ਤਪਾ ਮੰਡੀ, 5 ਦਸੰਬਰ (ਪ੍ਰਵੀਨ ਗਰਗ)-14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ-ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਬਲਾਕ ਸ਼ਹਿਣਾ ਦੇ 25 ਪੰਚਾਇਤ ਸੰਮਤੀ ਜ਼ੋਨਾਂ ਲਈ ਕੁੱਲ 77 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ | ਉਕਤ ਜਾਣਕਾਰੀ ਚੋਣ ਅਧਿਕਾਰੀ-ਕਮ-ਐੱਸ.ਡੀ.ਐੱਮ. ਤਪਾ ਆਯੂਸ਼ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ | ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਸਮੁੱਚੀ ਪ੍ਰਕਿਰਿਆ ਸ਼ਾਂਤੀਪੂਰਵਕ ਰਹੀ ਅਤੇ ਅਸੀਂ ਉਮੀਦਵਾਰਾਂ ਲਈ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਹੋਏ ਸਨ | ਉਨ੍ਹਾਂ ਦੱਸਿਆ ਕਿ ਸਾਰੀਆਂ ਹੀ ਪ੍ਰਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਅਤੇ ਕੁੱਝ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 77 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਹਨ | ਐੱਸ.ਡੀ.ਐੱਮ. ਗੋਇਲ ਨੇ ਸਪਸ਼ਟ ਕੀਤਾ ਕਿ ਬਲਾਕ ਸ਼ਹਿਣਾ ਵਿਚ 25 ਜ਼ੋਨ, 158 ਬੂਥ, ਜਿਨ੍ਹਾਂ 'ਚ ਇਕ ਤਿਹਾਈ ਬੂਥ ਸੰਵੇਦਨਸ਼ੀਲ ਹਨ | ਬਲਾਕ ਸ਼ਹਿਣਾ ਵਿਚ ਲਗਭਗ 81 ਪਿੰਡ ਆਉਂਦੇ ਹਨ, ਜਿਨ੍ਹਾਂ 'ਚ ਇਕ ਲੱਖ 40 ਹਾਜ਼ਰ ਦੇ ਕਰੀਬ ਵੋਟਰ ਹਨ | ਉਨ੍ਹਾਂ ਦੱਸਿਆ ਕਿ ਅੱਜ ਕਾਗ਼ਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ 6 ਦਸੰਬਰ ਨੂੰ ਕਾਗ਼ਜ਼ ਵਾਪਸ ਲਏ ਜਾ ਸਕਣਗੇ, ਜਿਸ ਸਬੰਧੀ ਉਨ੍ਹਾਂ ਵਲੋਂ ਤਹਿਸੀਲ ਅੰਦਰ ਤਿੰਨ ਮੁੱਖ ਕੈਮਰੇ ਅਤੇ ਪੰਜ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਇਲਾਵਾ 21 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਹੋਏ ਹਨ | ਐੱਸ.ਡੀ.ਐੱਮ. ਨੇ ਇਸ ਮੌਕੇ ਕਿਹਾ ਕਿ ਸਮੁੱਚੀ ਚੋਣ ਪ੍ਰਕਿਰਿਆ ਬਿਨ੍ਹਾਂ ਡਰ ਜਾ ਭੈਅ ਦੇ ਨਿਰਪੱਖ ਤਰੀਕੇ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਮੁਕੰਮਲ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਕਿਸੇ ਕਿਸਮ ਦਾ ਅੰਦੇਸ਼ਾ ਮਨ 'ਚ ਨਹੀਂ ਲਿਆਉਣਾ ਚਾਹੀਦਾ |