18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਮਹੱਤਵ

Ad Position 21
No active advertisement
ਅਜੀਤ ਡੈਸਕ 24-11-2025

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਦੀ 350ਵੀਂ ਸ਼ਤਾਬਦੀ ਵਰ੍ਹੇਗੰਢ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਇਸ ਵਿਸ਼ੇਸ਼ ਸਮਾਗਮ 'ਚ ਇਕੱਤਰ ਹੋਏ ਸਮੂਹ ਮੈਂਬਰ ਸਾਹਿਬਾਨ, ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ। ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਰਮ ਭੂਮੀ ਅਤੇ ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ 'ਤੇ ਅਸੀਂ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲੇ ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਪਰਮ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਅਤੇ ਗੁਰੂ ਸਾਹਿਬ ਦੇ ਤਮਾਮ ਸ਼ਹੀਦ ਸਿੱਖਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਤਰ ਹੋਏ ਹਾਂ।
ਅੱਜ ਅਸੀਂ ਸਾਰੇ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਤਾਂ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਆਪ-ਮੁਹਾਰੇ ਅੱਖਾਂ ਅੱਗੇ ਆ ਜਾਂਦੀ ਹੈ, ਜਿਨ੍ਹਾਂ ਬੇਮਿਸਾਲ ਕੁਰਬਾਨੀ ਦੇ ਕੇ ਸ਼ਹਾਦਤ ਦਾ ਇਕ ਮਹਾਨ ਵਿਰਸਾ ਕਾਇਮ ਕੀਤਾ ਸੀ। ਸ਼ਹੀਦੀ ਤੋਂ ਪਹਿਲਾਂ ਜਦੋਂ ਅਹਿਲਕਾਰਾਂ ਨੇ ਗੁਰੂ ਅਰਜਨ ਦੇਵ ਜੀ ਤੋਂ ਪੁੱਛਿਆ ਸੀ ਕਿ ਤੁਸੀਂ ਆਪਣੀ ਹਸਤੀ ਮਿਟਾਉਣ 'ਤੇ ਕਿਉਂ ਤੁਲੇ ਹੋਏ ਹੋ ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਸੀ ਕਿ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ।
