28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਲੋਕ ਸਭਾ ਦੇ ਸਪੀਕਰ ਨੂੰ ਸਾਂਝੀ ਸੰਸਦੀ ਕਮੇਟੀ ਬਣਾਉਣ 'ਚ ਆ ਸਕਦੀ ਹੈ ਮੁਸ਼ਕਿਲ

Ad Position 21
No active advertisement
ਅਜੀਤ ਡੈਸਕ 08-09-2025

ਗ੍ਰਿਫ਼ਤਾਰੀ ਅਤੇ 30 ਦਿਨਾਂ ਦੀ ਹਿਰਾਸਤ 'ਤੇ ਮੰਤਰੀਆਂ, ਮੁੱਖ ਮੰਤਰੀਆਂ ਤੇ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਲਈ ਲਿਆਂਦੇ ਗਏ 3 ਬਿੱਲਾਂ ਨੂੰ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਵਿਚ ਭੇਜਣ ਦੇ ਬਾਅਦ ਵਿਵਾਦ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰ ਦੀਆਂ ਪਾਰਟੀਆਂ ਵਲੋਂ ਇਸ ਦਾ ਬਾਈਕਾਟ ਕਰਨ ਦੇ ਫ਼ੈਸਲੇ ਨਾਲ ਸਪੀਕਰ ਓਮ ਬਿਰਲਾ ਲਈ ਜੇ.ਪੀ.ਸੀ. ਦਾ ਗਠਨ ਕਰਨਾ ਮੁਸ਼ਕਿਲ ਹੋ ਗਿਆ ਹੈ। ਸਪੀਕਰ ਨੇ ਸਾਰੀਆਂ ਪਾਰਟੀਆਂ ਤੋਂ ਜੇ.ਪੀ.ਸੀ. ਦੇ ਲਈ ਮੈਂਬਰਾਂ ਦੇ ਨਾਂਅ ਮੰਗੇ ਹਨ, ਪਰ ਕਿਸੇ ਵੀ ਪਾਰਟੀ ਨੇ ਇਸ ਦਾ ਜਵਾਬ ਨਹੀਂ ਦਿੱਤਾ। ਇਸ ਮਾਮਲੇ ਵਿਚ ਵਿਰੋਧੀ ਧਿਰ ਦੀ ਮੁੱਖ ਪਾਰਟੀ ਕਾਂਗਰਸ ਦੂਜੀਆਂ ਵਿਰੋਧੀ ਪਾਰਟੀਆਂ ਦੀ ਰਾਇ ਲੈ ਰਹੀ ਹੈ, ਕਾਂਗਰਸ ਜੋ ਫ਼ੈਸਲਾ ਲਵੇਗੀ ਡੀ.ਐਮ.ਕੇ., ਰਾਸ਼ਟਰੀ ਜਨਤਾ ਦਲ, ਸੀ.ਪੀ.ਐਮ. ਆਦਿ ਵੀ ਉਹੀ ਫ਼ੈਸਲਾ ਲੈਣਗੀਆਂ, ਜਦਕਿ ਤ੍ਰਿਣਮੂਲ ਕਾਂਗਰਸ ਤੇ ਸਮਾਜਵਾਦੀ ਪਾਰਟੀ ਪਹਿਲਾਂ ਹੀ ਇਸ ਦੇ ਬਾਈਕਾਟ ਦਾ ਐਲਾਨ ਕਰ ਚੁੱਕੀਆਂ ਸਨ। ਪਹਿਲਾਂ ਵੀ ਕਈ ਵਾਰ ਵਿਰੋਧੀ ਪਾਰਟੀਆਂ ਜੇ.ਪੀ.ਸੀ. ਦਾ ਬਾਈਕਾਟ ਕਰ ਚੁੱਕੀਆਂ ਹਨ। ਜਦੋਂ ਬੋਫਰਜ਼ ਮਾਮਲੇ ਦੀ ਜਾਂਚ ਲਈ ਜੇ.ਪੀ.ਸੀ. ਬਣੀ ਸੀ ਤਾਂ 6 ਪਾਰਟੀਆਂ ਨੇ ਇਸ ਦਾ ਬਾਈਕਾਟ ਕੀਤਾ ਸੀ, ਜਿਨ੍ਹਾਂ ਵਿਚ ਤੇਲਗੂ ਦੇਸ਼ਮ ਤੇ ਅਸਮ ਗਣ ਪ੍ਰੀਸ਼ਦ ਵੀ ਸ਼ਾਮਿਲ ਸਨ, ਪਰ ਹੁਣ ਇਹ ਦੋਵੇਂ ਐਨ.ਡੀ.ਏ. ਵਿਚ ਸ਼ਾਮਿਲ ਹਨ। ਸਪੀਕਰ ਸਾਹਮਣੇ ਮੁਸ਼ਕਿਲ ਇਹ ਹੈ ਕਿ ਇਸ ਵਾਰ ਵਿਰੋਧੀ ਧਿਰ ਦੀਆਂ ਸਭ ਪਾਰਟੀਆਂ ਇਕ ਗਠਜੋੜ ਵਿਚ ਸ਼ਾਮਿਲ ਹਨ।
ਰਾਹੁਲ ਦੇ 'ਹਾਈਡ੍ਰੋਜਨ' ਬੰਬ 'ਚ ਕੀ ਹੈ?
