23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਛੁੱਟੀਆਂ ਵਿਚ ਤਣਾਅ ਤੋਂ ਮੁਕਤ ਹੋਣ ਦਾ ਮੌਕਾ

Ad Position 21
No active advertisement
ਅਜੀਤ ਡੈਸਕ 05-06-2025

ਇਨ੍ਹਾਂ ਛੁੱਟੀਆਂ ਨੂੰ ਬੱਚਿਆਂ ਨਾਲ ਕਿਸ ਤਰ੍ਹਾਂ ਬਿਤਾਇਆ ਜਾਵੇ? ਜੇਕਰ ਇਸ ਗੱਲ ਦਾ ਧਿਆਨ ਰਹੇ ਤਾਂ ਅਸੀਂ ਇਸ ਦੇ ਸਾਕਾਰਾਤਮਿਕ ਨਤੀਜੇ ਹਾਸਲ ਕਰ ਸਕਦੇ ਹਾਂ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜੋ ਛੁੱਟੀਆਂ ਵਿਚ ਕਿਤੇ ਵੀ ਨਹੀਂ ਜਾਂਦੇ ਜਾਂ ਜੋ ਕਿਤੇ ਜਾਂਦੇ ਵੀ ਹਨ ਤਾਂ ਕੁਝ ਦਿਨਾਂ ਬਾਅਦ ਦੁਬਾਰਾ ਘਰ ਆਉਣਾ ਪੈਂਦਾ ਹੈ। ਇਸ ਤਰ੍ਹਾਂ ਜ਼ਿਆਦਾਤਰ ਸਮਾਂ ਉਨ੍ਹਾਂ ਨੂੰ ਘਰ 'ਚ ਹੀ ਬਿਤਾਉਣਾ ਪੈਂਦਾ ਹੈ।
ਸਾਧਾਰਨ ਦਿਨਾਂ ਵਿਚ ਸਕੂਲੀ ਬੱਚੇ ਸਵੇਰ ਤੋਂ ਸ਼ਾਮ ਤੱਕ ਮਸ਼ੀਨੀ ਜੀਵਨ ਜਿਊਂਦੇ ਹਨ। ਸਵੇਰੇ ਬਿਸਤਰ ਛੱਡਦਿਆਂ ਹੀ ਸਕੂਲ ਦੀ ਤਿਆਰੀ। ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਭੋਜਨ ਆਦਿ ਤੋਂ ਵਿਹਲੇ ਹੋ ਕੇ ਘੰਟਾ ਭਰ ਵੀ ਆਰਾਮ ਨਹੀਂ ਕਰ ਪਾਉਂਦੇ ਕਿ ਟਿਊਸ਼ਨ ਦਾ ਸਮਾਂ ਹੋ ਜਾਂਦਾ ਹੈ। ਉਥੋਂ ਆਉਂਦੇ ਹੀ 'ਹੋਮ-ਵਰਕ' ਅਤੇ ਪਤਾ ਨਹੀਂ ਕੀ-ਕੀ...? ਜ਼ਿਆਦਾਤਰ ਸਕੂਲਾਂ ਵਿਚ ਮੈਦਾਨ ਦੀ ਘਾਟ ਹੁੰਦੀ ਹੈ। ਇਸ ਕਾਰਨ ਸਕੂਲਾਂ ਵਿਚ ਵੀ ਬੱਚੇ ਖੇਡਾਂ ਨਹੀਂ ਖੇਡ ਪਾਉਂਦੇ ਅਤੇ ਬੱਚੇ ਚਿੜਚਿੜੇਪਨ ਦਾ ਸ਼ਿਕਾਰ ਹੋ ਜਾਂਦੇ ਹਨ।
ਛੁੱਟੀਆਂ ਵਿਚ ਬੱਚਿਆਂ ਵਿਚ ਹੋਏ ਬਦਲਾਅ ਨੂੰ ਜਾਣਨ ਦਾ ਸਭ ਤੋਂ ਸਹੀ ਸਮਾਂ ਹੁੰਦਾ ਹੈ। ਕੋਸ਼ਿਸ਼ ਕਰੋ ਕਿ ਬੱਚੇ ਘੱਟ ਤੋਂ ਘੱਟ ਇਹ ਦੋ ਮਹੀਨੇ ਮਸ਼ੀਨੀ ਜੀਵਨ ਤੋਂ ਹਟ ਕੇ ਤਣਾਅ-ਮੁਕਤ ਜੀਵਨ ਬਤੀਤ ਕਰ ਸਕਣ। ਇਨ੍ਹਾਂ ਛੁੱਟੀਆਂ ਵਿਚ ਟਾਈਮ ਟੇਬਲ ਕੁਝ ਇਸ ਤਰ੍ਹਾਂ ਬਣਾਓ ਕਿ ਬੱਚੇ ਜ਼ਿਆਦਾ ਆਜ਼ਾਦੀ ਹਾਸਲ ਕਰਕੇ ਲਾਪ੍ਰਵਾਹ ਵੀ ਨਾ ਹੋ ਜਾਣ ਅਤੇ ਜ਼ਿਆਦਾ ਭਾਰ ਤੋਂ ਬਾਅਦ ਫਿਰ ਤੋਂ ਤਣਾਅ ਵਾਲੇ ਵੀ ਨਾ ਹੋ ਜਾਣ।
ਉਨ੍ਹਾਂ ਨੂੰ ਆਪਣੀ ਸੱਭਿਅਤਾ ਨਾਲ ਜੋੜਨ ਦੀ ਕੋਸ਼ਿਸ਼ ਕਰੋ। ਇਸ ਲਈ ਉਨ੍ਹਾਂ ਨੂੰ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਲੈ ਕੇ ਜਾਓ ਜਿਸ ਨਾਲ ਉਨ੍ਹਾਂ ਦੇ ਮਾਹੌਲ ਵਿਚ ਬਦਲਾਅ ਆ ਸਕੇ ਅਤੇ ਉਹ ਸੰਸਕਾਰਾਂ ਨੂੰ ਆਪਣੇ ਮਨ ਵਿਚ ਧਾਰਨ ਕਰ ਸਕਣ। ਬੇਸ਼ੱਕ ਪੜ੍ਹਾਈ ਵਿਚੋਂ ਸਮੇਂ ਦੀ ਕਟੌਤੀ ਕਰਕੇ ਕੋਈ ਛੋਟਾ ਘੱਟ ਸਮੇਂ ਵਾਲਾ ਕੋਰਸ ਵੀ ਕਰਵਾ ਸਕਦੇ ਹੋ, ਜਿਸ ਵਿਸ਼ੇ ਵਿਚ ਬੱਚਾ ਕਮਜ਼ੋਰ ਹੋਵੇ, ਉਸ ਦੀ ਤਿਆਰੀ ਵੀ ਕਰਵਾ ਸਕਦੇ ਹੋ।
ਇਨ੍ਹਾਂ ਛੁੱਟੀਆਂ ਦੀ ਸਹੀ ਵਰਤੋਂ ਜੇਕਰ ਬੱਚੇ ਵਿਚ ਸਿਰਜਣਾਤਮਿਕ ਰੁਚੀ ਨੂੰ ਜਾਗ੍ਰਿਤ ਕਰ ਸਕੇ ਤਾਂ ਨਾ ਸਿਰਫ਼ ਉਸ ਦੀ ਸ਼ਖ਼ਸੀਅਤ ਦਾ ਵਿਕਾਸ ਹਵੇਗਾ ਸਗੋਂ ਪੂਰੇ ਸਮਾਜ ਨੂੰ ਉਸ ਦੀ ਪ੍ਰਤਿਭਾ ਤੋਂ ਲਾਭ ਹੋ ਸਕਦਾ ਹੈ।
ਜੇਕਰ ਤੁਹਾਡਾ ਬਜਟ ਆਗਿਆ ਦੇਵੇ ਤਾਂ ਸੈਰ-ਸਪਾਟੇ ਲਈ ਦੇਸ਼ ਦੇ ਹੋਰ ਥਾਵਾਂ 'ਤੇ ਜਾ ਸਕਦੇ ਹੋ। ਇਸ ਨਾਲ ਬੱਚਿਆਂ ਨੂੰ ਉਸ ਖੇਤਰ ਦੀ ਸੱਭਿਅਤਾ ਅਤੇ ਭੂਗੋਲ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਦਾ ਹੈ ਜੋ ਪੁਸਤਕਾਂ ਤੋਂ ਹਾਸਲ ਜਾਣਕਾਰੀ ਤੋਂ ਹਟ ਕੇ ਇਕ ਤਰ੍ਹਾਂ ਦਾ ਵਿਹਾਰਕ ਗਿਆਨ ਹੁੰਦਾ ਹੈ। ਇਹ ਹਮੇਸ਼ਾ ਲਈ ਯਾਦ ਹੋ ਜਾਂਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀਆਂ ਯਾਤਰਾਵਾਂ ਨਾਲ ਰਾਸ਼ਟਰੀ ਏਕਤਾ ਦੀ ਭਾਵਨਾ ਦੀ ਮਜ਼ਬੂਤੀ ਹੁੰਦੀ ਹੈ।
ਜੇਕਰ ਸੈਰ-ਸਪਾਟੇ ਦੀ ਯੋਜਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਥਾਂ ਵਿਸ਼ੇਸ਼ ਦਾ ਵਾਤਾਵਰਨ ਅਤੇ ਭੂਗੋਲਿਕ ਸਥਿਤੀ ਦੀ ਜਾਣਕਾਰੀ ਹਾਸਲ ਕਰਕੇ ਉਸ ਅਨੁਸਾਰ ਆਪਣੀ ਪੈਕਿੰਗ ਕਰੋ। ਜੇਕਰ ਕਿਸੇ ਸਕੇ-ਸੰਬੰਧੀ ਦੇ ਘਰ ਠਹਿਰਣਾ ਹੋਵੇ ਤਾਂ ਉਸ ਲਈ ਕੋਈ ਤੋਹਫ਼ਾ ਜ਼ਰੂਰ ਲੈ ਕੇ ਜਾਓ। ਮਹਿਮਾਨ ਨਾ ਬਣ ਕੇ ਸਗੋਂ ਪਰਿਵਾਰ ਦੇ ਮੈਂਬਰਾਂ ਵਾਂਗ ਰਹੋ। ਘਰ ਦੇ ਕੰਮਕਾਰ ਵਿਚ ਹੱਥ ਵੰਡਾਓ। ਜੇਕਰ ਕਿਤੇ ਘੁੰਮਣ ਜਾਂਦੇ ਹੋ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਜ਼ਰੂਰ ਲੈ ਜਾਓ। ਜੇਕਰ ਜ਼ਿਆਦਾ ਦਿਨ ਰੁਕਣ ਦੀ ਯੋਜਨਾ ਹੈ ਤਾਂ ਕੋਸ਼ਿਸ਼ ਕਰੋ ਕਿ ਉਨ੍ਹਾਂ 'ਤੇ ਆਰਥਿਕ ਬੋਝ ਨਾ ਪਵੇ। ਕਿਸੇ ਤੀਰਥ ਸਥਾਨ 'ਤੇ ਜਾਣਾ ਹੈ ਤਾਂ ਉਥੇ ਧਰਮਸ਼ਾਲਾ ਦੀ ਸਹਿਜ ਵਿਵਸਥਾ ਹੋ ਸਕਦੀ ਹੈ।
ਜੇਕਰ ਕਿਤੇ ਨਹੀਂ ਵੀ ਜਾ ਰਹੇ ਹੋ ਤਾਂ ਵੀ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ ਹੈ। ਹਰ ਸਵੇਰ ਸੈਰ 'ਤੇ ਜਾਣਾ, ਕਸਰਤ ਕਰਨਾ, ਤਾਜ਼ੇ ਫਲ ਅਤੇ ਸਬਜ਼ੀਆਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਲਈ ਰੋਜ਼ਮਰ੍ਹਾ ਦਾ ਹਿੱਸਾ ਬਣਾਓ। ਜੇਕਰ ਥਾਂ ਹੋਵੇ ਤਾਂ ਗਾਰਡਨਿੰਗ ਦੀ ਰੁਚੀ ਪੈਦਾ ਕਰਨ ਦੀ ਕੋਸ਼ਿਸ਼ ਕਰੋ। ਬੱਚਿਆਂ ਨੂੰ ਕੋਰਸ ਤੋਂ ਇਲਾਵਾ ਵੀ ਕੁਝ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰੋ। ਹਰ ਸ਼ਾਮ ਉਨ੍ਹਾਂ ਨਾਲ ਬੈਠ ਕੇ ਉਸ ਪੁਸਤਕ 'ਤੇ ਚਰਚਾ ਕਰੋ। ਸੰਭਵ ਹੋਵੇ ਤਾਂ ਇਕ ਦੇਸੀ ਜਾਂ ਵਿਦੇਸ਼ੀ ਭਾਸ਼ਾ ਸਿੱਖਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਗਰਮੀ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਰਚਨਾਤਮਿਕ ਗਤੀਵਿਧੀਆਂ ਵਿਚ ਸ਼ਾਮਿਲ ਕਰੋ ਅਗਲੀ ਖ਼ਬਰ ਬੱਚਿਆਂ ਉੱਪਰ ਬੇਵਜ੍ਹਾ ਬੋਝ ਨਾ ਪਾਓ
Ad Position 24