ਪੰਜਵੀਂ ਪਾਤਿਸ਼ਾਹੀ ਦੀ ਸ਼ਹਾਦਤ ਤੋਂ ਬਾਅਦ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਾ ਕੇ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ ਨੂੰ ਸ਼ਕਤੀ ਨਾਲ ਜੋੜ ਦਿੱਤਾ। ਅਕਾਲ ਬੁੰਗੇ 'ਤੇ ਦੋ ਨਿਸ਼ਾਨ ਸਾਹਿਬ, ਇਕ ਭਗਤੀ ਤੇ ਇਕ ਸ਼ਕਤੀ ਦਾ, ਭਗਤੀ ਦਾ ਨਿਸ਼ਾਨ ਉੱਚਾ ਰੱਖ ਕੇ ਸ਼ਕਤੀ ਨੂੰ ਭਗਤੀ ਦੇ ਅਧੀਨ ਕਰ ਦਿੱਤਾ।
ਇਸੇ ਰਾਹ 'ਤੇ ਚਲਦਿਆਂ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੇ ਸ਼ਹਾਦਤ ਦੇ ਇਸ ਵਿਰਸੇ ਨੂੰ ਆਪਣੀ ਅਮਰ, ਪਵਿੱਤਰ ਖੁਸ਼ਬੂ ਨਾਲ ਮਹਿਕਾ ਦਿੱਤਾ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸਤਿਕਾਰ ਸਹਿਤ ਪੜ੍ਹਦਿਆਂ, ਸੁਣਦਿਆਂ ਤੇ ਵਿਚਾਰਦਿਆਂ ਸਹਿਜੇ ਹੀ ਮਹਿਸੂਸ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਬਾਣੀ ਸੰਸਾਰਕ ਰਸਾਂ-ਕਸਾਂ ਦੇ ਭਰਮਜਾਲ 'ਚ ਫਸੇ ਮਨੁੱਖ ਨੂੰ ਮੁਕਤ ਕਰ ਕੇ ਉਸ ਅੰਦਰ ਪ੍ਰਭੂ ਮਿਲਾਪ ਲਈ ਵੈਰਾਗ ਦੀ ਅਨੰਤ ਧਾਰਾ ਪ੍ਰਵਾਹਿਤ ਕਰਨ ਵਾਲੀ ਹੈ। ਇਸ ਲਈ ਆਪ ਜੀ ਨੂੰ 'ਵੈਰਾਗ ਦੀ ਮੂਰਤ' ਵੀ ਆਖਿਆ ਜਾਂਦਾ ਹੈ। ਗੁਰੂ ਜੀ ਨੇ ਗੁਰਗੱਦੀ 'ਤੇ ਸੁਭਾਇਮਾਨ ਹੋ ਕੇ ਨਿਰਭੈਅਤਾ ਤੇ ਨਿਰਵੈਰਤਾ ਦਾ ਜੋ ਵਿਲੱਖਣ ਜਲਵਾ ਪੇਸ਼ ਕੀਤਾ, ਉਸ ਨੂੰ ਵਾਰ-ਵਾਰ ਸਿਜਦਾ ਕਰਦੇ ਹਾਂ। ਗੁਰੂ ਸਾਹਿਬ ਦੀ ਜੋ ਆਤਮਿਕ ਅਵਸਥਾ ਗੁਰਗੱਦੀ 'ਤੇ ਬੈਠਿਆਂ ਸੀ, ਉਹੀ ਅਵਸਥਾ ਦਿੱਲੀ ਦੇ ਚਾਂਦਨੀ ਚੌਕ ਦੇ ਕੈਦਖ਼ਾਨੇ ਵਿਚ ਨਜ਼ਰਬੰਦ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਵਰਗੇ ਸੇਵਕਾਂ ਦੀਆਂ ਆਪਣੀਆਂ ਅੱਖਾਂ ਸਾਹਮਣੇ ਹੋਈਆਂ ਸ਼ਹਾਦਤਾਂ ਵੇਲੇ ਅਤੇ ਆਪਣੀ ਖ਼ੁਦ ਦੀ ਅਜ਼ੀਮ ਸ਼ਹਾਦਤ ਸਮੇਂ ਵੀ ਕਾਇਮ ਸੀ। ਗੁਰੂ ਜੀ ਉਚੇਰੀ ਆਤਮਿਕ ਅਵਸਥਾ ਦੀ ਸੋਝੀ ਕਰਵਾਉਂਦਿਆਂ ਫੁਰਮਾਨ ਕਰਦੇ ਹਨ:-