ਕਾਂਗਰਸ ਦੇ ਪ੍ਰਮੁੱਖ ਨੇਤਾ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪਿਛਲੇ ਮਹੀਨੇ ਇਕ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਕਰਨਾਟਕ ਦੀ ਬੈਂਗਲੁਰੂ ਸੈਂਟਰਲ ਸੀਟ ਵਿਚ ਪੈਂਦੇ ਮਹਾਦੇਵਪੁਰਾ ਹਲਕੇ ਦੀ ਵੋਟਰ ਸੂਚੀ ਵਿਚ ਇਕ ਲੱਖ ਤੋਂ ਜ਼ਿਆਦਾ ਵੋਟਾਂ ਬਣਾਉਣ ਵਿਚ ਗੜਬੜੀ ਹੋਣ ਦੇ ਦੋਸ਼ ਲਗਾਏ ਸਨ। ਇਸ ਪ੍ਰੈਸ ਕਾਨਫਰੰਸ ਬਾਅਦ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਹਲਫ਼ਨਾਮਾ ਦੇ ਕੇ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਸੀ ਪਰ ਰਾਹੁਲ ਨੇ ਕੋਈ ਹਲਫ਼ਨਾਮਾ ਨਹੀਂ ਦਿੱਤਾ। ਹੁਣ ਬਿਹਾਰ ਵਿਚ ਵੋਟਰ ਅਧਿਕਾਰ ਯਾਤਰਾ ਦੇ ਸਮਾਪਤੀ ਇੱਕਠ ਵਿਚ ਉਨ੍ਹਾਂ ਇਹ ਕਹਿ ਕੇ ਭਾਜਪਾ ਨੇਤਾਵਾਂ ਦੀ ਨੀਂਦ ਉਡਾ ਦਿੱਤੀ ਹੈ ਕਿ ਉਸ ਕੋਲ 'ਹਾਈਡ੍ਰੋਜਨ ਬੰਬ' ਹੈ, ਜੋ ਜਲਦੀ ਹੀ ਫਟੇਗਾ। ਹੁਣ ਭਾਜਪਾ ਦੇ ਨੇਤਾ ਇਸ ਚਿੰਤਾ ਵਿਚ ਹਨ ਕਿ ਹਾਈਡ੍ਰੋਜਨ ਬੰਬ ਵਿਚ ਕੀ ਹੋ ਸਕਦਾ ਹੈ? ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਮਹਾਰਾਸ਼ਟਰ ਜਾਂ ਹਰਿਆਣਾ ਦੀ ਕਿਸੇ ਸੀਟ ਦਾ ਮਾਮਲਾ ਹੋਵੇਗਾ। ਪਰ ਭਾਜਪਾ ਵਿਚ ਹੀ ਕੁਝ ਨੇਤਾ ਇਹ ਕਿਆਸ ਲਗਾ ਰਹੇ ਹਨ ਕਿ ਕਿਤੇ ਰਾਹੁਲ ਵਾਰਾਨਸੀ ਸੀਟ ਨੂੰ ਲੈ ਕੇ ਤਾਂ ਕੋਈ ਖੁਲਾਸਾ ਨਹੀਂ ਕਰਨ ਵਾਲੇ? ਜ਼ਿਕਰਯੋਗ ਹੈ ਕਿ ਰਾਹੁਲ ਹਾਈਡ੍ਰੋਜਨ ਬੰਬ ਫਟਣ ਦੀ ਗੱਲ ਕਰਦਿਆਂ ਕਹਿ ਚੁੱਕੇ ਹਨ ਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਕਿਸੇ ਨੂੰ ਮੂੰਹ ਦਿਖਾਉਣ ਯੋਗ ਨਹੀਂ ਰਹਿਣਗੇ। ਅਜਿਹਾ ਤਾਂ ਹੀ ਹੋਵੇਗਾ, ਜਦੋਂ ਵਾਰਾਨਸੀ ਦੀ ਕੋਈ 'ਪੋਲ' ਖੁੱਲ੍ਹੇਗੀ। ਦੱਸਣਯੋਗ ਹੈ ਕਿ 2024 ਦੀਆਂ ਲੋਕ ਸਭਾ ਵੋਟਾਂ ਮੌਕੇ ਵਾਰਾਨਸੀ ਸੀਟ 'ਤੇ ਕਈ ਦੌਰਾਂ ਦੀ ਗਿਣਤੀ ਵਿਚ ਪ੍ਰਧਾਨ ਮੰਤਰੀ ਮੋਦੀ ਕਾਂਗਰਸ ਦੇ ਉਮੀਦਵਾਰ ਤੋਂ ਪਿੱਛੇ ਚੱਲ ਰਹੇ ਸਨ, ਪਰ ਅੰਤ ਵਿਚ ਡੇਢ ਲੱਖ ਵੋਟਾਂ ਨਾਲ ਜਿੱਤ ਗਏ ਸਨ। ਹਾਲਾਂਕਿ 2019 ਦੀਆਂ ਚੋਣਾਂ 'ਚ ਮੋਦੀ ਲਗਭਗ 5 ਲੱਖ ਵੋਟਾਂ ਨਾਲ ਜਿੱਤੇ ਸਨ।
ਹੁਣ ਕਾਲੇ ਧਨ ਤੋਂ ਪ੍ਰਹੇਜ਼ ਨਹੀਂ
ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਮੁੱਦੇ 'ਤੇ 2014 ਵਿਚ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੂੰ ਹੁਣ ਕਾਲੇ ਧਨ ਤੋਂ ਕੋਈ ਪ੍ਰਹੇਜ਼ ਨਹੀਂ ਹੈ। ਪਿਛਲੇ ਦਿਨੀਂ ਅਹਿਮਦਾਬਾਦ ਵਿਚ ਮਾਰੂਤੀ ਸੂਜ਼ੂਕੀ ਦੇ ਹੰਸਲਪੁਰ ਕਾਰਖਾਨੇ ਵਿਚ ਪਹਿਲੇ ਇਲੈਕਟ੍ਰੋਨਿਕ ਵਾਹਨ ਈ ਵਿਟਾਰਾ ਦੇ ਉਦਘਾਟਨ ਮੌਕੇ ਉਨ੍ਹਾਂ ਨੇ ਕਿਹਾ ''ਮੇਰੀ ਸਵਦੇਸ਼ੀ ਦੀ ਪਰਿਭਾਸ਼ਾ ਬਹੁਤ ਸਰਲ ਹੈ, ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਪੈਸਾ ਕਿਸਦਾ ਹੈ ਚਾਹੇ ਉਹ ਡਾਲਰ ਹੋਵੇ, ਪੌਂਡ ਹੋਵੇ ਭਾਵੇਂ ਉਹ ਪੈਸਾ ਕਾਲਾ ਜਾਂ ਸਫੈਦ ਹੋਵੇ। ਪਰ ਉਸ ਪੈਸੇ ਨਾਲ ਜੋ ਉਤਪਾਦਨ ਹੁੰਦਾ ਹੈ, ਉਸ ਵਿਚ ਮੇਰੇ ਦੇਸ਼ ਵਾਸੀਆਂ ਦਾ ਪਸੀਨਾ ਹੋਣਾ ਚਾਹੀਦਾ ਹੈ।'' ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਨਰਿੰਦਰ ਮੋਦੀ ਨੇ ਜੋ ਪ੍ਰਮੁੱਖ ਮੁੱਦੇ ਉਠਾਏ ਸਨ, ਉਨ੍ਹਾਂ 'ਚ ਇਕ ਪ੍ਰਮੁੱਖ ਮੁੱਦਾ ਕਾਲਾ ਧਨ ਵੀ ਸੀ। ਉਹ ਆਪਣੀਆਂ ਚੋਣ ਰੈਲੀਆਂ ਵਿਚ ਕਹਿੰਦੇ ਸਨ ਕਿ ਜੇਕਰ ਵਿਦੇਸ਼ਾਂ 'ਚ ਜਮ੍ਹਾਂ ਭਾਰਤੀਆਂ ਦਾ ਕਾਲਾ ਧਨ ਵਾਪਸ ਦੇਸ਼ ਵਿਚ ਆ ਜਾਵੇ ਤਾਂ ਹਰੇਕ ਭਾਰਤੀ ਦੇ ਖ਼ਾਤੇ ਵਿਚ 15-15 ਲੱਖ ਰੁਪਏ ਆ ਜਾਣਗੇ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਪਹਿਲ ਦੇ ਆਧਾਰ 'ਤੇ ਵਿਦੇਸ਼ 'ਚ ਜਮ੍ਹਾਂ ਕਾਲਾ ਧਨ ਵਾਪਸ ਲਿਆਉਣਗੇ ਤੇ ਕਾਲੇ ਧਨ ਦੀ ਅਰਥਵਿਵਸਥਾ ਖ਼ਤਮ ਹੋਵੇਗੀ। ਹਾਲਾਂਕਿ ਪਿਛਲੇ 11 ਸਾਲ ਦੌਰਾਨ ਵਿਦੇਸ਼ਾਂ 'ਚ ਜਮ੍ਹਾਂ ਭਾਰਤੀਆਂ ਦਾ ਧਨ ਵਧ ਗਿਆ ਹੈ। ਭਾਵੇਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਸਾਰਾ ਕਾਲਾ ਧਨ ਹੀ ਹੈ, ਪਰ ਜੇਕਰ ਹੈ ਵੀ ਤਾਂ ਪ੍ਰਧਾਨ ਮੰਤਰੀ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੈ, ਕਿਉਂਕਿ ਹੁਣ ਉਨ੍ਹਾਂ ਦਾ ਨਜ਼ਰੀਆ ਬਦਲ ਚੁੱਕਾ ਹੈ। ਜਦੋਂ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਪੈਸਾ ਕਾਲਾ ਹੋਵੇ ਜਾਂ ਸਫੈਦ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਤਾਂ ਫਿਰ ਕਾਲੇ ਧਨ ਦੇ ਖ਼ਿਲਾਫ਼ ਲੜਾਈ ਵਿਚ ਈ.ਡੀ. ਅਤੇ ਸੀ.ਬੀ.ਆਈ. ਦੀਆਂ ਕਾਰਵਾਈਆਂ ਦਾ ਕੀ ਮਤਲਬ ਹੈ?
ਜੈਸ਼ੰਕਰ ਤੇ ਡੋਵਾਲ ਦੇ ਵਿਵਾਦ ਦੀ ਛਾਇਆ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਵਿਵਾਦ ਦਾ ਅਸਰ ਕਈ ਜਗ੍ਹਾ ਦਿਸ ਰਿਹਾ ਹੈ। ਰਿਲਾਇੰਸ ਸਮੂਹ ਦਾ ਅਮਰੀਕਾ ਵਿਚ ਹੋਣ ਵਾਲਾ ਪ੍ਰੋਗਰਾਮ ਰੱਦ ਹੋ ਗਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਚੀਨ ਯਾਤਰਾ ਦੌਰਾਨ ਇਸ ਦਾ ਅਸਰ ਦਿਸਿਆ ਸੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਦੁਵੱਲੀ ਵਾਰਤਾ ਮੌਕੇ ਜੈਸ਼ੰਕਰ ਦੀ ਜਗ੍ਹਾ ਅਜੀਤ ਡੋਵਾਲ ਮੌਜੂਦ ਸਨ। ਪੁਤਿਨ ਦੇ ਨਾਲ ਉਨ੍ਹਾਂ ਦੇ ਵਿਦੇਸ਼ ਮੰਤਰੀ ਸਰਗੇਈ ਲਵਾਰੋਵ ਸਨ ਤਾਂ ਮੋਦੀ ਨਾਲ ਡੋਵਾਲ ਮੌਜੂਦ ਸਨ। ਹਾਲਾਂਕਿ ਬਾਅਦ ਵਿਚ ਮੀਡੀਆ 'ਚ ਵੀ ਇਹ ਪ੍ਰਚਾਰ ਕੀਤਾ ਗਿਆ ਕਿ ਭਾਰਤ ਦੀ ਰਣਨੀਤੀ ਬਦਲ ਰਹੀ ਹੈ, ਇਸ ਲਈ ਮੋਦੀ ਦੇ ਨਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੌਜੂਦ ਸਨ। ਦਰਅਸਲ ਇਹ ਪ੍ਰਚਾਰ ਜੈਸ਼ੰਕਰ ਤੇ ਡੋਵਾਲ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਵਿਵਾਦ ਤੋਂ ਧਿਆਨ ਹਟਾਉਣ ਲਈ ਚਲਾਇਆ ਗਿਆ। ਮੀਡੀਆ ਦੀਆਂ ਖ਼ਬਰਾਂ ਵਿਚ ਦੱਸਿਆ ਗਿਆ ਕਿ ਜੈਸ਼ੰਕਰ ਦੇ ਬੇਟੇ ਧੁਰਵ ਜੈਸ਼ੰਕਰ ਅਮਰੀਕਾ ਵਿਚ ਆਬਜ਼ਰਵਰ ਰਿਸਰਚ ਫਾਉਂਡੇਸ਼ਨ (ਓ.ਆਰ.ਐਫ.) ਦੇ ਪ੍ਰਮੁੱਖ ਹਨ ਅਤੇ ਉਸ 'ਤੇ ਦੋਸ਼ ਹੈ ਕਿ ਉਸ ਨੇ ਭਾਰਤ ਦੀਆਂ ਕਈ ਖੁਫੀਆ ਜਾਣਕਾਰੀਆਂ ਅਮਰੀਕਾ ਨੂੰ 'ਲੀਕ' ਕੀਤੀਆਂ ਹਨ। ਮੀਡੀਆ ਵਿਚ ਇਹ ਨੈਰੇਟਿਵ ਬਣਿਆ ਕਿ ਮੋਦੀ ਨੂੰ ਉਨ੍ਹਾਂ ਦੇ ਇਕ ਕਰੀਬੀ ਨੇ ਧੋਖਾ ਦਿੱਤਾ ਹੈ। ਇਸ ਵਿਵਾਦ ਦੇ ਦਰਮਿਆਨ ਰਿਲਾਇੰਸ ਗਰੁੱਪ ਦੇ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਵਲੋਂ ਅਮਰੀਕੀ ਵਿਚ ਹੋਣ ਵਾਲਾ ਇਕ ਹਫ਼ਤੇ ਦਾ ਇੰਡੀਆ ਵੀਕ ਪ੍ਰੋਗਰਾਮ ਅੱਗੇ ਵਧਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਨਾਲ ਚੱਲ ਰਹੇ ਵਿਵਾਦ ਅਤੇ ਉੱਪਰ ਤੋਂ ਜੈਸ਼ੰਕਰ ਬਨਾਮ ਡੋਵਾਲ ਵਿਵਾਦ ਕਰਕੇ ਇਹ ਪ੍ਰੋਗਰਾਮ ਟਲਿਆ ਹੈ।
ਰਾਮਦੇਵ ਨੂੰ ਹੋਇਆ ਫ਼ਾਇਦਾ
ਅਮਰੀਕਾ ਦੇ ਨਾਲ ਭਾਰਤ ਦੇ ਟੈਰਿਫ ਵਿਵਾਦ ਤੋਂ ਕਾਰਪੋਰੇਟ ਬਾਬਾ ਰਾਮਦੇਵ ਨੂੰ ਮੂੰਹਮੰਗੀ ਮੁਰਾਦ ਮਿਲ ਗਈ ਹੈ। ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਕੰਪਨੀ ਪਤੰਜਲੀ ਦੇ ਉਤਪਾਦਾਂ ਨੂੰ ਸਵਦੇਸ਼ੀ ਦੇ ਨਾਂਅ 'ਤੇ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੈਸੇ ਉਹ ਧਰਮ ਦੇ ਆਧਾਰ 'ਤੇ ਵੰਡ ਕਰਵਾ ਕੇ ਵੀ ਆਪਣਾ ਸਾਮਾਨ ਵੇਚਣ ਦੀਆਂ ਕੋਸ਼ਿਸ਼ਾਂ ਕਰ ਚੁੱਕਿਆ ਹੈ, ਜਿਸ ਲਈ ਉਸ ਨੂੰ ਅਦਾਲਤ ਤੋਂ ਝਾੜ ਵੀ ਪੈ ਚੁੱਕੀ ਹੈ। ਹੁਣ ਅਮਰੀਕਾ ਨਾਲ ਟੈਰਿਫ ਵਿਵਾਦ ਦੇ ਬਾਅਦ ਸਵਦੇਸ਼ੀ ਨੂੰ ਪ੍ਰਮੋਟ ਕਰਨ ਦੇ ਨਾਂਅ 'ਤੇ ਉਸ ਨੂੰ ਆਪਣੀ ਕੰਪਨੀ ਦੇ ਉਤਪਾਦ ਵੇਚਣ ਦੀ ਮੁਰਾਦ ਪੂਰੀ ਹੁੰਦੀ ਦਿਸ ਰਹੀ ਹੈ। ਜਿਵੇਂ ਹੀ 27 ਅਗਸਤ ਨੂੰ ਅਮਰੀਕਾ ਦਾ ਵਧਾਇਆ ਹੋਇਆ 25 ਫ਼ੀਸਦੀ ਵਾਧੂ ਟੈਰਿਫ ਲਾਗੂ ਹੋਇਆ ਤਾਂ ਰਾਮਦੇਵ ਨੇ ਪੂਰੇ ਜ਼ੋਰ ਨਾਲ ਸਵਦੇਸ਼ੀ ਦਾ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਵਲੋਂ ਸਵਦੇਸ਼ੀ ਅਪਣਾਉਣ ਦੀ ਅਪੀਲ ਨਾਲ ਵੀ ਰਾਮਦੇਵ ਨੂੰ ਫਾਇਦਾ ਹੋਇਆ ਹੈ। ਰਾਮਦੇਵ ਤੇ ਉਸ ਦੀ ਪੂਰੀ ਟੀਮ 27 ਅਗਸਤ ਤੋਂ ਦਿੱਲੀ ਤੇ ਨੋਇਡਾ ਦੇ ਟੈਲੀਵਿਜ਼ਨ ਚੈਨਲਾਂ ਦੇ ਟਿਕਾਣਿਆਂ 'ਤੇ ਘੁੰਮ ਰਹੇ ਸਨ ਅਤੇ ਹਰ ਜਗ੍ਹਾ ਇੰਟਰਵਿਊ ਦਿੰਦੇ ਹੋਏ ਭਾਰਤ ਨੂੰ ਸਭ ਤੋਂ ਵੱਡਾ ਬਾਜ਼ਾਰ ਦੱਸ ਰਹੇ ਸਨ। ਉਹ ਭਾਰਤੀਆਂ ਦੇ ਸਵੈਮਾਨ ਨੂੰ ਲਲਕਾਰਦਿਆਂ ਉਨ੍ਹਾਂ ਨੂੰ ਪਤੰਜਲੀ ਦਾ ਸਾਮਾਨ ਖਰੀਦਣ ਲਈ ਪ੍ਰੇਰਿਤ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਦੇ ਆਪਣੇ ਕਈ ਉਤਪਾਦ ਬਾਹਰੋਂ ਮੰਗਵਾਏ ਸਾਮਾਨ ਨਾਲ ਬਣਦੇ ਹਨ। ਫਿਲਹਾਲ ਆਪਣੇ ਸਵਦੇਸ਼ੀ ਦੇ ਪ੍ਰਚਾਰ ਨਾਲ ਉਹ ਇਸ ਸਥਿਤੀ ਦਾ ਸਭ ਤੋਂ ਜ਼ਿਆਦਾ ਲਾਭ ਉਠਾਉਣ ਦੀ ਸਥਿਤੀ ਵਿਚ ਦਿਸ ਰਹੇ ਹਨ। ਪਰ ਉਹ ਭੁੱਲ ਰਹੇ ਹਨ ਕਿ ਲੋਕਾਂ ਲਈ ਸਵਦੇਸ਼ੀ ਦੇ ਨਾਲ-ਨਾਲ ਉਤਪਾਦਾਂ ਦੀ ਗੁਣਵੱਤਾ ਵੀ ਮਾਇਨੇ ਰੱਖਦੀ ਹੈ।

Ad Position 22
No active advertisement
ਪਿਛਲੀ ਖ਼ਬਰ ਮਹਿਲਾ ਸਾਖ਼ਰਤਾ : ਰਾਸ਼ਟਰ ਦੀ ਪ੍ਰਗਤੀ ਦੀ ਮੁੱਖ ਕੁੰਜੀ ਅਗਲੀ ਖ਼ਬਰ ਮਾੜੀ ਸਥਿਤੀ ਵਿਚ ਹਨ ਦੇਸ਼ ਦੇ ਸਰਕਾਰੀ ਸਕੂਲ
Ad Position 24