28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਜਨਮ ਸ਼ਤਾਬਦੀ ਵਰ੍ਹੇ 'ਤੇ ਵਿਸ਼ੇਸ਼-ਬਹੁਪੱਖੀ ਸ਼ਖ਼ਸੀਅਤ ਸਨ 'ਭਾਰਤ ਰਤਨ' ਭੂਪੇਨ ਹਜ਼ਾਰਿਕਾ

Ad Position 21
No active advertisement
ਅਜੀਤ ਡੈਸਕ 08-09-2025

ਭਾਰਤੀ ਸੱਭਿਆਚਾਰ ਅਤੇ ਸੰਗੀਤ ਨਾਲ ਮੋਹ ਰੱਖਣ ਵਾਲਿਆਂ ਲਈ ਅੱਜ 8 ਸਤੰਬਰ ਦਾ ਦਿਨ ਬਹੁਤ ਖ਼ਾਸ ਹੈ ਅਤੇ ਇਹ ਦਿਨ ਖ਼ਾਸ ਤੌਰ 'ਤੇ ਆਸਾਮ ਦੇ ਮੇਰੇ ਭੈਣਾਂ-ਭਰਾਵਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਅੱਜ 'ਭਾਰਤ ਰਤਨ' ਡਾ. ਭੂਪੇਨ ਹਜ਼ਾਰਿਕਾ ਦੀ ਜਨਮ ਵਰ੍ਹੇਗੰਢ ਹੈ। ਉਨ੍ਹਾਂ ਦਾ ਜਨਮ 8 ਸਤੰਬਰ, 1926 'ਚ ਆਸਾਮ ਵਿਚ ਹੋਇਆ ਸੀ। ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਇਸ ਸਾਲ ਉਨ੍ਹਾਂ ਦਾ ਜਨਮ ਸ਼ਤਾਬਦੀ ਵਰ੍ਹਾ ਸ਼ੁਰੂ ਹੋ ਰਿਹਾ ਹੈ। ਇਹ ਭਾਰਤੀ ਕਲਾ ਜਗਤ ਅਤੇ ਲੋਕ ਚੇਤਨਾ ਵੱਲ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਮੁੜ ਯਾਦ ਕਰਨ ਦਾ ਸਮਾਂ ਹੈ।
'ਭੂਪੇਨ ਦਾ' ਦੇ ਸੰਗੀਤ ਵਿਚ ਅਜਿਹੀਆਂ ਭਾਵਨਾਵਾਂ ਸਨ, ਜੋ ਧੁਨ ਤੋਂ ਪਰ੍ਹੇ ਸਨ। ਉਹ ਸਿਰਫ਼ ਇਕ ਗਾਇਕ ਹੀ ਨਹੀਂ ਸਨ, ਉਹ ਲੋਕਾਂ ਦੇ ਦਿਲ ਦੀ ਧੜਕਣ ਸਨ। ਕਈ ਪੀੜ੍ਹੀਆਂ ਉਨ੍ਹਾਂ ਦੇ ਗੀਤ ਸੁਣ ਕੇ ਵੱਡੀਆਂ ਹੋਈਆਂ। ਉਨ੍ਹਾਂ ਦੇ ਗੀਤਾਂ ਵਿਚ ਹਮੇਸ਼ਾ ਦਇਆ, ਸਮਾਜਿਕ ਨਿਆਂ, ਏਕਤਾ ਅਤੇ ਡੂੰਘੀ ਨੇੜਤਾ ਦੀ ਗੂੰਜ ਹੈ।
'ਭੂਪੇਨ ਦਾ' ਦੇ ਰੂਪ ਵਿਚ, ਆਸਾਮ ਤੋਂ ਇਕ ਅਜਿਹੀ ਆਵਾਜ਼ ਉੱਭਰੀ, ਜੋ ਇਕ ਸਦੀਵੀ ਨਦੀ ਵਾਂਗ ਵਹਿੰਦੀ ਰਹੀ। 'ਭੂਪੇਨ ਦਾ' ਸਰੀਰਕ ਤੌਰ 'ਤੇ ਸਾਡੇ ਵਿਚ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੀ ਆਵਾਜ਼ ਅੱਜ ਵੀ ਸਾਡੇ ਦਰਮਿਆਨ ਮੌਜੂਦ ਹੈ। ਉਹ ਆਵਾਜ਼ ਅੱਜ ਵੀ ਸਰਹੱਦਾਂ ਅਤੇ ਸੱਭਿਆਚਾਰਾਂ ਤੋਂ ਪਰ੍ਹੇ ਹੈ। ਉਸ ਵਿਚ ਮਨੁੱਖਤਾ ਦਾ ਅਹਿਸਾਸ ਹੈ।
'ਭੂਪੇਨ ਦਾ' ਪੂਰੀ ਦੁਨੀਆ ਘੁੰਮੇ, ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਮਿਲੇ, ਪਰ ਉਹ ਹਮੇਸ਼ਾ ਆਸਾਮ ਵਿਚ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ। ਆਸਾਮ ਦੀਆਂ ਅਮੀਰ ਮੌਖਿਕ ਪਰੰਪਰਾਵਾਂ, ਲੋਕ ਧੁਨਾਂ ਅਤੇ ਭਾਈਚਾਰਕ ਕਹਾਣੀਆਂ ਸੁਣਾਉਣ ਦੇ ਢੰਗ-ਤਰੀਕਿਆਂ ਨੇ ਉਨ੍ਹਾਂ ਦੇ ਬਚਪਨ ਨੂੰ ਘੜਿਆ। ਇਹ ਤਜਰਬੇ ਉਨ੍ਹਾਂ ਦੀ ਕਲਾਤਮਕ ਭਾਸ਼ਾ ਦੀ ਬੁਨਿਆਦ ਬਣੇ। ਉਹ ਹਮੇਸ਼ਾ ਆਸਾਮ ਦੀ ਆਦਿਵਾਸੀ ਪਛਾਣ ਅਤੇ ਲੋਕਾਂ ਦੇ ਸਰੋਕਾਰਾਂ ਨੂੰ ਹਰ ਵੇਲੇ ਆਪਣੇ ਨਾਲ ਲੈ ਕੇ ਚੱਲੇ।
ਬਹੁਤ ਛੋਟੀ ਉਮਰ ਤੋਂ ਹੀ ਉਨ੍ਹਾਂ ਦੀ ਪ੍ਰਤਿਭਾ ਲੋਕ ਨੂੰ ਦਿਖਣ ਲੱਗ ਪਈ ਸੀ। ਸਿਰਫ਼ ਪੰਜ ਸਾਲ ਦੀ ਉਮਰ ਵਿਚ ਹੀ ਉਨ੍ਹਾਂ ਨੇ ਇਕ ਜਨਤਕ ਮੰਚ 'ਤੇ ਗੀਤ ਗਾਇਆ ਸੀ। ਉੱਥੇ ਲਕਸ਼ਮੀਨਾਥ ਬੇਝਬਰੂਆ ਵਰਗੇ ਅਸਮੀ ਸਾਹਿਤ ਦੇ ਮੋਹਰੀਆਂ ਨੇ ਉਨ੍ਹਾਂ ਦੇ ਹੁਨਰ ਨੂੰ ਪਛਾਣ ਲਿਆ ਸੀ। ਅੱਲ੍ਹੜ ਉਮਰ ਵਿਚ ਪਹੁੰਚੇ, ਉਨ੍ਹਾਂ ਨੇ ਆਪਣਾ ਪਹਿਲਾ ਗੀਤ ਰਿਕਾਰਡ ਕਰਵਾ ਦਿੱਤਾ ਸੀ।
ਪਰ ਸੰਗੀਤ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਿਰਫ਼ ਇਕ ਪਹਿਲੂ ਸੀ। ਭੂਪੇਨ ਅੰਦਰੋਂ ਇਕ ਬੌਧਿਕ ਸ਼ਖ਼ਸੀਅਤ ਸਨ। ਜਿਗਿਆਸੂ, ਸਪੱਸ਼ਟ ਬੋਲਣ ਵਾਲੇ, ਦੁਨੀਆ ਨੂੰ ਸਮਝਣ ਦੀ ਅਥਾਹ ਤਮੰਨਾ ਰੱਖਣ ਵਾਲੇ, ਜਯੋਤੀ ਪ੍ਰਸਾਦ ਅਗਰਵਾਲਾ ਅਤੇ ਵਿਸ਼ਨੂੰ ਪ੍ਰਸਾਦ ਰਭਾ ਵਰਗੇ ਸੱਭਿਆਚਾਰਕ ਦਿੱਗਜਾਂ ਨੇ ਉਨ੍ਹਾਂ ਦੇ ਮਨ 'ਤੇ ਡੂੰਘਾ ਅਸਰ ਪਾਇਆ ਅਤੇ ਉਨ੍ਹਾਂ ਦੇ ਜਿਗਿਆਸੂ ਸੁਭਾਅ ਨੂੰ ਹੋਰ ਹੱਲਾਸ਼ੇਰੀ ਦਿੱਤੀ।
ਸਿੱਖਣ ਦੀ ਇਹ ਲਗਨ ਉਨ੍ਹਾਂ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਕੌਟਨ ਕਾਲਜ ਲੈ ਗਈ। ਉਹ ਬੀ.ਐੱਚ.ਯੂ. ਵਿਚ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਸਨ, ਪਰ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਸੰਗੀਤ ਦਾ ਅਭਿਆਸ ਕਰਨ ਵਿਚ ਬਿਤਾਇਆ। ਬਨਾਰਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੰਗੀਤ ਵੱਲ ਮੋੜ ਦਿੱਤਾ। ਕਾਸ਼ੀ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਮੈਂ ਉਨ੍ਹਾਂ ਦੇ ਜੀਵਨ ਦੇ ਸਫ਼ਰ ਨਾਲ ਇਕ ਨਾਤਾ ਮਹਿਸੂਸ ਕਰਦਾ ਹਾਂ ਅਤੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ।
ਕਾਸ਼ੀ ਤੋਂ ਅੱਗੇ ਵਧੀ ਆਪਣੀ ਜੀਵਨ ਯਾਤਰਾ ਵਿਚ ਫਿਰ ਉਨ੍ਹਾਂ ਨੇ ਕੁਝ ਸਮਾਂ ਅਮਰੀਕਾ ਵਿਚ ਬਿਤਾਇਆ। ਉੱਥੇ ਉਹ ਪਾਲ ਰੋਬੇਸਨ ਨੂੰ ਮਿਲੇ, ਜੋ ਇਕ ਮਹਾਨ ਕਲਾਕਾਰ ਅਤੇ ਨਾਗਰਿਕ ਅਧਿਕਾਰਾਂ ਦੇ ਆਗੂ ਸਨ। ਅਮਰੀਕਾ ਦੀ ਸਾਬਕਾ 'ਫਰਸਟ ਲੇਡੀ' ਏਲਿਨੋਰ ਰੂਜ਼ਵੈਲਟ ਨੇ ਭਾਰਤੀ ਲੋਕ ਸੰਗੀਤ ਦੀਆਂ ਪੇਸ਼ਕਾਰੀਆਂ ਲਈ ਉਨ੍ਹਾਂ ਨੂੰ ਸੋਨੇ ਦਾ ਤਗਮਾ ਵੀ ਦਿੱਤਾ।
ਭੂਪੇਨ ਕੋਲ ਅਮਰੀਕਾ ਵਿਚ ਰਹਿਣ ਦਾ ਬਦਲ ਸੀ, ਪਰ ਉਹ ਭਾਰਤ ਪਰਤ ਆਏ ਅਤੇ ਸੰਗੀਤ ਦੇ ਅਭਿਆਸ ਵਿਚ ਡੁੱਬ ਗਏ। ਰੇਡੀਓ ਤੋਂ ਲੈ ਕੇ ਰੰਗਮੰਚ ਤੱਕ, ਫ਼ਿਲਮਾਂ ਤੋਂ ਲੈ ਕੇ ਸਿੱਖਿਆ ਆਧਾਰਿਤ ਦਸਤਾਵੇਜ਼ੀ ਫ਼ਿਲਮਾਂ ਤੱਕ, ਹਰ ਮਾਧਿਅਮ ਵਿਚ ਉਹ ਨਿਪੁੰਨ ਸਨ। ਉਹ ਜਿੱਥੇ ਵੀ ਗਏ, ਉਨ੍ਹਾਂ ਨੇ ਨਵੇਂ ਹੁਨਰਾਂ ਦਾ ਸਾਥ ਦਿੱਤਾ।
ਉਨ੍ਹਾਂ ਦੀਆਂ ਰਚਨਾਵਾਂ ਕਾਵਿ-ਰੂਪ ਦੀ ਖ਼ੂਬਸੂਰਤੀ ਨਾਲ ਭਰਪੂਰ ਸਨ ਅਤੇ ਨਾਲ ਹੀ ਉਨ੍ਹਾਂ ਨੇ ਸਮਾਜਿਕ ਸੁਨੇਹੇ ਵੀ ਦਿੱਤੇ। ਉਨ੍ਹਾਂ ਨੇ ਗ਼ਰੀਬਾਂ ਨੂੰ ਨਿਆਂ, ਪੇਂਡੂ ਵਿਕਾਸ, ਆਮ ਨਾਗਰਿਕ ਦੀ ਤਾਕਤ ਵਰਗੇ ਕਈ ਵਿਸ਼ਿਆਂ ਨੂੰ ਉਠਾਇਆ। ਉਨ੍ਹਾਂ ਦੇ ਗੀਤਾਂ ਨੇ ਮਲਾਹਾਂ, ਚਾਹ ਦੇ ਬਾਗ਼ਾਂ ਦੇ ਮਜ਼ਦੂਰਾਂ, ਔਰਤਾਂ, ਕਿਸਾਨਾਂ ਦੀਆਂ ਆਸਾਂ-ਉਮੀਦਾਂ ਨੂੰ ਆਵਾਜ਼ ਦਿੱਤੀ। ਬਹੁਤ ਸਾਰੇ ਲੋਕਾਂ ਖ਼ਾਸਕਰ ਸਮਾਜਿਕ ਤੌਰ 'ਤੇ ਵਾਂਝੇ ਵਰਗਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਸੰਗੀਤ ਵਿਚੋਂ ਤਾਕਤ ਅਤੇ ਉਮੀਦ ਮਿਲਦੀ ਸੀ... ਅਤੇ ਅੱਜ ਵੀ ਮਿਲ ਰਹੀ ਹੈ।
ਉਨ੍ਹਾਂ ਦੇ ਜੀਵਨ ਸਫ਼ਰ ਵਿਚ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੀ ਭਾਵਨਾ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਨੇ ਭਾਸ਼ਾ ਅਤੇ ਖੇਤਰ ਦੀਆਂ ਹੱਦਾਂ ਨੂੰ ਤੋੜ ਕੇ ਲੋਕਾਂ ਨੂੰ ਇਕਜੁਟ ਕੀਤਾ। ਉਨ੍ਹਾਂ ਨੇ ਅਸਮੀ, ਬੰਗਾਲੀ ਅਤੇ ਹਿੰਦੀ ਫ਼ਿਲਮਾਂ ਲਈ ਸੰਗੀਤ ਰਚਿਆ। ਉਨ੍ਹਾਂ ਦੀ ਆਵਾਜ਼ ਵਿਚ ਜੋ ਪੀੜ ਸੀ, ਉਹ ਆਪਣੇ ਆਪ ਹੀ ਸਾਡੇ ਸਾਰਿਆਂ ਦਾ ਧਿਆਨ ਖਿੱਚ ਲੈਂਦੀ ਸੀ। 'ਦਿਲ ਹੂਮ ਹੂਮ ਕਰੇ' ਵਿਚ ਵਗਦੀ ਪੀੜ ਦਿਲ ਦੀਆਂ ਡੁੰਘਾਈਆਂ ਨੂੰ ਛੂੰਹਦੀ ਹੈ ਅਤੇ ਜਦੋਂ ਉਹ ਪੁੱਛਦੇ ਹਨ ਕਿ 'ਗੰਗਾ ਬਹਿਤੀ ਹੈ ਕਿਉਂ', ਤਾਂ ਏਦਾਂ ਲਗਦਾ ਹੈ ਜਿਵੇਂ ਉਹ ਹਰ ਆਤਮਾ ਨੂੰ ਝੰਜੋੜ ਕੇ ਜਵਾਬ ਮੰਗ ਰਹੇ ਹੋਣ।
ਉਨ੍ਹਾਂ ਨੇ ਸਮੁੱਚੇ ਭਾਰਤ ਦੇ ਸਾਹਮਣੇ ਅਸਾਮ ਨੂੰ ਬਿਆਨ ਕੀਤਾ, ਦਿਖਾਇਆ ਅਤੇ ਮਹਿਸੂਸ ਕਰਵਾਇਆ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਉਨ੍ਹਾਂ ਨੇ ਆਧੁਨਿਕ ਆਸਾਮ ਦੀ ਸੱਭਿਆਚਾਰਕ ਪਛਾਣ ਨੂੰ ਸਰੂਪ ਦੇਣ ਵਿਚ ਵੱਡਾ ਯੋਗਦਾਨ ਦਿੱਤਾ। ਉਹ ਕੋਈ ਸਿਆਸੀ ਵਿਅਕਤੀ ਨਹੀਂ ਸਨ, ਫਿਰ ਵੀ ਉਹ ਲੋਕ ਸੇਵਾ ਦੀ ਦੁਨੀਆ ਨਾਲ ਜੁੜੇ ਰਹੇ। 1967 ਵਿਚ, ਉਹ ਆਸਾਮ ਦੇ ਨੌਬੋਈਚਾ ਤੋਂ ਇਕ ਆਜ਼ਾਦ ਵਿਧਾਇਕ ਚੁਣੇ ਗਏ। ਇਹ ਦਰਸਾਉਂਦਾ ਹੈ ਕਿ ਲੋਕਾਂ ਨੂੰ ਉਨ੍ਹਾਂ 'ਤੇ ਕਿੰਨਾ ਡੂੰਘਾ ਭਰੋਸਾ ਸੀ। ਉਨ੍ਹਾਂ ਨੇ ਸਿਆਸਤ ਨੂੰ ਆਪਣਾ ਕਰੀਅਰ ਨਹੀਂ ਬਣਾਇਆ, ਪਰ ਹਮੇਸ਼ਾ ਲੋਕਾਂ ਦੀ ਸੇਵਾ ਵਿਚ ਲੱਗੇ ਰਹੇ। ਉਨ੍ਹਾਂ ਨੂੰ ਪਦਮਸ੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਣ, ਦਾਦਾ ਸਾਹਿਬ ਫਾਲਕੇ ਪੁਰਸਕਾਰ ਸਮੇਤ ਕਈ ਪੁਰਸਕਾਰ ਮਿਲੇ। ਉਨ੍ਹਾਂ ਨੂੰ 2019 ਵਿਚ ਸਾਡੇ ਕਾਰਜਕਾਲ ਦੌਰਾਨ 'ਭਾਰਤ ਰਤਨ' ਮਿਲਿਆ। ਇਹ ਮੇਰੇ ਲਈ ਅਤੇ ਐੱਨ.ਡੀ.ਏ. ਸਰਕਾਰ ਲਈ ਵੀ ਸਨਮਾਨ ਦੀ ਗੱਲ ਸੀ।
