ ਕੋਲ ਕੁੱਲ 20 ਹਜ਼ਾਰ ਬੋਰੀਆਂ ਦੀ ਸਪਲਾਈ ਹੋਣੀ ਹੈ | ਜ਼ਿਲ੍ਹੇ ਵਿਚ 50 ਫ਼ੀਸਦੀ ਸਪਲਾਈ ਹੋ ਚੁੱਕੀ ਹੈ ਪਰ ਸਾਡੇ ਪਿੰਡ ਵਿਚ ਜੇ ਗੱਲ ਕਰੀਏ ਤਾਂ ਇਹ ਸਪਲਾਈ 5-7 ਫ਼ੀਸਦੀ ਹੀ ਬਣਦੀ ਹੈ | ਉਨ੍ਹਾਂ ਕਿਹਾ ਕਿ ਇਹ ਫੀਡ ਜਾਂ ਨੈਨੋ ਭੇਜ ਦਿੰਦੇ ਹਨ ਜੋ ਕਿ ਸਰਕਾਰ ਵਲੋਂ ਬੰਦ ਹੈ | ਕਿਧਰੇ ਸਾਨੂੰ ਸਰਫ਼ ਭੇਜ ਦਿੰਦੇ ਹਨ ਜੋ ਕਿ ਹੁਣ ਇਹ ਧੱਕਾ ਹੈ, ਅਸੀਂ ਨਹੀਂ ਬਰਦਾਸ਼ਤ ਕਰਾਂਗੇ, ਜੇ ਸਾਨੂੰ ਸਰਫ਼ ਆਦਿ ਭੇਜਿਆ ਤਾਂ ਅਸੀਂ ਇਨ੍ਹਾਂ ਦੀ ਸ਼ਿਕਾਇਤ ਕਰਾਂਗੇ | ਉਨ੍ਹਾਂ ਕਿਹਾ ਕਿ ਅਸੀਂ ਇੱਥੋਂ ਇਨਸਾਫ਼ ਲੈ ਕੇ ਜਾਵਾਂਗੇ ਨਹੀਂ ਤਾਂ ਵੱਡਾ ਸੰਘਰਸ਼ ਵਿੱਢਾਂਗੇ ਅਤੇ ਕਿਸੇ ਮੁਲਾਜ਼ਮ ਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ | ਇਸ ਮੌਕੇ ਦਰਸ਼ਨ ਸਿੰਘ, ਜੋਗਿੰਦਰ ਸਿੰਘ ਕੇਵਲ ਸਿੰਘ, ਮਹਿੰਦਰ ਸਿੰਘ, ਸ਼ਿੰਦਰ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ, ਬੇਅੰਤ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ | ਜਦੋਂ ਇਸ ਮਾਮਲੇ ਸਬੰਧੀ ਖਾਲ ਸਪਲਾਈ ਅਫ਼ਸਰ ਮੁਹੰਮਦ ਯਾਸ਼ੀਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੀ.ਐਮ ਮੈਡਮ ਨਾਲ ਗੱਲਬਾਤ ਕਰ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਦੋ ਦਿਨ ਦੇ ਵਿਚ ਉਨ੍ਹਾਂ ਕੋਲ 3-4 ਗੱਡੀਆਂ ਯੂਰੀਆ ਦੀਆਂ ਪਹੁੰਚ ਜਾਣਗੀਆਂ, ਰੈਕ ਸਾਡੇ ਕੋਲ ਪਲੈਨਿੰਗ ਵਿਚ ਹੈ | ਇਨ੍ਹਾਂ ਦੀ ਲੋੜ ਦੇ ਮੁਤਾਬਿਕ ਯੂਰੀਆ ਪਹੁੰਚਾ ਦਿੱਤਾ ਜਾਵੇਗਾ |