19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕੀ-ਕੀ ਕਾਰਨ ਰਹੇ?-2

Ad Position 21
No active advertisement
ਅਜੀਤ ਡੈਸਕ 24-11-2025

ਕੱਲ੍ਹ ਤੋਂ ਅੱਗੇ
ਸੋਲ੍ਹਵੀਂ, ਸਤਾਰ੍ਹਵੀਂ ਅਤੇ ਅਠ੍ਹਾਰਵੀਂ ਸ਼ਤਾਬਦੀ ਵਿਚ ਤਾਂ ਸ਼ੋਰੇ ਦੀ ਮੰਗ ਏਨੀਂ ਵਧ ਗਈ ਸੀ ਕਿ ਇਸ ਨੂੰ 'ਸਫ਼ੈਦ ਸੋਨਾ' ਵੀ ਕਿਹਾ ਜਾਣ ਲੱਗਾ ਸੀ।
ਵਣਜਾਰੇ ਅਤੇ ਲੁਬਾਣੇ ਸਿੱਖ ਇਸ ਵਪਾਰ ਵਿਚ ਮੁੱਖ ਕਰਤਾ ਧਰਤਾ ਸਨ।ਉਨ੍ਹਾਂ ਦਾ ਪ੍ਰਭਾਵ ਏਨਾ ਵਧਣ ਲੱਗਾ ਕਿ ਉਨ੍ਹਾਂ ਨੇ ਮੁਗ਼ਲ ਹਕੂਮਤ ਦੇ ਸਮਾਨਾਂਤਰ ਆਰਥਿਕਤਾ ਵਿਕਸਤ ਕਰ ਲਈ। ਇਸ ਆਰਥਿਕਤਾ ਅਤੇ ਪੈਸੇ ਦੇ ਪਸਾਰੇ ਨਾਲ ਸਿੱਖ ਪੰਥ ਦਾ ਵੀ ਪ੍ਰਚਾਰ ਪ੍ਰਸਾਰ ਵਧਿਆ। ਪੂਰੇ ਮੱਧ ਪੂਰਬ, ਅਫ਼ਰੀਕਾ, ਯੂਰਪ, ਰੂਸ, ਇੰਡੋਨੇਸ਼ੀਆ ਆਦਿ ਵਿਚ ਇਨ੍ਹਾਂ ਵਣਜਾਰੇ ਵਪਾਰੀਆਂ ਦੇ ਛੋਟੇ ਛੋਟੇ ਪਿੰਡ ਅਤੇ ਟਿਕਾਣੇ ਟਾਂਡਿਆਂ ਦੇ ਨਾਂਅ ਹੇਠ ਉਸਰਨ ਅਤੇ ਵਿਕਸਤ ਹੋਣ ਲੱਗੇ।
ਭੱਟ ਵਹੀ ਜਾਦੋਬੰਸੀਆਂ, ਭੱਟ ਵਹੀ ਮੁਲਤਾਨੀ ਸਿੰਧੀ, ਭੱਟ ਵਹੀ ਪੂਰਬੀ ਦੱਖਣੀ, ਭੱਟ ਵਹੀ ਤਲੌਂਡਾ ਪਰਗਨਾ, ਭੱਟ ਵਹੀ ਮਾਰ ਬਿਜਲੌਤੋਂ ਕੀ ਅਤੇ ਭੱਟ ਵਹੀ ਭਾਦਸੋਂ ਅਨੁਸਾਰ ਵਣਜਾਰੇ, ਰਾਠੌਰ, ਚੌਹਾਨ, ਤੋਮਰ, ਜਾਦਵ, ਪਵਾਰ ਆਦਿ ਕੁਲਾਂ ਨਾਲ ਸਬੰਧਿਤ ਸਨ, ਜਿਨ੍ਹਾਂ ਨੇ ਨਾ ਸਿਰਫ਼ ਵਪਾਰ ਵਿਚ ਬਲਕਿ ਰਾਜ ਸੱਤਾ ਵਿਚ ਵੀ ਪਹਿਲੀ ਸ਼ਤਾਬਦੀ ਤੋਂ ਆਪਣਾ ਪ੍ਰਭਾਵ ਕਾਇਮ ਕੀਤਾ ਹੋਇਆ ਸੀ। ਪਵਾਰ ਵਣਜਾਰੇ ਰਾਜਾ ਭੋਜ ਦੀ ਕੁੱਲ ਵਿਚੋਂ ਹਨ। ਸੋਲ੍ਹਵੀਂ ਸਦੀ ਵਿਚ ਭਾਈ ਲਛਮਣ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਦਾ ਹੈ। ਇਥੇ ਗੰਰੂ ਸਾਹਿਬ ਦੀ ਮੰਜੀ ਵੀ ਸਥਾਪਿਤ ਕੀਤੀ ਜਾਂਦੀ ਹੈ। ਇਸੇ ਪਵਾਰ ਪਰਿਵਾਰ ਵਿਚੋਂ ਭਾਈ ਦਿਆਲਾ ਜੀ ਸਨ ਜੋ ਗੁਰੂ ਤੇਗ਼ ਬਹਾਦਰ ਜੀ ਨਾਲ ਸ਼ਹੀਦ ਹੋਏ। ਇਹ ਭਾਈ ਮਨੀ ਸਿੰਘ ਦੇ ਵੱਡੇ ਭਰਾ ਸਨ। ਇਨ੍ਹਾਂ ਦੇ ਪਿਤਾ ਭਾਈ ਮਾਈ ਦਾਸ ਨਾਹਨ ਵਿਖੇ ਹੀ ਜਨਮੇ ਸਨ। ਇਸ ਕੁੱਲ ਵਿਚੋਂ ਗੁਰੂ ਹਰਿਗੋਬਿੰਦ ਸਾਹਿਬ ਤੋਂ ਲੈ ਕੇ ਬੰਦਾ ਬਹਾਦਰ ਤੱਕ ਕੋਈ ਸੌ ਦੇ ਕਰੀਬ ਸ਼ਹੀਦ ਹੋਏ। ਪੇਲੀਆ/ਤੋਮਰ ਵਣਜਾਰਾ ਕੁੱਲ ਵਿਚੋਂ ਭਾਈ ਮੱਖਣ ਸ਼ਾਹ ਲੁਬਾਣਾ ਪ੍ਰਮੁੱਖ ਸਿੱਖ ਸਨ। ਇਨ੍ਹਾਂ ਦੇ ਪੁਰਖੇ ਸੁਹਾਨ ਮੱਲ ਵਣਜਾਰਾ ਮੱਟਨ (ਕਸ਼ਮੀਰ) ਵਿਖੇ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਅਤੇ ਸਿੱਖੀ ਅਪਣਾਈ। ਸਤ੍ਹਾਰਵੀਂ ਸਦੀ ਵਿਚ ਭਾਈ ਮੱਖਣ ਸ਼ਾਹ ਲੁਬਾਣਾ ਗੁਰੂ ਤੇਗ਼ ਬਹਾਦਰ ਜੀ ਦੇ ਬਹੁਤ ਕਰੀਬੀ ਰਹੇ। ਇਹ ਭਾਈ ਲੱਖੀ ਸ਼ਾਹ ਵਣਜਾਰਾ ਦੇ ਜੀਜਾ ਵੀ ਸਨ। ਲੱਖੀ ਸ਼ਾਹ ਦੀ ਭੈਣ ਸੀਤੋ ਇਨ੍ਹਾਂ ਨਾਲ ਵਿਆਹੀ ਹੋਈ ਸੀ। ਲੱਖੀ ਸ਼ਾਹ ਵਣਜਾਰਾ ਜਾਦਵ ਕੁਲ ਬੜਤੀਆ ਗੋਤ੍ਰ ਵਿਚੋਂ ਸਨ ਅਤੇ ਇਨ੍ਹਾਂ ਦੇ ਦਾਦਾ ਦਾ ਨਾਮ ਠਾਕਰ ਅਤੇ ਪਿਤਾ ਦਾ ਨਾਮ ਗੋਧੂ ਸੀ। ਆਪ ਦਿੱਲੀ ਦੇ ਬਹੁਤ ਵੱਡੇ ਵਪਾਰੀ ਸਨ ਅਤੇ ਰਾਏਸਿਨਾ, ਬਾਰਾ ਖੰਬਾ, ਨਰੇਲਾ ਅਤੇ ਮਾਲਚਾ ਵਿਖੇ ਆਪ ਦੇ ਗੜ੍ਹ ਅਤੇ ਟਾਂਡੇ ਸਨ। ਸ਼ਾਹਜਹਾਂ ਦੇ ਸਮੇਂ ਲਾਲ ਕਿਲ੍ਹੇ ਦੀ ਉਸਾਰੀ ਦੀ ਠੇਕੇਦਾਰੀ ਭਾਈ ਲੱਖੀ ਸ਼ਾਹ ਵਣਜਾਰੇ ਕੋਲ ਹੀ ਸੀ। 11 ਨਵੰਬਰ, 1675 ਨੂੰ ਚਾਂਦਨੀ ਚੌਕ ਵਿਖੇ ਜਦੋਂ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਪੁੱਤਰਾਂ ਨਗਾਹੀਆ ਆਦਿ ਦੀ ਸਹਾਇਤਾ ਨਾਲ ਮ੍ਰਿਤਕ ਦੇਹ ਦਾ ਸਸਕਾਰ ਰਾਏਸਿਨਾ ਵਿਖੇ ਆਪਣੀ ਹਵੇਲੀ ਨੂੰ ਅੱਗ ਲਾ ਕੇ ਕੀਤਾ ਸੀ। ਬਾਬਰ ਨੇ ਪਹਿਲੀ ਵਾਰ ਹਿੰਦੋਸਤਾਨ ਵਿਚ ਬਾਰੂਦ ਦਾ ਇਸਤੇਮਾਲ ਕੀਤਾ। 'ਬਾਬਰਨਾਮਾ' ਅਨੁਸਾਰ ਮੁਗ਼ਲਾਂ ਨੇ ਆਪਣੀਆਂ ਤੋੜੇਦਾਰ ਬੰਦੂਕਾਂ ਦਾ ਪ੍ਰਯੋਗ ਸੰਨ 1519 ਈ. ਵਿਚ ਉੱਤਰ-ਪੱਛਮੀ ਇਲਾਕੇ ਵਿਚ ਬਾਜੌਰ ਵਿਖੇ ਲੋਧੀ ਸਲਤਨੱਤ ਵਿਰੁੱਧ ਕੀਤਾ। ਅੱਠ ਸਾਲ ਬਾਅਦ 1527 ਈ. ਨੂੰ ਪਾਣੀਪਤ ਦੀ ਪਹਿਲੀ ਲੜਾਈ ਵਿਚ ਬਾਬਰ ਨੇ 'ਤੁਪ-ਏ-ਫਿਰੰਗੀ' ਦਾ ਲੋਧੀਆਂ ਵਿਰੁੱਧ ਇਸਤੇਮਾਲ ਕੀਤਾ, ਜਿਸਦਾ ਬਾਬਰ ਨੂੰ ਰਣਨੀਤਕ ਰੂਪ ਵਿਚ ਬਹੁਤ ਫ਼ਾਇਦਾ ਹੋਇਆ। ਸੰਨ 1527 ਈ. ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਰਾਗ ਆਸਾ ਵਿਚ ਕਹੇ ਸ਼ਬਦ 'ਬਾਬਰਵਾਣੀ' ਅੰਦਰ ਏਮਨਾਬਾਦ ਦੀ ਲੜਾਈ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਮੁਗ਼ਲ ਬਾਬਰ ਵਲੋਂ ਅਫ਼ਗ਼ਾਨੀ ਅਤੇ ਪਸ਼ਤੂਨੀ ਇਲਾਕਿਆਂ ਵਿਚ ਆਫ਼ਰੀਦੀ ਪਠਾਣਾਂ ਵਿਰੁਧ ਬਾਰੂਦ ਦਾ ਪ੍ਰਯੋਗ ਕੀਤਾ ਹੈ;
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ॥
ਉਨ੍ਹੀ ਤੁਪਕ ਤਾਣਿ ਚਲਾਈ ਉਨ੍ਹੀ ਹਸਤਿ ਚਿੜਾਈ॥
(ਅੰਗ : 417-18)
ਭਾਵ ਮੁਗ਼ਲਾਂ ਤੇ ਪਠਾਣਾਂ ਦੇ ਵਿਚਕਾਰ ਯੁੱਧ ਹੋਇਆ ਅਤੇ ਜੰਗ ਦੇ ਮੈਦਾਨ ਅੰਦਰ ਤਲਵਾਰ ਵਾਹੀ ਗਈ। ਉਨ੍ਹਾਂ ਮੁਗ਼ਲਾਂ ਨੇ ਆਪਣੀਆਂ ਬੰਦੂਕਾਂ ਸਿੰਨ ਕੇ ਛੱਡੀਆਂ ਅਤੇ ਉਨ੍ਹਾਂ ਪਠਾਣਾਂ ਨੇ ਹਾਥੀਆਂ ਨਾਲ ਹਮਲਾ ਕੀਤਾ।
ਸੰਨ 1600 ਈ. ਵਿਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ, ਜਿਸਦਾ ਮੁੱਖ ਕੰਮ ਹਿੰਦੋਸਤਾਨ ਨਾਲ ਵਪਾਰ ਆਰੰਭ ਕਰਨਾ ਸੀ। ਸੰਨ 1608 ਈ. ਵਿਲੀਅਮ ਹਾਕਿੰਨਜ਼ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿਚ ਹਾਜ਼ਿਰ ਹੋਇਆ। ਸੰਨ 1611 ਈ. ਵਿਚ ਅੰਗਰੇਜ਼ ਕੈਪਟਨ ਮਿਡਲਟਨ ਨੇ ਸੂਰਤ ਦੇ ਸੂਬੇਦਾਰ ਤੋਂ ਵਪਾਰ ਦੀ ਆਗਿਆ ਲੈ ਲਈ ਅਤੇ ਪਹਿਲੀ ਫੈਕਟਰੀ ਲਾਈ ਗਈ। ਸੰਨ 1615 ਈ. ਅੰਗਰੇਜ਼ ਰਾਜਦੂਤ ਸਰ ਥਾਮਸ ਰੌਅ ਨੇ ਜਹਾਂਗੀਰ ਦੇ ਦਰਬਾਰ ਤੋਂ ਦੋ ਫ਼ਰਮਾਨ ਹਾਸਿਲ ਕੀਤੇ। ਇਸ ਨਾਲ ਈਸਟ ਇੰਡੀਆ ਕੰਪਨੀ ਨੂੰ ਸ਼ੋਰੇ ਨੂੰ ਛੱਡ ਕੇ ਕੁਝ ਵਸਤਾਂ ਲਈ ਮੁਫ਼ਤ/ਖੁੱਲ੍ਹਾ ਵਪਾਰ ਕਰਨ ਦੀ ਆਗਿਆ ਮਿਲ ਗਈ। ਸੰਨ 1616 ਈ. ਵਿਚ ਈਸਟ ਇੰਡੀਆ ਕੰਪਨੀ ਨੇ ਦੱਖਣ ਭਾਰਤ ਵਿਚ ਮਛਲੀਪਟਨਮ ਵਿਚ ਦੂਜੀ ਫੈਕਟਰੀ ਲਗਾਈ। ਇਸ ਨਾਲ ਲੁਬਾਣਿਆਂ ਅਤੇ ਵਣਜਾਰਿਆਂ ਦੇ ਵਪਾਰ ਨੂੰ ਵੱਡਾ ਧੱਕਾ ਲੱਗਾ। ਸੰਨ 1620 ਵਿਚ ਈਸਟ ਇੰਡੀਆ ਕੰਪਨੀ ਨੇ ਲੁਬਾਣਿਆਂ ਅਤੇ ਵਣਜਾਰਿਆਂ ਤੋਂ ਸਿੱਧੀ ਖ਼ਰੀਦ ਕਰਕੇ ਹਿੰਦੋਸਤਾਨ ਵਿਚੋਂ ਸ਼ੋਰੇ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ। ਸੰਨ 1624 ਈ. ਵਿਚ ਰਾਜ ਘਰਾਣੇ ਦੇ ਏਕਾਧਿਕਾਰ ਨੂੰ ਤੋੜਦੇ ਹੋਏ ਕੰਪਨੀ ਨੇ ਬਾਰੂਦ ਦੀ ਆਪਣੇ ਨਿੱਜੀ ਸੁਰੱਖਿਆ ਹਿੱਤਾਂ ਲਈ ਵਰਤੋਂ ਕਰਨ ਦੀ ਇਜਾਜ਼ਤ ਲੈ ਲਈ। ਸੰਨ 1630-40 ਈ. ਦਰਮਿਆਨ ਸ਼ੋਰੇ ਦਾ ਇਹ ਵਪਾਰ ਏਨਾ ਵਧਿਆ ਕਿ ਕੰਪਨੀ ਲੱਗਪਗ ਇਸ ਲਈ ਇੱਕੋ ਇੱਕ ਮੂਲ ਆਪੂਰਤੀਕਰਤਾ ਬਣ ਗਈ। ਇਸ ਨਾਲ ਸਿੱਖ ਵਣਜਾਰਿਆਂ ਦਾ ਮੁਗ਼ਲ ਹਕੂਮਤ ਨਾਲ ਅੰਦਰੋਂ ਅੰਦਰ ਤਣਾਓ ਅਤੇ ਟਕਰਾਓ ਆਰੰਭ ਹੋ ਗਿਆ। ਸੰਨ 1651 ਵਿਚ ਕੰਪਨੀ ਨੂੰ ਹੁਗਲੀ ਵਿਚ ਵਪਾਰ ਕਰਨ ਦੀ ਇਜਾਜ਼ਤ ਮਿਲ ਗਈ। ਸੰਨ 1667 ਈ. ਵਿਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਕੰਪਨੀ ਨੂੰ ਬੰਗਾਲ ਵਿਚ ਵਪਾਰ ਕਰਨ ਦੀ ਆਗਿਆ ਦੇ ਦਿੱਤੀ। ਸੰਨ 1687 ਵਿਚ ਕੰਪਨੀ ਦਾ ਮੁੱਖ ਦਫ਼ਤਰ ਸੂਰਤ ਤੋਂ ਬੰਬਈ ਵਿਖੇ ਤਬਦੀਲ ਹੋ ਗਿਆ। ਇਸ ਤੋਂ ਬਾਅਦ ਮੁਗ਼ਲ ਹਕੂਮਤ ਨੇ ਸ਼ੋਰੇ ਦਾ ਸਾਰਾ ਵਪਾਰ ਲੁਬਾਣੇ-ਵਣਜਾਰੇ ਸਿੱਖਾਂ ਤੋਂ ਖੋਹ ਕੇ ਅੰਗਰੇਜ਼ਾਂ ਨੂੰ ਦੇ ਦਿੱਤਾ। ਇਸ ਤੋਂ ਬਾਅਦ ਇਹ ਲੁਬਾਣੇ-ਵਣਜਾਰੇ ਸਿੱਖਾਂ ਦੀ ਮੁਗ਼ਲ ਸੱਤਾ ਨਾਲ ਸਿੱਧੀ ਤਣ ਗਈ। ਇਨ੍ਹਾਂ ਦੀਆਂ ਮੁਗ਼ਲ ਸੱਤਾ ਨਾਲ ਕਈ ਲੜਾਈਆਂ ਤੇ ਟਕਰਾਓ ਹੋਏ। ਮੁਗ਼ਲ ਸੱਤਾ ਇਹ ਜਾਨਣਾ ਚਾਹੁੰਦੀ ਸੀ ਕਿ ਇਨ੍ਹਾਂ ਸਿੱਖਾਂ ਦੀ ਅਧਿਆਤਮਕ ਸ਼ਕਤੀ ਦਾ ਸਰੋਤ ਕੀ ਹੈ? ਜਦ ਪਤਾ ਲੱਗਾ ਕਿ ਸਿੱਖ ਗੁਰੂਆਂ ਦੇ ਸ਼ਬਦ-ਦਰਸ਼ਨ ਅਤੇ ਜੀਵਨ ਆਦਰਸ਼ ਇਨ੍ਹਾਂ ਦੀ ਅਧਿਆਤਮਕ ਪ੍ਰੇਰਨਾ ਦੇ ਸਰੋਤ ਹਨ ਤਾਂ ਮੁਗ਼ਲ ਸੱਤਾ ਨੇ ਇਨ੍ਹਾਂ ਸਰੋਤਾਂ ਨੂੰ ਮਿਟਾਉਣ ਲਈ ਜ਼ਬਰੀ ਧਰਮ ਪਰਿਵਰਤਨ ਦੀ ਨੀਤੀ ਅਪਣਾਈ। ਇਸ ਸੰਦਰਭ ਵਿਚ ਮੁਗ਼ਲ ਸੱਤਾ ਨੂੰ ਸਭ ਤੋਂ ਵੱਧ ਨਰਮ ਟੀਚਾ ਕਸ਼ਮੀਰੀ ਬ੍ਰਾਹਮਣ ਜਾਪੇ। ਇਸ ਦਾ ਇਕ ਕਾਰਨ ਭੂਗੋਲਿਕ ਵੀ ਸੀ। ਕਸ਼ਮੀਰੀ ਪੰਡਿਤ ਆਪਣੇ ਬਚਾਓ ਲਈ ਗੁਰੂ ਤੇਗ਼ ਬਹਾਦਰ ਜੀ ਕੋਲ ਪਹੁੰਚੇ। ਗੁਰੂ ਤੇਗ਼ ਬਹਾਦਰ ਜੀ ਦੇ ਬਹੁਤੇ ਸਿੱਖ ਵਣਜਾਰੇ-ਲੁਬਾਣੇ ਸਨ, ਜੋ ਕਈ ਪੀੜ੍ਹੀਆਂ ਤੋਂ ਗੁਰੂ ਘਰ ਨਾਲ ਜੁੜੇ ਸਨ। ਇਨ੍ਹਾਂ ਕਾਰਨਾਂ ਕਰਕੇ ਵੀ ਲੱਖੀ ਸ਼ਾਹ ਲੁਬਾਣੇ ਤੇ ਉਨ੍ਹਾਂ ਦੇ ਪਰਿਵਾਰ ਨੇ ਮੁਗ਼ਲ ਹਕੂਮਤ ਦੇ ਖ਼ਿਲਾਫ਼ ਗੁਰੂ ਸਾਹਿਬਾਨ ਨਾਲ ਖੜ੍ਹਨ ਨੂੰ ਤਰਜੀਹ ਦਿੱਤੀ। (ਸਮਾਪਤ)

ਮੋਬਾਈਲ : 8283948811

Ad Position 22
No active advertisement
ਪਿਛਲੀ ਖ਼ਬਰ ਜੀ.ਐਨ.ਡੀ.ਯੂ. ਦੇ 56ਵੇਂ ਸਥਾਪਨਾ ਦਿਵਸ 'ਤੇ ਵਿਸ਼ੇਸ਼-ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ ਸਥਾਪਨਾ ਦਿਵ... ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਮਹੱਤਵ
Ad Position 24