ਸੁਖੁ ਦੁਖੁ ਦੋਨੋ ਸਮ ਕਰਿ
ਜਾਨੈ ਅਉਰੁ ਮਾਨੁ ਅਪਮਾਨਾ॥
ਹਰਖ ਸੋਗ ਤੇ ਰਹੈ ਅਤੀਤਾ
ਤਿਨਿ ਜਗਿ ਤਤੁ ਪਛਾਨਾ॥
ਗੁਰੂ ਜੀ ਨੇ ਇਹ ਬਚਨ ਆਪਣੇ ਮੁਖਾਰਬਿੰਦ ਤੋਂ ਮਹਿਜ਼ ਉਚਾਰੇ ਹੀ ਨਹੀਂ, ਸਗੋਂ ਆਪ ਵੀ ਇਨ੍ਹਾਂ 'ਤੇ ਅਮਲ ਕਰ ਕੇ ਮਿਸਾਲ ਕਾਇਮ ਕੀਤੀ। ਉਨ੍ਹਾਂ ਤਿਆਗ, ਬਲੀਦਾਨ, ਪਰਉਪਕਾਰ ਅਤੇ ਬਹਾਦਰੀ ਦੀ ਜੋ ਜੋਤਿ ਜਗਾਈ, ਉਸ ਨੂੰ ਸਦਾ ਜਗਾਈ ਰੱਖਣ ਲਈ ਉਨ੍ਹਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰਾਂ ਨੂੰ ਕੌਮ ਤੋਂ ਕੁਰਬਾਨ ਕਰ ਕੇ ਇਨ੍ਹਾਂ ਆਦਰਸ਼ਾਂ ਦੀ ਰਾਖੀ ਹੀ ਨਹੀਂ ਕੀਤੀ, ਸਗੋਂ ਖ਼ਾਲਸੇ ਦੀ ਸਿਰਜਣਾ ਕਰ ਕੇ ਉਸ ਜੋਤਿ ਦੀ ਲੋਅ ਨੂੰ ਅਮਰ ਕਰ ਦਿੱਤਾ। ਨੰਦੇੜ ਵਿਖੇ ਆਪ ਜੀ ਨੇ 'ਗੁਰੂ ਮਾਨਿਓ ਗ੍ਰੰਥ' ਦੇ ਇਲਾਹੀ ਵਚਨ ਕਰਕੇ ਸਮੁੱਚੀ ਲੋਕਾਈ ਨੂੰ ਆਪਣੀ ਹੋਂਦ ਦੀ ਸ਼ਰਨ ਬਖਸ਼ੀ। ਅਸੀਂ ਅੱਜ ਵੀ ਆਪਣੇ ਗੁਰੂ ਆਪਣੇ ਪਿਤਾ ਨੂੰ ਹਾਜ਼ਰ ਮੰਨਦੇ ਹਾਂ।
ਗੁਰੂ ਸਾਹਿਬਾਨ ਦੀ ਮਹਾਨ ਸ਼ਹਾਦਤ ਇਕ ਅਜਿਹਾ ਇਨਕਲਾਬ ਸੀ, ਜਿਸ ਨੂੰ ਪੰਜਾਬੀਆਂ, ਖ਼ਾਸਕਰ ਸਿੱਖਾਂ ਨੇ ਆਪਣਾ ਅਮੀਰ ਵਿਰਸਾ ਮੰਨ ਕੇ ਪੀੜ੍ਹੀ-ਦਰ-ਪੀੜ੍ਹੀ ਨਿਭਾਇਆ। ਦੁਨੀਆ ਦੇ ਇਤਿਹਾਸ ਵਿਚ ਕੌਮ ਦੀ ਖ਼ਾਤਰ ਪੰਜਾਬੀਆਂ ਜਿੰਨੀਆਂ ਜਾਨਾਂ ਸ਼ਾਇਦ ਹੀ ਕਿਸੇ ਨੇ ਵਾਰੀਆਂ ਹੋਣਗੀਆਂ। ਸਿੱਖ ਧਰਮ ਦੀ ਸਥਾਪਨਾ ਕੋਈ ਆਮ ਵਿਕਾਸ ਨਹੀਂ ਸੀ, ਸਗੋਂ ਇਕ ਅਜਿਹਾ ਵਿਕਾਸ ਸੀ ਜੋ ਹਰ ਤਰ੍ਹਾਂ ਦੇ ਅੱਤਿਆਚਾਰ ਦੇ ਵਿਰੁੱਧ ਮਨੁੱਖਤਾ ਦੀ ਢਾਲ ਬਣ ਕੇ ਅੱਗੇ ਆਉਂਦਾ ਰਿਹਾ ਅਤੇ ਅੱਜ ਵੀ ਆ ਰਿਹਾ ਹੈ। ਭਾਵੇਂ ਕੁਝ ਤਾਕਤਾਂ ਵਲੋਂ ਧਾਰਮਿਕ ਕੱਟੜਤਾ ਦੇ ਪ੍ਰਭਾਵ ਹੇਠ ਮਨੁੱਖ ਨੂੰ ਮਨੁੱਖ ਨਾਲ ਲੜਾਉਣ ਦੀ ਰਾਜਨੀਤੀ ਠੋਸੀ ਜਾ ਰਹੀ ਹੈ। ਜਦੋਂ ਮਨੀਪੁਰ 'ਚ ਔਰਤਾਂ 'ਤੇ ਅੱਤਿਆਚਾਰ, ਓਡੀਸ਼ਾ 'ਚ ਧਾਰਮਿਕ ਪ੍ਰਚਾਰਕ ਨੂੰ ਪਰਿਵਾਰ ਸਮੇਤ ਜ਼ਿੰਦਾ ਸਾੜਨ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਉਸ ਸਮੇਂ ਗੁਰਬਾਣੀ ਦਾ ਉਪਦੇਸ਼ ਸਮਝਣ ਤੇ ਲਾਗੂ ਕਰਨ ਦੀ ਲੋੜ ਬਾਰੇ ਪਤਾ ਲਗਦਾ ਹੈ। ਸਾਡੇ ਗੁਰੂ ਸਾਹਿਬਾਨ ਨੇ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਗੁਰੂ ਗ੍ਰੰਥ ਸਾਹਿਬ, ਅੰਗ : 473) ਦਾ ਉਪਦੇਸ਼ ਦੇ ਕੇ ਨਾਰੀ ਦੇ ਸਨਮਾਨ ਦੀ ਗੱਲ ਕਰਦਿਆਂ ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ (ਗੁਰੂ ਗ੍ਰੰਥ ਸਾਹਿਬ, ਅੰਗ : 97) ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਗੁਰੂ ਗ੍ਰੰਥ ਸਾਹਿਬ, ਅੰਗ : 13) ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਗੁਰੂ ਗ੍ਰੰਥ ਸਾਹਿਬ, ਅੰਗ : 1349) ਜਿਹੀਆਂ ਅਨੇਕਾਂ ਉਦਹਾਰਨਾਂ ਦੇ ਕੇ ਧਾਰਮਿਕ ਸਹਿਣਸ਼ੀਲਤਾ ਤੇ ਭਾਈਚਾਰਕ ਸਾਂਝ ਦਾ ਉਪਦੇਸ਼ ਦਿੱਤਾ। ਮੌਜੂਦਾ ਸਮੇਂ ਵਿਚ ਮੁੜ ਕੁਝ ਤਾਕਤਾਂ ਵਲੋਂ ਗੁਰੂ ਸਾਹਿਬਾਨ, ਭਗਤਾਂ, ਸੂਫ਼ੀ ਸੰਤਾਂ ਦੇ ਮਹਾਨ ਉਪਦੇਸ਼ਾਂ ਨੂੰ ਆਪੋ-ਆਪਣੇ ਹਿਸਾਬ ਨਾਲ ਵਰਤਣ ਦੇ ਯਤਨ ਕੀਤੇ ਜਾ ਰਹੇ ਹਨ, ਪਰ ਫਿਰ ਵੀ ਪੰਜਾਬ ਦੀ ਧਾਰਮਿਕ ਭਾਈਚਾਰਕ ਸਾਂਝ ਦਾ ਮੁਕਾਬਲਾ ਕੋਈ ਹੋਰ ਨਹੀਂ ਕਰ ਸਕਦਾ, ਜਿੱਥੇ ਗੁਰਦੁਆਰਿਆਂ, ਮਸਜਿਦਾਂ ਤੇ ਮੰਦਰਾਂ 'ਚ ਜਾਣ ਵਾਲਿਆਂ ਦਾ ਮਿਲ-ਜੁਲ ਕੇ ਰਹਿਣਾ ਸਮਾਜਿਕ ਵਿਰਾਸਤ ਬਣ ਚੁੱਕਿਆ ਹੈ। ਦੇਸ਼ 'ਤੇ ਜਦੋਂ ਵੀ ਵਿਦੇਸ਼ੀ ਹਮਲੇ ਹੋਏ ਤਾਂ ਪੰਜਾਬੀਆਂ ਨੇ ਦੁਸ਼ਮਣ ਨਾਲ ਸਭ ਤੋਂ ਪਹਿਲਾਂ ਮੱਥਾ ਲਾਇਆ॥ ਅੰਗਰੇਜ਼ੀ ਹੁਕੂਮਤ ਦੀ ਜੜ੍ਹ ਨੂੰ ਕਮਜ਼ੋਰ ਕਰਨ ਵਿਚ ਪੰਜਾਬੀ ਸਭ ਤੋਂ ਮੂਹਰੇ ਰਹੇ ਤੇ ਆਜ਼ਾਦੀ ਲਈ ਪੰਜਾਬੀ ਸਭ ਤੋਂ ਵੱਧ ਫਾਂਸੀਆਂ 'ਤੇ ਚੜ੍ਹੇ ਅਤੇ ਅੱਜ ਵੀ ਦੇਸ਼ ਦੀਆਂ ਸੁਰੱਖਿਆ ਬਲਾਂ ਵਿਚ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੈ।
