ਸ਼ਹਿਣਾ, 22 ਦਸੰਬਰ (ਸੁਰੇਸ਼ ਗੋਗੀ)-ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਸੁਖਪੁਰਾ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸ਼ਬਦ-ਕੀਰਤਨ ਨਾਲ ਕੀਤੀ ਗਈ | ਵਿਦਿਆਰਥੀਆਂ ਵਲੋਂ ਕਵਿਤਾਵਾਂ, ਭਾਸ਼ਣ ਅਤੇ ਛੋਟੇ ਨਾਟਕਾਂ ਰਾਹੀਂ ਸਾਹਿਬਜ਼ਾਦਿਆਂ ਦੀ ਬਹਾਦਰੀ, ਧਰਮ ਅਤੇ ਬਲੀਦਾਨ ਨੂੰ ਬਾਖ਼ੂਬੀ ਦਰਸਾਇਆ ਗਿਆ | ਸਕੂਲ ਦੇ ਚੇਅਰਮੈਨ ਅਵਤਾਰ ਸਿੰਘ ਮਾਨ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਸੱਚ ਅਤੇ ਧਰਮ ਦੀ ਰੱਖਿਆ ਲਈ ਕਿਵੇਂ ਸਾਹਿਬਜ਼ਾਦਿਆਂ ਨੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ | ਪਿ੍ੰਸੀਪਲ ਮੈਡਮ ਰਮਨਦੀਪ ਕੌਰ ਖੰਗੂੜਾ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਸੁਨਹਿਰਾ ਅਧਿਆਇ ਹੈ, ਜੋ ਹਰ ਪੀੜ੍ਹੀ ਨੂੰ ਹਿੰਮਤ, ਸਬਰ ਅਤੇ ਸਚਾਈ ਦਾ ਪਾਠ ਪੜ੍ਹਾਉਂਦਾ ਰਹੇਗਾ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |