ਬਰਨਾਲਾ, 22 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਬੇਸ਼ੱਕ ਸਰਕਾਰਾਂ ਵਲੋਂ ਸ਼ਹਿਰਾਂ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਅਤੇ ਫ਼ੰਡ ਨਗਰ ਕੌਂਸਲਾਂ/ਗ੍ਰਾਮ ਪੰਚਾਇਤਾਂ ਅਤੇ ਹੋਰ ਵਿਭਾਗਾਂ ਨੂੰ ਦਿੱਤੇ ਜਾਂਦੇ ਹਨ ਤਾਂ ਜੋ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਉਨ੍ਹਾਂ ਗ੍ਰਾਂਟਾਂ ਅਤੇ ਫ਼ੰਡਾਂ ਦਾ ਸਹੀ ਇਸਤੇਮਾਲ ਹੋ ਸਕੇ | ਪਰ ਅਸਲ ਵਿਚ ਹੇਠਲੇ ਪੱਧਰ 'ਤੇ ਵਿਕਾਸ ਕਾਰਜਾਂ ਲਈ ਵਰਤੋਂ ਵਿਚ ਲਿਆਂਦੀਆਂ ਜਾ ਰਹੀ ਗ੍ਰਾਂਟਾਂ ਅਤੇ ਫ਼ੰਡਾਂ ਦੀ ਸਰਕਾਰੀ ਵਿਭਾਗਾਂ ਦੇ ਆਪਸੀ ਤਾਲਮੇਲ ਦੀ ਕਮੀ ਕਾਰਨ ਕਿਸ ਢੰਗ ਨਾਲ ਦੁਰਵਰਤੋਂ ਹੁੰਦੀ ਹੈ, ਉਹ ਬਰਨਾਲਾ ਵਿਚ ਸ਼ਰੇਆਮ ਦੇਖੀ ਜਾ ਸਕਦੀ ਹੈ | ਅਜਿਹੀ ਹੀ ਇਕ ਉਦਾਹਰਨ ਸਥਾਨਕ ਧਨੌਲਾ ਰੋਡ ਉੱਪਰ ਟਰੱਕ ਯੂਨੀਅਨ ਦੇ ਸਾਹਮਣੇ ਪੁਰਾਣੀ ਪੀ.ਆਰ.ਟੀ.ਸੀ. ਵਰਕਸ਼ਾਪ ਵਾਲੀ ਜਗ੍ਹਾ 'ਤੇ ਬਣਾਏ ਗਏ ਪਾਰਕ ਨੂੰ ਦੇਖ ਕੇ ਸਾਹਮਣੇ ਆਉਂਦੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਬਰਨਾਲਾ ਵਲੋਂ ਪਿਛਲੇ ਸਾਲ ਇਸ ਪਾਰਕ ਦੀ ਉਸਾਰੀ ਸਬੰਧੀ 24.96 ਲੱਖ ਰੁਪਏ ਦਾ ਟੈਂਡਰ ਲਗਾਇਆ ਗਿਆ ਸੀ ਅਤੇ ਸਬੰਧਿਤ ਠੇਕੇਦਾਰ ਵਲੋਂ ਇਸ ਪਾਰਕ ਦਾ ਕੰਮ ਨਵੰਬਰ 2024 ਵਿਚ ਮੁਕੰਮਲ ਕੀਤਾ ਗਿਆ ਸੀ | ਲੇਕਿਨ ਹੁਣ ਇਸ ਪਾਰਕ ਵਿਚ ਨਵਾਂ ਟਿਊਬਵੈੱਲ ਲਗਾਇਆ ਜਾ ਰਿਹਾ ਹੈ ਅਤੇ ਸਬੰਧਿਤ ਵਿਭਾਗ ਦੇ ਠੇਕੇਦਾਰ ਵਲੋਂ ਟਿਊਬਵੈੱਲ ਲਗਾਉਣ ਵਾਸਤੇ ਕੀਤੇ ਗਏ ਬੋਰ ਤੇ ਕਮਰਾ ਬਣਾਉਣ ਲਈ ਪਾਰਕ ਵਿਚ ਲਗਾਈਆਂ ਗਈਆਂ ਖ਼ੂਬਸੂਰਤ ਰੰਗ-ਬਿਰੰਗੀਆਂ ਟਾਈਲਾਂ ਅਤੇ ਬੂਟਿਆਂ ਨੂੰ ਪੁੱਟ ਦਿੱਤਾ ਗਿਆ ਹੈ | ਪਾਰਕ ਦੀ ਹਾਲਤ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਅਜੇ ਇੱਕ ਸਾਲ ਪਹਿਲਾਂ ਹੀ ਪਾਰਕ ਉੱਪਰ ਲਗਾਇਆ ਗਿਆ ਪੈਸਾ ਬਿਲਕੁਲ ਬਰਬਾਦ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਕੁੱਝ ਸਾਲ ਪਹਿਲਾਂ ਇਸੇ ਪਾਰਕ ਵਾਲੀ ਜਗ੍ਹਾ ਉੱਪਰ ਲੱਗਿਆ ਪੁਰਾਣਾ ਟਿਊਬਵੈੱਲ ਖ਼ਰਾਬ ਹੋ ਗਿਆ ਸੀ | ਜਿਸ ਕਾਰਨ ਧਨੌਲਾ ਰੋਡ ਖੇਤਰ ਦੇ ਵਸਨੀਕਾਂ ਨੂੰ ਪਾਣੀ ਦੀ ਕਾਫ਼ੀ ਦਿੱਕਤ ਮਹਿਸੂਸ ਹੁੰਦੀ ਸੀ ਅਤੇ ਇਸ ਸਮੱਸਿਆ ਨੂੰ ਲੈ ਕੇ ਲੋਕਾਂ ਵਲੋਂ ਧਰਨਾ ਵੀ ਲਗਾਇਆ ਗਿਆ ਸੀ | ਜਿਸ ਬਾਰੇ ਸੱਤਾਧਾਰੀ ਧਿਰ, ਨਗਰ ਕੌਂਸਲ ਅਤੇ ਸੀਵਰੇਜ ਬੋਰਡ ਨੂੰ ਭਲੀਭਾਂਤ ਪਤਾ ਸੀ ਕਿ ਇਸ ਜਗ੍ਹਾ ਵਿਚ ਕਿਸੇ ਵੀ ਸਮੇਂ ਨਵਾਂ ਟਿਊਬਵੈੱਲ ਲਗਾਇਆ ਜਾ ਸਕਦਾ ਹੈ ਪਰ ਫਿਰ ਵੀ ਨਗਰ ਕੌਂਸਲ ਵਲੋਂ ਪਿਛਲੇ ਸਾਲ ਪਾਰਕ ਦੀ ਉਸਾਰੀ ਲਈ 25 ਲੱਖ ਰੁਪਏ ਦਾ ਟੈਂਡਰ ਲਗਾ ਦਿੱਤਾ ਗਿਆ | ਉਸ ਤੋਂ ਬਾਅਦ ਹੁਣ ਜਦੋਂ ਪਾਣੀ ਦੀ ਜ਼ਿਆਦਾ ਸਮੱਸਿਆ ਆਉਣ ਲੱਗੀ ਤਾਂ ਨਵਾਂ ਟਿਊਬਵੈੱਲ ਲਗਾਉਣ ਲਈ ਪਾਰਕ ਵਿਚ ਬਣਾਏ ਗਏ ਟਰੈਕਾਂ, ਲਗਾਏ ਗਏ ਬੂਟਿਆਂ ਅਤੇ ਹੋਰ ਮਟਰੀਰੀਲ ਨੂੰ ਪੁੱਟ ਦਿੱਤਾ ਗਿਆ ਹੈ | ਇਹ ਵੀ ਪਤਾ ਲੱਗਾ ਹੈ ਕਿ ਜਿਸ ਠੇਕੇਦਾਰ ਵਲੋਂ ਇਸ ਪਾਰਕ ਨੂੰ ਬਣਾਇਆ ਗਿਆ ਸੀ ਅਜੇ ਤੱਕ ਉਸ ਦੀ ਨਗਰ ਕੌਂਸਲ ਵੱਲ ਸਕਿਉਰਿਟੀ ਅਤੇ ਹੋਰ ਪੇਮੈਂਟ ਬਕਾਇਆ ਖੜ੍ਹੀ ਹੈ ਅਤੇ ਉਸ ਤੋਂ ਬਾਅਦ ਨਗਰ ਕੌਂਸਲ ਫਿਰ ਇਸ ਪਾਰਕ ਦੀ ਸੁੰਦਰਤਾ ਅਤੇ ਅਪਗਰੇਡੇਸ਼ਨ ਲਈ 24.95 ਲੱਖ ਰੁਪਏ ਦਾ ਮੁੜ ਟੈਂਡਰ ਲਗਾ ਕੇ ਇਕ ਹੋਰ ਨਵੇਂ ਠੇਕੇਦਾਰ ਨੂੰ ਵਰਕ ਆਰਡਰ ਵੀ ਜਾਰੀ ਕਰ ਦਿੱਤਾ ਗਿਆ ਹੈ | ਹੈਰਾਨੀ ਦੀ ਗੱਲ ਹੈ ਕਿ ਸੱਤਾਧਾਰੀ ਧਿਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾ ਤਾਂ ਸਰਕਾਰੀ ਖ਼ਜ਼ਾਨੇ ਨੂੰ ਲੱਗ ਰਹੇ ਮੋਟੇ ਚੂਨੇ ਵੱਲ ਕੋਈ ਧਿਆਨ ਹੈ ਅਤੇ ਨਾ ਹੀ ਆਪਣੀ ਡਿਊਟੀ ਸਹੀ ਢੰਗ ਨਾਲ ਨਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾ ਰਹੀ ਹੈ | ਇਸੇ ਕਾਰਨ ਹੀ ਬਰਨਾਲਾ ਵਿਖੇ ਸਰਕਾਰੀ ਵਿਭਾਗਾਂ ਵਲੋਂ ਜਨਤਾ ਦੇ ਪੈਸੇ ਦੀ ਸ਼ਰੇਆਮ ਬਰਬਾਦੀ ਕੀਤੀ ਜਾ ਰਹੀ ਹੈ |