ਮੈਨੂੰ 2011 ਦਾ ਉਹ ਸਮਾਂ ਯਾਦ ਹੈ, ਜਦੋਂ ਉਨ੍ਹਾਂ ਦਾ ਦੇਹਾਂਤ ਹੋਇਆ। ਮੈਂ ਟੀ.ਵੀ. 'ਤੇ ਦੇਖਿਆ ਸੀ ਕਿ ਲੱਖਾਂ ਲੋਕ ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ਪੁੱਜੇ। ਹਰ ਅੱਖ ਨਮ ਸੀ। ਜ਼ਿੰਦਗੀ ਵਾਂਗ ਮੌਤ ਵਿਚ ਵੀ ਉਨ੍ਹਾਂ ਨੇ ਲੋਕਾਂ ਨੂੰ ਇਕੱਠਾ ਕੀਤਾ। ਇਸ ਲਈ ਉਨ੍ਹਾਂ ਨੂੰ ਜਲੁਕਬਾੜੀ ਦੀ ਪਹਾੜੀ 'ਤੇ ਬ੍ਰਹਮਪੁੱਤਰ ਵੱਲ ਦੇਖਦੇ ਹੋਏ ਆਖ਼ਰੀ ਵਿਦਾਈ ਦਿੱਤੀ ਗਈ, ਇਹ ਉਹੀ ਨਦੀ ਹੈ ਜੋ ਉਨ੍ਹਾਂ ਦੇ ਸੰਗੀਤ, ਉਨ੍ਹਾਂ ਦੇ ਪ੍ਰਤੀਕਾਂ ਅਤੇ ਯਾਦਾਂ ਦੀ ਜੀਵਨ-ਰੇਖਾ ਰਹੀ ਹੈ। ਹੁਣ ਇਹ ਦੇਖ ਕੇ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਆਸਾਮ ਸਰਕਾਰ ਭੂਪੇਨ ਹਜ਼ਾਰਿਕਾ ਸੱਭਿਆਚਾਰਕ ਟਰੱਸਟ ਦੇ ਕੰਮ ਨੂੰ ਹੱਲਾਸ਼ੇਰੀ ਦੇ ਰਹੀ ਹੈ। ਇਹ ਟਰੱਸਟ ਨੌਜਵਾਨ ਪੀੜ੍ਹੀ ਨੂੰ 'ਭੂਪੇਨ ਦਾ' ਦੀ ਜੀਵਨ ਯਾਤਰਾ ਨਾਲ ਜੋੜਨ ਵਿਚ ਲੱਗਾ ਹੋਇਆ ਹੈ।
'ਭੂਪੇਨ ਦਾ' ਦੀ ਸਭਿਆਚਾਰਕ ਵਿਰਾਸਤ ਦੇ ਸਨਮਾਨ ਵਿਚ, ਦੇਸ਼ ਦੇ ਸਭ ਤੋਂ ਵੱਡੇ ਪੁਲ ਦਾ ਨਾਂਅ ਭੂਪੇਨ ਹਜ਼ਾਰਿਕਾ ਸੇਤੂ ਰੱਖਿਆ ਗਿਆ। 2017 ਵਿਚ ਜਦੋਂ ਮੈਨੂੰ ਇਸ ਪੁਲ ਦੇ ਉਦਘਾਟਨ ਦਾ ਮੌਕਾ ਮਿਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਆਸਾਮ ਅਤੇ ਅਰੁਣਾਚਲਇਨ੍ਹਾਂ ਦੋਹਾਂ ਸੂਬਿਆਂ ਨੂੰ ਜੋੜਨ ਵਾਲੇ, ਉਨ੍ਹਾਂ ਦਰਮਿਆਨ ਦੂਰੀ ਘਟਾਉਣ ਵਾਲੇ ਇਸ ਪੁਲ ਲਈ 'ਭੂਪੇਨ ਦਾ' ਦਾ ਨਾਮ ਸਭ ਤੋਂ ਢੁਕਵਾਂ ਹੈ।
