ਦੇਸ਼ ਦੇ ਸਿੱਖਿਆ ਖੇਤਰ ਵਿਚ ਜ਼ਿਆਦਾਤਰ ਸੂਬਿਆਂ ਦੀ ਹਾਲਤ ਤਰਸਯੋਗ ਹੈ। ਕਿਤੇ ਅਧਿਆਪਕਾਂ ਦੀ ਗਿਣਤੀ ਘੱਟ ਹੈ ਅਤੇ ਕਿਤੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਘਾਟ ਪਾਈ ਜਾਂਦੀ ਹੈ। ਇਨ੍ਹਾਂ ਸਥਿਤੀਆਂ ਦੀ ਗੰਭੀਰਤਾ ਦਾ ਪਤਾ ਇਸ ਤੱਥ ਤੋਂ ਵੀ ਲਗਦਾ ਹੈ ਕਿ ਦੇਸ਼ ਵਿਚ 1 ਲੱਖ 4 ਹਜ਼ਾਰ 125 ਸਕੂਲ ਅਜਿਹੇ ਹਨ, ਜਿੱਥੇ ਸਿਰਫ਼ ਇਕ ਹੀ ਅਧਿਆਪਕ ਸਾਰੀਆਂ ਜਮਾਤਾਂ ਦੀ ਪੜ੍ਹਾਈ ਕਰਵਾਉਣ ਤੋਂ ਇਲਾਵਾ ਹੋਰ ਵੀ ਪ੍ਰਬੰਧਕੀ ਕੰਮ ਕਰਦਾ ਹੈ। ਵੱਡੀ ਗਿਣਤੀ 'ਚ ਅਜਿਹੇ ਵੀ ਸਕੂਲ ਪਾਏ ਗਏ ਹਨ, ਜਿੱਥੇ ਇਕ ਜਾਂ ਦੋ ਤੋਂ ਵੱਧ ਅਧਿਆਪਕ ਨਹੀਂ ਹਨ, ਜਿਸ ਕਾਰਨ ਉੱਥੋਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੀ ਦਰ ਪ੍ਰਤੀ ਦਿਨ ਪ੍ਰਭਾਵਿਤ ਹੁੰਦੀ ਹੈ। ਇਸ ਦੇ ਉਲਟ ਵਿਦਿਆਰਥੀ ਪੱਧਰ 'ਤੇ ਵੀ ਸਥਿਤੀ ਅਜਿਹੀ ਹੀ ਹੈ। ਦੇਸ਼ 'ਚ ਮੌਜੂਦਾ ਤੌਰ 'ਤੇ ਕੁੱਲ 14.71 ਲੱਖ ਸਕੂਲ ਹਨ ਪਰ ਇਨ੍ਹਾਂ 'ਚੋਂ 7993 ਸਕੂਲਾਂ 'ਚ ਪਿਛਲੇ ਸਿੱਖਿਆ ਸੈਸ਼ਨ 'ਚ ਇਕ ਵੀ ਵਿਦਿਆਰਥੀ ਦਾ ਦਾਖਲਾ ਰਜਿਸਟਰ 'ਚ ਦਰਜ ਨਹੀਂ ਹੋਇਆ। ਸਿੱਖਿਆ ਲਈ ਗਠਿਤ ਏਕੀਕ੍ਰਿਤ ਜ਼ਿਲ੍ਹਾ ਸੂਚਨਾ ਪ੍ਰਣਾਲੀ ਦੀ ਇਕ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਨੇ ਬੇਸ਼ੱਕ ਸਿੱਖਿਆ ਖੇਤਰ ਲਈ ਅਨੇਕਾਂ ਨਵੀਂਆਂ ਨੀਤੀਆਂ ਅਤੇ ਪ੍ਰੋਗਰਾਮ ਤਿਆਰ ਕੀਤੇ ਹਨ ਪਰ ਇਨ੍ਹਾਂ 'ਚੋਂ ਜ਼ਿਆਦਾਤਰ ਸਿਰਫ਼ ਕਾਗਜ਼ੀ ਕਾਰਵਾਈ ਤੱਕ ਹੀ ਰਹੇ। ਇਸ ਰਿਪੋਰਟ ਦਾ ਉਦੇਸ਼ ਦੇਸ਼ ਦੇ ਸਭ ਰਾਜਾਂ 'ਚ ਸਿੱਖਿਆ ਮੰਤਰਾਲਿਆਂ ਦੀ ਕਾਰਜ ਪ੍ਰਣਾਲੀ ਦਾ ਮੁਲਾਂਕਣ ਕਰਕੇ ਡਾਟਾ ਆਧਾਰਿਤ ਜਾਣਕਾਰੀ ਇਕੱਠੀ ਕਰਨਾ ਸੀ। ਇਸ ਡਾਟੇ ਨੂੰ ਰਾਜਾਂ ਦੇ ਸਿੱਖਿਆ ਮੰਤਰਾਲਿਆ ਵਲੋਂ ਉਪਲਬਧ ਕਰਵਾਇਆ ਗਿਆ ਸੀ।
ਇਸ ਰਿਪੋਰਟ ਤੋਂ ਇਹ ਨਤੀਜਾ ਵੀ ਨਿਕਲਦਾ ਹੈ ਕਿ ਇਹ ਸਥਿਤੀ ਕਿਸੇ ਇਕ ਰਾਜ ਦੀ ਨਹੀਂ ਹੈ। ਜਿਨ੍ਹਾਂ ਰਾਜਾਂ ਦੇ ਸਕੂਲਾਂ 'ਚ ਇਕ ਵੀ ਵਿਦਿਆਰਥੀ ਨੇ ਦਾਖਲਾ ਨਹੀਂ ਲਿਆ, ਉਨ੍ਹਾਂ 'ਚ ਪੱਛਮੀ ਬੰਗਾਲ ਮੋਹਰੀ ਹੈ, ਜਿੱਥੇ ਅਜਿਹੇ ਸਕੂਲਾਂ ਦੀ ਗਿਣਤੀ 3812 ਹੈ। ਦੂਜੇ ਸਥਾਨ 'ਤੇ ਤੇਲੰਗਾਨਾ ਹੈ, ਜਿੱਥੇ 2245 ਸਕੂਲਾਂ 'ਚ ਇਕ ਵੀ ਵਿਦਿਆਰਥੀ ਦਾਖਲ ਨਹੀਂ ਹੋਇਆ। ਸਾਡੇ ਲਈ ਚੰਗੀ ਗੱਲ ਇਹ ਹੈ ਕਿ ਪੰਜਾਬ ਅਜਿਹੇ ਸਕੂਲਾਂ ਵਾਲੇ ਰਾਜਾਂ 'ਚ ਸ਼ਾਮਿਲ ਨਹੀਂ ਹੈ। ਹਰਿਆਣਾ ਤੇ ਮਹਾਰਾਸ਼ਟਰ ਸਮੇਤ 15 ਅਜਿਹੇ ਰਾਜ ਹਨ, ਜੋ ਇਸ ਜ਼ੀਰੋ ਵਿਦਿਆਰਥੀ ਪ੍ਰਵੇਸ਼ ਦੇ ਸਰਾਪ ਤੋਂ ਮੁਕਤ ਹਨ। ਬਿਹਾਰ ਨੂੰ ਹਾਲਾਂਕਿ ਦੇਸ਼ ਦੇ ਕੁਝ ਪਛੜੇ ਰਾਜਾਂ 'ਚ ਰੱਖਿਆ ਜਾਂਦਾ ਹੈ ਪਰ ਇਸ ਰਾਜ ਵਿਚ ਸਿਰਫ਼ 5 ਸਕੂਲ ਅਜਿਹੇ ਪਾਏ ਗਏ ਹਨ, ਜਿੱਥੇ ਪਿਛਲੇ ਸੈਸ਼ਨ 'ਚ ਇਕ ਵੀ ਵਿਦਿਆਰਥੀ ਨੇ ਦਾਖਲਾ ਨਹੀਂ ਸੀ ਲਿਆ।
ਇਸੇ ਤਰ੍ਹਾਂ ਦੇਸ਼ ਦੇ ਜਿਨ੍ਹਾਂ ਰਾਜਾਂ 'ਚ ਸਿਰਫ਼ ਇਕ ਹੀ ਅਧਿਆਪਕ ਹੈ, ਉਨ੍ਹਾਂ 'ਚ 12,912 ਦੀ ਗਿਣਤੀ ਦੇ ਨਾਲ ਆਂਧਰਾ ਪ੍ਰਦੇਸ਼ ਸਭ ਤੋਂ ਅੱਗੇ ਹੈ। ਦੂਜੇ ਤੇ ਤੀਜੇ ਸਥਾਨ 'ਤੇ ਉੱਤਰ ਪ੍ਰਦੇਸ਼ ਅਤੇ ਝਾਰਖੰਡ ਹਨ, ਜਿੱਥੇ ਅਜਿਹੇ ਸਕੂਲਾਂ ਦੀ ਗਿਣਤੀ ਕ੍ਰਮਵਾਰ 9508 ਅਤੇ 9172 ਹੈ। ਪੰਜਾਬ ਵੀ ਇਸ ਤਰ੍ਹਾਂ ਦੇ ਰਾਜਾਂ 'ਚ ਸ਼ੁਮਾਰ ਹੈ, ਜਿੱਥੇ ਅਜਿਹੇ 2431 ਸਕੂਲ ਹਨ। ਬਿਹਾਰ ਜੋ ਜ਼ੀਰੋ ਦਾਖਲੇ ਵਾਲੇ ਸਕੂਲਾਂ 'ਚ ਹੇਠਲੇ ਸਥਾਨ 'ਤੇ ਸੀ, ਉੱਥੇ ਇਕਮਾਤਰ ਅਧਿਆਪਕ ਵਾਲੇ ਸਕੂਲਾਂ ਦੀ ਗਿਣਤੀ 1865 ਹੈ। ਰਾਜਸਥਾਨ, ਹਿਮਾਚਲ ਤੇ ਹਰਿਆਣਾ ਵੀ ਅਜਿਹੀ ਸ਼੍ਰੇਣੀ ਵਾਲੇ ਰਾਜਾਂ 'ਚ ਹਨ, ਹਾਲਾਂਕਿ ਇਨ੍ਹਾਂ 'ਚ ਇਕਮਾਤਰ ਅਧਿਆਪਕ ਵਾਲੇ ਸਕੂਲਾਂ ਵਾਲੇ ਰਾਜਾਂ ਦੀ ਗਿਣਤੀ ਵੱਖੋ-ਵੱਖਰੀ ਹੈ। ਸਿੱਖਿਆ ਮੰਤਰੀ ਦੀ ਇਸ ਰਿਪੋਰਟ ਅਨੁਸਾਰ ਪਹਿਲਾਂ 21 ਵਿਦਿਆਰਥੀਆਂ ਲਈ ਦੇਸ਼ ਵਿਚ ਇਕ ਅਧਿਆਪਕ ਹੁੰਦਾ ਸੀ ਪਰ ਅੱਜ ਗਿਣਤੀ 31 ਹੋ ਗਈ ਹੈ। ਇਸ ਦੇ ਬਾਵਜੂਦ ਜੇ ਇੰਨੀ ਵੱਡੀ ਗਿਣਤੀ 'ਚ ਇਕਮਾਤਰ ਅਧਿਆਪਕ ਵਾਲੇ ਸਕੂਲ ਦੇਸ਼ ਵਿਚ ਮੌਜੂਦ ਹਨ ਤਾਂ ਫਿਰ ਇੱਥੇ ਸਿੱਖਿਆ ਦਾ ਰੱਬ ਹੀ ਰਾਖਾ ਹੈ। ਸਵਾਲ ਇਹ ਵੀ ਹੈ ਕਿ ਸਿੱਖਿਆ ਹੀ ਇਕ ਅਜਿਹਾ ਜ਼ਰੀਆ ਹੈ, ਜੋ ਇਨਸਾਨ ਨੂੰ ਸੱਭਿਅਕ ਤੇ ਗਿਆਨਵਾਨ ਹੋਣ ਦੀ ਗਰੰਟੀ ਦਿੰਦਾ ਹੈ ਪਰ ਸਿੱਖਿਆ ਪ੍ਰਦਾਨ ਕਰਨ ਵਾਲੇ ਮੰਦਰਾਂ ਦੀ ਅਜਿਹੀ ਹਾਲਤ ਚਿੰਤਾਜਨਕ ਹੈ। ਇਹ ਵੀ ਚਿੰਤਾ ਵਾਲੀ ਗੱਲ ਹੈ ਕਿ ਜਿਨ੍ਹਾਂ ਰਾਜਾਂ 'ਚ ਪ੍ਰਾਇਮਰੀ ਤੋਂ ਹੀ ਸਿੱਖਿਆ ਦਾ ਖੇਤਰ ਬਦਹਾਲ ਹੈ, ਉਨ੍ਹਾਂ 'ਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪੱਛਮੀ ਬੰਗਾਲ ਵੀ ਸ਼ਾਮਿਲ ਹਨ।
ਜਿੱਥੋਂ ਤੱਕ ਪੰਜਾਬ ਵਰਗੇ ਖੁਸ਼ਹਾਲ ਰਾਜ ਦੀ ਗੱਲ ਹੈ, ਇੱਥੇ ਵੀ ਇਕਮਾਤਰ ਅਧਿਆਪਕ ਵਾਲੇ ਸਕੂਲਾਂ ਦੀ ਵੱਡੀ ਗਿਣਤੀ ਹੋਣ 'ਤੇ ਸਵਾਲ ਪੈਦਾ ਹੁੰਦਾ ਹੈ, ਕਿ ਹਜ਼ਾਰਾਂ ਅਧਿਆਪਕਾਂ, ਕਰਮਚਾਰੀਆਂ ਦੀ ਭਰਤੀ ਦੇ ਦਾਅਵੇ ਸਰਕਾਰ ਦੁਆਰਾ ਕੀਤੇ ਜਾਣ 'ਤੇ ਬਾਵਜੂਦ ਅਜਿਹੀ ਦੁਰਦਸ਼ਾ ਕਿਉਂ ਹੈ? ਅਸੀਂ ਸਮਝਦੇ ਹਾਂ ਕਿ ਕਿਸੇ ਵੀ ਲੋਕਤੰਤਰਿਕ ਦੇਸ਼ ਵਿਚ ਸਿੱਖਿਆ ਹੀ ਉਹ ਜ਼ਰੀਆ ਹੁੰਦਾ ਹੈ, ਜੋ ਉਸ ਦੇ ਨਾਗਰਿਕਾਂ ਨੂੰ ਸੱਭਿਅਕ ਤੇ ਸੰਸਕ੍ਰਿਤਕ ਬਣਾਉਂਦਾ ਹੈ। ਸਿੱਖਿਆ ਉਂਝ ਵੀ ਕਿਸੇ ਲੋਕਤੰਤਰਿਕ ਦੇਸ਼ ਦੇ ਨਾਗਰਿਕਾਂ ਦਾ ਮੌਲਿਕ ਅਧਿਕਾਰ ਹੁੰਦਾ ਹੈ। ਭਾਵੇਂ ਸਰਕਾਰਾਂ ਅਧਿਆਪਕ ਭਰਤੀਆਂ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਪਰ ਵਿਵਹਾਰਕ ਪੱਧਰ 'ਤੇ ਸਥਿਤੀ ਕੀ ਹੈ, ਇਹ ਉਪਰੋਕਤ ਰਿਪੋਰਟ ਨੇ ਦੱਸ ਹੀ ਦਿੱਤਾ ਹੈ। ਬਿਨਾਂ ਸ਼ੱਕ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਨੂੰ ਇਸ ਪਾਸੇ ਪਹਿਲ ਦੇ ਆਧਾਰ 'ਤੇ ਨਾ ਸਿਰਫ਼ ਅਧਿਆਪਕਾਂ ਦੀ ਘਾਟ ਦੂਰ ਕਰਨੀ ਚਾਹੀਦੀ ਹੈ, ਸਗੋਂ ਵਿਦਿਆਰਥੀਆਂ ਦੇ ਦਾਖਲੇ ਲਈ ਵੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਿਰਫ਼ ਇਸੇ ਆਧਾਰ 'ਤੇ ਦੇਸ਼ ਵਿਚ ਸਿੱਖਿਆ ਦੀ ਰੌਸ਼ਨੀ ਨੂੰ ਫੈਲਾਇਆ ਜਾ ਸਕਦਾ ਹੈ।
ਮਾੜੀ ਸਥਿਤੀ ਵਿਚ ਹਨ ਦੇਸ਼ ਦੇ ਸਰਕਾਰੀ ਸਕੂਲ
ਅਜੀਤ ਡੈਸਕ
08-09-2025