ਪੰਜਾਬ ਸਰਕਾਰ ਵਲੋਂ ਸੁਸਾਇਟੀ ਰਜਿਸਟਰੇਸ਼ਨ ਐਕਟ ਵਿਚ ਕੀਤੀ ਜਾ ਰਹੀ ਸੋਧ ਖ਼ਿਲਾਫ਼
ਅਜੀਤ ਡੈਸਕ
22-12-2025
ਬਰਨਾਲਾ, 21 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਸੁਸਾਇਟੀ ਰਜਿਸਟਰੇਸ਼ਨ ਐਕਟ 1860 ਵਿਚ ਸੋਧ ਕਰ ਕੇ ਸਿੱਧੇ ਤੌਰ 'ਤੇ ਸੂਬੇ ਵਿਚ ਰਜਿਸਟਰਡ ਕਲੱਬਾਂ, ਸੁਸਾਇਟੀਆਂ, ਧਾਰਮਿਕ ਸੰਸਥਾਵਾਂ, ਐਸੋਸੀਏਸ਼ਨਾਂ ਆਦਿ ਵਿਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਿਸ ਨੂੰ ਸ਼ੋ੍ਰਮਣੀ ਅਕਾਲੀ ਦਲ ਵਲੋਂ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ (ਦਿਹਾਤੀ) ਤੇ ਹਲਕਾ ਇੰਚਾਰਜ ਭਦੌੜ ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਜ਼ਿਲਾ ਪ੍ਰਧਾਨ (ਸ਼ਹਿਰੀ) ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸੁਸਾਇਟੀ ਰਜਿਸਟਰੇਸ਼ਨ ਐਕਟ 1860 ਅਧੀਨ ਰਜਿਸਟਰਡ ਪੰਜਾਬ ਦੀਆਂ ਅਨੇਕਾਂ ਧਾਰਮਿਕ ਸੰਸਥਾਵਾਂ ਜਿਵੇਂਕਿ ਮੰਦਿਰ, ਗੁਰਦੁਆਰੇ, ਮਸਜਿਦਾਂ, ਡੇਰਿਆਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਕਲੱਬਾਂ, ਚੈਰੀਟੇਬਲ ਸੁਸਾਇਟੀਆਂ, ਹਸਪਤਾਲਾਂ, ਖੇਡ ਐਸੋਸੀਏਸ਼ਨਾਂ ਵਿਚ ਸਿੱਧੇ ਤੌਰ 'ਤੇ ਦਖਲਅੰਦਾਜ਼ੀ ਕਰਨ ਲਈ ਇਸ ਐਕਟ ਵਿਚ ਸੋਧ ਕਰਨ ਜਾ ਰਹੀ ਹੈ ਅਤੇ ਸਰਕਾਰ ਵਲੋਂ ਇਸ ਸਬੰਧੀ ਕੈਬਨਿਟ ਵਿਚ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ | ਉਨਾਂ ਕਿਹਾ ਕਿ ਇਸ ਐਕਟ ਵਿਚ ਸੋਧ ਕਰਨ ਦੀ ਕਾਰਵਾਈ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਰਕਾਰ ਰਜਿਸਟਰਡ ਕਲੱਬਾਂ/ ਸੁਸਾਇਟੀਆਂ ਦੇ ਆਮਦਨ ਸਰੋਤਾਂ 'ਤੇ ਕਬਜ਼ਾ ਕਰਨ ਦੀ ਤਾਕ ਵਿਚ ਹੈ | ਉਕਤ ਆਗੂਆਂ ਨੇ ਕਿਹਾ ਕਿ ਜਿਸ ਢੰਗ ਨਾਲ ਪਹਿਲਾਂ ਇਸ ਸਰਕਾਰ ਵਲੋਂ ਲੋਕਾਂ ਦੀਆਂ ਜ਼ਮੀਨਾਂ ਹਥਿਆਉਣ ਲਈ ਲੈਂਡ ਪੂਿਲੰਗ ਨੀਤੀ ਲਿਆਂਦੀ ਗਈ ਸੀ, ਠੀਕ ਇਸੇ ਤਰਾਂ ਹੀ ਸੁਸਾਇਟੀ ਰਜਿਸਟਰੇਸ਼ਨ ਐਕਟ ਵਿਚ ਸੋਧ ਕਰਨ ਦੀ ਕਰਨ ਦੀ ਕਸ਼ਿਸ਼ ਕੀਤੀ ਜਾ ਰਹੀ ਹੈ | ਉਨਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਲੈਂਡ ਪੂਿਲੰਗ ਨੀਤੀ ਖ਼ਿਲਾਫ਼ ਵੀ ਵੱਡੀ ਪੱਧਰ 'ਤੇ ਲੜਾਈ ਲੜੀ ਗਈ ਸੀ ਅਤੇ ਹੁਣ ਵੀ ਸ਼ੋ੍ਰਮਣੀ ਅਕਾਲੀ ਦਲ ਵਲੋਂ ਭਗਵੰਤ ਮਾਨ ਸਰਕਾਰ ਦੀ ਇਸ ਮਨਸ਼ਾ ਨੂੰ ਕਿਸੇ ਕੀਮਤ ਵਿਚ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ | ਸ਼ੋ੍ਰਮਣੀ ਅਕਾਲੀ ਦਲ ਵਲੋਂ ਸੂਬੇ ਦੇ ਸਮੂਹ ਕਲੱਬਾਂ, ਸੁਸਾਇਟੀਆਂ ਅਤੇ ਐਸੋਸੀਏਸ਼ਨ ਨੂੰ ਨਾਲ ਲੈ ਕੇ ਸਰਕਾਰ ਖ਼ਿਲਾਫ਼ ਡਟ ਕੇ ਲੜਾਈ ਲੜੀ ਜਾਵੇਗੀ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ |