28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਮਹਿਲਾ ਸਾਖ਼ਰਤਾ : ਰਾਸ਼ਟਰ ਦੀ ਪ੍ਰਗਤੀ ਦੀ ਮੁੱਖ ਕੁੰਜੀ

Ad Position 21
No active advertisement
ਅਜੀਤ ਡੈਸਕ 08-09-2025

ਕਿਸੇ ਵੀ ਦੇਸ਼ ਦੇ ਵਿਕਾਸ ਲਈ ਮਹਿਲਾਵਾਂ ਦਾ ਸਾਖ਼ਰ ਹੋਣਾ ਬਹੁਤ ਮਹੱਤਵਪੂਰਨ ਹੈ। ਮਹਿਲਾਵਾਂ ਦੀ ਸਾਖ਼ਰਤਾ ਪੜ੍ਹੇ-ਲਿਖਿਆਂ ਦੀ ਦਰ ਦੱਸਣ ਦੇ ਨਾਲ-ਨਾਲ ਸਮਾਜ ਵਿਚ ਮਹਿਲਾਵਾਂ ਦੀ ਇੱਜ਼ਤ, ਉਨ੍ਹਾਂ ਦੀ ਆਰਥਿਕ ਸਥਿਤੀ ਤੇ ਸਮਾਜਿਕ ਦਰਜੇ ਨੂੰ ਵੀ ਦਰਸਾਉਂਦੀ ਹੈ। ਵਿਸ਼ਵ ਪੱਧਰ 'ਤੇ ਮਹਿਲਾਵਾਂ ਦੀ ਔਸਤ ਸਾਖ਼ਰਤਾ ਦਰ 82.7 ਫ਼ੀਸਦੀ ਹੈ। ਵਿਕਸਿਤ ਦੇਸ਼ਾਂ ਜਿਵੇਂ-ਇੰਗਲੈਂਡ, ਜਰਮਨੀ ਤੇ ਆਸਟ੍ਰੇਲੀਆ ਵਿਚ ਇਹ ਦਰ 99 ਫ਼ੀਸਦੀ ਤੋਂ ਵੱਧ ਹੈ। ਪਰ ਦੱਖਣੀ ਏਸ਼ੀਆ ਅਤੇ ਅਫ਼ਰੀਕਾ ਦੇ ਕਈ ਦੇਸ਼ਾਂ ਵਿਚ ਮਹਿਲਾਵਾਂ ਦੀ ਪੜ੍ਹਾਈ-ਲਿਖਾਈ ਅਜੇ ਵੀ ਬਹੁਤ ਘੱਟ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ ਅਨੁਸਾਰ ਭਾਰਤ ਦੀ ਆਰਥਿਕ ਵਿਕਾਸ ਦਰ ਵਿੱਤੀ ਸਾਲ 2025-2026 ਅਤੇ 2026-2027 ਦੋਹਾਂ ਲਈ 6.4 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਇਸ ਸੰਸਥਾ ਦੀ ਨਵੀਨਤਮ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਰਿਪੋਰਟ ਅਨੁਸਾਰ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਪਰ ਇੱਥੇ ਮਹਿਲਾ ਸਾਖ਼ਰਤਾ ਦਰ ਅਜੇ ਵੀ ਚਿੰਤਾਜਨਕ ਤੌਰ 'ਤੇ ਘੱਟ ਹੈ।
ਯੂਨੈਸਕੋ ਇੰਸਟੀਚਿਊਟ ਫਾਰ ਸਟੈਟਿਸਟਿਕਸ (2022) ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਮਹਿਲਾਵਾਂ ਦੀ ਸਾਖ਼ਰਤਾ ਦਰ 70.30 ਫ਼ੀਸਦੀ ਸੀ, ਜੋ ਪੁਰਸ਼ਾਂ ਦੀ 84.70 ਫ਼ੀਸਦੀ ਸਾਖ਼ਰਤਾ ਨਾਲੋਂ ਕਾਫ਼ੀ ਘੱਟ ਸੀ। ਵਿਸ਼ਵ ਪੱਧਰ 'ਤੇ ਮਹਿਲਾ ਸਾਖ਼ਰਤਾ ਦਰ 79 ਫ਼ੀਸਦੀ ਸੀ, ਜਿਸ ਨਾਲੋਂ ਭਾਰਤ (70.30 ਫ਼ੀਸਦੀ) 8.7 ਫ਼ੀਸਦੀ ਪਿੱਛੇ ਹੈ। ਸਾਲ 2011 ਦੀ ਜਨਗਣਨਾ ਮੌਕੇ ਭਾਰਤ ਦੀ ਕੁੱਲ ਸਾਖ਼ਰਤਾ ਦਰ 74.04 ਫ਼ੀਸਦੀ ਸੀ, ਜਿਸ ਵਿਚ ਪੁਰਸ਼ਾਂ ਦੀ ਇਹ ਦਰ 82.14 ਫ਼ੀਸਦੀ ਅਤੇ ਮਹਿਲਾਵਾਂ ਦੀ 65.46 ਫ਼ੀਸਦੀ ਸੀ। ਜੇਕਰ ਇਨ੍ਹਾਂ ਦੀ ਰਾਜ ਪੱਧਰ 'ਤੇ ਸਮੀਖਿਆ ਕੀਤੀ ਜਾਵੇ, ਤਾਂ ਸਭ ਤੋਂ ਵੱਧ ਮਹਿਲਾ ਸਾਖ਼ਰਤਾ ਦਰ ਵਾਲੇ ਰਾਜ ਕੇਰਲ (92 ਫ਼ੀਸਦੀ), ਮਿਜ਼ੋਰਮ (89.27 ਫ਼ੀਸਦੀ) ਤੇ ਲਕਸ਼ਦੀਪ (88.25 ਫ਼ੀਸਦੀ) ਹਨ ਅਤੇ ਸਭ ਤੋਂ ਘੱਟ ਮਹਿਲਾ ਸਾਖ਼ਰਤਾ ਵਾਲੇ ਰਾਜ ਬਿਹਾਰ (51.5 ਫ਼ੀਸਦੀ ), ਰਾਜਸਥਾਨ (52.1 ਫ਼ੀਸਦੀ) ਅਤੇ ਝਾਰਖੰਡ (56.2 ਫ਼ੀਸਦੀ) ਹਨ। ਸਾਲ 2011 ਦੀ ਜਨਗਣਨਾ ਦੇ ਇਨ੍ਹਾਂ ਅੰਕੜਿਆਂ ਦੀ ਸੂਚਨਾ ਤੋਂ ਬਾਅਦ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਸਾਲ 2019-21) ਅਤੇ ਰਾਸ਼ਟਰੀ ਅੰਕੜਾ ਦਫ਼ਤਰ (2021-22) ਮੁਤਾਬਿਕ ਭਾਰਤ ਦੀ ਕੁੱਲ ਸਾਖ਼ਰਤਾ ਦਰ 77.7 ਫ਼ੀਸਦੀ ਤੱਕ ਪਹੁੰਚ ਗਈ ਹੈ, ਜਿਸ ਵਿਚ ਪੁਰਸ਼ 84.7 ਫ਼ੀਸਦੀ ਅਤੇ ਮਹਿਲਾਵਾਂ 70.3 ਫ਼ੀਸਦੀ ਹਨ ਭਾਵ ਮਹਿਲਾਵਾਂ ਅਤੇ ਪੁਰਸ਼ਾਂ ਵਿਚਕਾਰ ਸਾਖ਼ਰਤਾ ਦਰ ਦੀ ਅਸਮਾਨਤਾ ਅਜੇ ਵੀ ਕਾਇਮ ਹੈ, ਸੰਤੁਲਿਤ ਵਿਕਾਸ ਹਿਤ ਜਿਸ ਨੂੰ ਪੂਰਿਆ ਜਾਣਾ ਜ਼ਰੂਰੀ ਹੈ।
ਜਿੱਥੇ ਮਹਿਲਾਵਾਂ ਪੜ੍ਹੀਆਂ-ਲਿਖੀਆਂ ਨਹੀਂ ਹੁੰਦੀਆਂ, ਉੱਥੇ ਗਰੀਬੀ, ਬੇਰੁਜ਼ਗਾਰੀ ਤੇ ਸਮਾਜਿਕ ਸਮੱਸਿਆਵਾਂ ਵਧਦੀਆਂ ਹਨ। ਮਹਿਲਾਵਾਂ ਦੇ ਸਾਖ਼ਰ ਨਾ ਹੋਣ ਵਾਲੇ ਖੇਤਰਾਂ ਵਿਚ ਆਬਾਦੀ ਤੇਜ਼ੀ ਨਾਲ ਵਧਦੀ ਹੈ, ਮਹਿਲਾਵਾਂ 'ਤੇ ਅਤਿਆਚਾਰ ਵਧਦੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਵੀ ਕਮਜ਼ੋਰ ਰਹਿੰਦੀ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (2019-21) ਦਰਸਾਉਂਦੇ ਹਨ ਕਿ ਜਿਨ੍ਹਾਂ ਮਹਿਲਾਵਾਂ ਨੇ ਦਸਵੀਂ ਤੋਂ ਉੱਪਰ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ, ਉਨ੍ਹਾਂ ਦਾ ਵਿਆਹ ਛੋਟੀ ਉਮਰ ਵਿਚ ਹੋ ਜਾਂਦਾ ਹੈ ਤੇ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਵੀ ਕਮਜ਼ੋਰ ਰਹਿੰਦੀ ਹੈ। ਮਹਿਲਾ ਸਿੱਖਿਆ ਵਧਾਉਣ ਲਈ ਭਾਰਤ ਸਰਕਾਰ ਵਲੋਂ ਕਈ ਯੋਜਨਾਵਾਂ ਚਲਾਈਆਂ ਗਈਆਂ ਹਨ, ਜਿਵੇਂ ਬੇਟੀ ਬਚਾਓ ਬੇਟੀ ਪੜ੍ਹਾਓ, ਸਮੱਗਰਾ ਸਿੱਖਿਆ ਅਭਿਆਨ ਅਤੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਆਦਿ। ਇਨ੍ਹਾਂ ਦਾ ਉਦੇਸ਼ ਲੜਕੀਆਂ ਨੂੰ ਸਕੂਲਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਸਿੱਖਿਆ ਦੇ ਕੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨਾ ਹੈ। ਮਹਿਲਾ ਸਾਖ਼ਰਤਾ ਦੇ ਉਥਾਨ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾ ਜਿਵੇਂ ਵਜ਼ੀਫ਼ੇ, ਮੁਫ਼ਤ ਕਿਤਾਬਾਂ, ਵਰਦੀ ਅਤੇ ਖ਼ਾਸ ਤੌਰ 'ਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਸਕੂਲਾਂ ਦੀ ਉਪਲਬਧਤਾ ਕਰਵਾਉਣੀ ਬਹੁਤ ਜ਼ਰੂਰੀ ਹੈ।
ਹਾਲ ਹੀ ਵਿਚ ਪੇਂਡੂ ਅਤੇ ਸਿੱਖਿਆ ਪੱਖੋਂ ਪਛੜੇ ਖੇਤਰਾਂ ਵਿਚ ਲੜਕੀਆਂ ਦੀ ਸਿੱਖਿਆ ਲਈ ਕੰਮ ਕਰ ਰਹੀ ਗ਼ੈਰ-ਸਰਕਾਰੀ ਸੰਸਥਾ (ਐਨ.ਜੀ.ਓ.) 'ਫਾਊਂਡੇਸ਼ਨ ਟੂ ਐਜੂਕੇਟ ਗਰਲਜ਼ ਗਲੋਬਲੀ' ਨੂੰ 2025 ਦਾ ਰਮਨ ਮੈਗਸੇਸੇ ਪੁਰਸਕਾਰ ਦਿੱਤਾ ਗਿਆ ਹੈ। ਇਹ ਭਾਰਤ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਤੱਥ ਧਿਆਨ ਖਿੱਚਦਾ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਲਾਘਾ ਹੋਣੀ ਚਾਹੀਦੀ ਹੈ, ਤਾਂ ਕਿ ਘੱਟ ਵਿਕਸਿਤ ਖੇਤਰਾਂ ਵਿਚ ਵੀ ਮਹਿਲਾਵਾਂ ਲਈ ਸਾਖ਼ਰ ਹੋਣ ਦੇ ਰਸਤੇ ਆਸਾਨੀ ਨਾਲ ਉਪਲਬਧ ਹੁੰਦੇ ਰਹਿਣ ਤੇ ਉਨ੍ਹਾਂ ਦੀ ਪੜ੍ਹਾਈ ਲਈ ਸਾਕਾਰਾਤਮਕ ਮਾਹੌਲ ਬਣਿਆ ਰਹੇ।
ਇਹ ਗੱਲ ਸਪੱਸ਼ਟ ਹੈ ਕਿ ਜਿੱਥੇ ਮਹਿਲਾਵਾਂ ਦੀ ਸਾਖ਼ਰਤਾ ਦਰ ਉੱਚੀ ਹੁੰਦੀ ਹੈ, ਉੱਥੇ ਸਿਹਤ ਸੇਵਾਵਾਂ, ਰੁਜ਼ਗਾਰ ਦੇ ਮੌਕੇ 'ਤੇ ਸਮਾਜਿਕ ਵਿਕਾਸ ਹੋਰ ਮਜ਼ਬੂਤ ਬਣਦੇ ਹਨ। ਕੇਰਲ ਅਤੇ ਹਿਮਾਚਲ ਪ੍ਰਦੇਸ਼ ਇਸ ਦੀਆਂ ਉਦਾਹਰਨਾਂ ਹਨ। ਪੜ੍ਹੀ-ਲਿਖੀ ਮਹਿਲਾ ਪਰਿਵਾਰ ਤੋਂ ਲੈ ਕੇ ਸਮਾਜ ਅਤੇ ਸਮੁੱਚੀ ਅਰਥਵਿਵਸਥਾ ਦੇ ਪੱਧਰ ਤੱਕ ਆਪਣਾ ਪ੍ਰਭਾਵਸ਼ਾਲੀ ਯੋਗਦਾਨ ਪਾਉਂਦੀ ਹੋਈ ਹਰ ਖੇਤਰ ਵਿਚ ਪ੍ਰਗਤੀ ਦਾ ਰਾਹ ਖੋਲ੍ਹਦੀ ਹੈ। ਮਹਿਲਾਵਾਂ ਦੀ ਸਿੱਖਿਆ ਵਿਚ ਨਿਵੇਸ਼ ਕਰਨ ਨਾਲ ਦੇਸ਼ ਦਾ ਸੰਤੁਲਿਤ ਵਿਕਾਸ ਹੋਣ ਦੇ ਨਾਲ-ਨਾਲ ਇਹ ਵਧੇਰੇ ਆਤਮ-ਨਿਰਭਰ ਵੀ ਬਣਦਾ ਹੈ। ਇਸ ਲਈ ਮਹਿਲਾਵਾਂ ਦੀ ਸਿੱਖਿਆ ਸਿਰਫ਼ ਇਨ੍ਹਾਂ ਦਾ ਇਕ ਵਿਅਕਤੀਗਤ ਉਥਾਨ ਨਹੀਂ, ਸਗੋਂ ਇਹ ਪੂਰੇ ਸਮਾਜ ਅਤੇ ਰਾਸ਼ਟਰ ਦੀ ਪ੍ਰਗਤੀ ਦੀ ਇਕ ਪ੍ਰਮੁੱਖ ਕੁੰਜੀ ਹੈ।

-ਲੈਕਚਰਾਰ ਅਰਥ ਸ਼ਾਸਤਰ,
ਪੀ.ਐਮ. ਸ੍ਰੀ ਸ.ਸੀ.ਸੈ. ਸਕੂਲ, ਗੋਬਿੰਦਪੁਰਾ (ਬਠਿੰਡਾ)।
ਮੋਬਾ: 98767-04815

Ad Position 22
No active advertisement
ਪਿਛਲੀ ਖ਼ਬਰ ਜਨਮ ਸ਼ਤਾਬਦੀ ਵਰ੍ਹੇ 'ਤੇ ਵਿਸ਼ੇਸ਼-ਬਹੁਪੱਖੀ ਸ਼ਖ਼ਸੀਅਤ ਸਨ 'ਭਾਰਤ ਰਤਨ' ਭੂਪੇਨ ਹਜ਼ਾਰਿਕਾ ਅਗਲੀ ਖ਼ਬਰ ਲੋਕ ਸਭਾ ਦੇ ਸਪੀਕਰ ਨੂੰ ਸਾਂਝੀ ਸੰਸਦੀ ਕਮੇਟੀ ਬਣਾਉਣ 'ਚ ਆ ਸਕਦੀ ਹੈ ਮੁਸ਼ਕਿਲ
Ad Position 24