ਭੂਪੇਨ ਹਜ਼ਾਰਿਕਾ ਦਾ ਜੀਵਨ ਸਾਨੂੰ ਹਮਦਰਦੀ ਦੀ ਤਾਕਤ ਦਾ ਅਹਿਸਸਾਸ ਕਰਵਾਉਂਦਾ ਹੈ। ਇਹ ਸਾਨੂੰ ਲੋਕਾਂ ਨੂੰ ਸੁਣਨ ਅਤੇ ਆਪਣੀ ਮਿੱਟੀ ਨਾਲ ਜੁੜੇ ਰਹਿਣਾ ਸਿਖਾਉਂਦਾ ਹੈ। ਉਨ੍ਹਾਂ ਦੇ ਗੀਤ ਅਜੇ ਵੀ ਬੱਚਿਆਂ ਅਤੇ ਬਜ਼ੁਰਗਾਂ ਦੋਵਾਂ ਦੇ ਬੁੱਲ੍ਹਾਂ 'ਤੇ ਹਨ। ਉਨ੍ਹਾਂ ਦਾ ਸੰਗੀਤ ਸਾਨੂੰ ਮਾਣਮੱਤੇ ਅਤੇ ਹਿੰਮਤੀ ਬਣਨਾ ਸਿਖਾਉਂਦਾ ਹੈ। ਇਹ ਸਾਨੂੰ ਆਪਣੀਆਂ ਨਦੀਆਂ, ਸਾਡੇ ਕੰਮੀਆਂ, ਸਾਡੇ ਚਾਹ ਬਾਗ਼ਾਂ ਦੇ ਕਾਮਿਆਂ, ਸਾਡੀ ਔਰਤ ਸ਼ਕਤੀ ਅਤੇ ਸਾਡੀ ਨੌਜਵਾਨ ਸ਼ਕਤੀ ਨੂੰ ਯਾਦ ਰੱਖਣ ਲਈ ਆਖਦੇ ਹਨ। ਉਹ ਸਾਨੂੰ ਅਨੇਕਤਾ ਵਿਚ ਏਕਤਾ 'ਤੇ ਭਰੋਸਾ ਕਰਨ ਲਈ ਪ੍ਰੇਰਿਤ ਕਰਦੇ ਹਨ।
ਭਾਰਤ ਨੂੰ ਭੂਪੇਨ ਹਜ਼ਾਰਿਕਾ ਵਰਗੇ ਰਤਨ ਦੀ ਬਖਸ਼ਿਸ਼ ਮਿਲੀ ਹੈ। ਜਦੋਂ ਅਸੀਂ ਉਨ੍ਹਾਂ ਦੇ ਸ਼ਤਾਬਦੀ ਵਰ੍ਹੇ ਦੀ ਸ਼ੁਰੂਆਤ ਕਰ ਰਹੇ ਹਾਂ ਤਾਂ ਆਓ ਅਸੀਂ ਉਨ੍ਹਾਂ ਦੇ ਸੁਨੇਹੇ ਨੂੰ ਦੂਰ-ਦੂਰ ਤੱਕ ਫੈਲਾਉਣ ਦਾ ਸੰਕਲਪ ਲਈਏ। ਇਹ ਸੰਕਲਪ ਸਾਨੂੰ ਸੰਗੀਤ, ਕਲਾ ਅਤੇ ਸੱਭਿਆਚਾਰ ਲਈ ਕੁਝ ਕਰਨ ਦੀ ਪ੍ਰੇਰਨਾ ਦੇਵੇ, ਨਵੀਆਂ ਪ੍ਰਤਿਭਾਵਾਂ ਨੂੰ ਪ੍ਰਫੁੱਲਿਤ ਕਰੇ ਅਤੇ ਭਾਰਤ ਵਿਚ ਸਿਰਜਣਾਤਮਕਤਾ ਅਤੇ ਕਲਾਤਮਕ ਉੱਤਮਤਾ ਨੂੰ ਹੁਲਾਰਾ ਦੇਵੇ। ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

Ad Position 22
No active advertisement
ਪਿਛਲੀ ਖ਼ਬਰ 08-09-25 ਅਗਲੀ ਖ਼ਬਰ ਮਹਿਲਾ ਸਾਖ਼ਰਤਾ : ਰਾਸ਼ਟਰ ਦੀ ਪ੍ਰਗਤੀ ਦੀ ਮੁੱਖ ਕੁੰਜੀ
Ad Position 24