ਬਾਬਾ ਨਾਨਕ ਦੇ ਵਾਰਸ ਪੰਜਾਬੀਆਂ ਨੇ ਕਦੇ ਇਕੱਲੇ ਬਹਿ ਕੇ ਖਾਣਾ ਨਹੀਂ ਸਿੱਖਿਆ। ਉਨ੍ਹਾਂ ਵਲੋਂ ਸ਼ੁਰੂ ਕੀਤਾ ਲੰਗਰ ਅੱਜ ਵੀ ਧਰਮ, ਜਾਤ ਜਾਂ ਵਰਗ ਦੇ ਵਖਰੇਵਿਆਂ ਤੋਂ ਪਰ੍ਹੇ ਨਿਰੰਤਰ ਚੱਲ ਰਿਹਾ ਹੈ। ਦੇਸ਼ ਜਾਂ ਦੁਨੀਆ ਵਿਚ ਕਿਤੇ ਵੀ ਕੋਈ ਵੀ ਆਫਤ ਆ ਜਾਵੇ, ਗੁਰੂ ਕੀ ਫ਼ੌਜ ਸੇਵਾ ਲਈ ਮੈਦਾਨ ਵਿਚ ਪਹੁੰਚ ਜਾਂਦੀ ਹੈ। ਦੇਸ਼ ਵਿਚ ਅੱਜ ਸਮਾਜਿਕ ਅਨਿਆਂ ਦੇ ਖ਼ਿਲਾਫ਼ ਸਭ ਤੋਂ ਪਹਿਲਾਂ ਆਵਾਜ਼ ਪੰਜਾਬ ਤੋਂ ਹੀ ਉੱਠਦੀ ਹੈ। ਅੱਜ ਵੀ ਪੂਰੇ ਦੇਸ਼ ਦੇ ਹੱਕਾਂ ਦੀ ਲੜਾਈ ਪੰਜਾਬੀ ਮੋਹਰੀ ਬਣ ਕੇ ਲੜਦੇ ਹਨ। ਕੁਝ ਸਾਲ ਪਹਿਲਾਂ ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ ਜੋ ਅੰਦੋਲਨ ਹੋਇਆ ਉਹ ਵੀ ਪੰਜਾਬੀਆਂ ਵਲੋਂ ਚਲਾਈ ਗਈ ਮੁਹਿੰਮ ਸਦਕਾ ਹੀ ਇਤਿਹਾਸ ਦਾ ਸਭ ਤੋਂ ਲੰਮਾ ਅਤੇ ਕਾਮਯਾਬ ਅੰਦੋਲਨ ਸਾਬਿਤ ਹੋਇਆ ਹੈ, ਕੋਵਿਡ ਮਹਾਂਮਾਰੀ ਦੌਰਾਨ ਵੀ ਨਿਰਸਵਾਰਥ ਸੇਵਾ ਲਈ ਪੰਜਾਬੀ ਦੁਨੀਆ ਭਰ ਵਿਚ ਮੋਹਰੀ ਰਹੇ। ਜੁਲਾਈ ਮਹੀਨੇ ਪੰਜਾਬ ਵਿਚ ਆਏ ਹੜ੍ਹਾਂ ਨੇ ਪੰਜਾਬੀਆਂ ਦਾ ਬਹੁਤ ਨੁਕਸਾਨ ਕੀਤਾ, ਪਰ ਬਾਬੇ ਨਾਨਕ ਦੇ ਕਿਰਤੀ ਪੁੱਤਰਾਂ ਨੇ ਦੁਨੀਆ ਭਰ ਤੋਂ ਆਪਣੀ ਸਰ-ਜ਼ਮੀਨ ਦੀ ਖ਼ਾਤਰ ਤਨ, ਮਨ ਤੇ ਧਨ ਨਾਲ ਹਰ ਤਰ੍ਹਾਂ ਦੀ ਸੇਵਾ ਆਪਣੇ ਲੋਕਾਂ ਤੱਕ ਪੁੱਜਦੀ ਕੀਤੀ। ਜੇਕਰ ਸਾਹਸ, ਧੀਰਜ ਤੇ ਸੱਚ ਲਈ ਇਹ ਸਾਰੀ ਜੱਦੋ-ਜਹਿਦ ਪੰਜਾਬੀ ਕਰ ਸਕੇ ਹਨ ਤਾਂ ਇਸ ਦੀ ਵਜ੍ਹਾ ਸਾਡੇ ਗੁਰੂਆਂ ਵਲੋਂ ਬਖਸ਼ੀ ਪ੍ਰਮਾਤਮਾ ਦੀ ਰਜ਼ਾ ਵਿਚ ਰਹਿਣ, ਸਰਬੱਤ ਦਾ ਭਲਾ ਸੋਚਣ, ਕਿਰਤ ਕਰਨ ਤੇ ਵੰਡ ਕੇ ਛੱਕਣ ਦੀ ਸਿੱਖਿਆ ਹੈ। ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੁਰਬਾਨੀ ਦੇਣ ਦੀ ਮਿਸਾਲ ਸਮੁੱਚੀ ਲੋਕਾਈ 'ਚ ਹੋਰ ਕਿਤੇ ਵਿਖਾਈ ਨਹੀਂ ਦਿੰਦੀ।
ਅੱਜ ਜਦੋਂ ਸੰਸਾਰ ਪੱਧਰ 'ਤੇ ਗੁਰੂ ਤੇਗ ਬਹਾਦਰ ਜੀ ਤੇ ਉਨ੍ਹਾਂ ਦੇ ਤਿੰਨ ਸਿੱਖ ਸੇਵਕਾਂ ਦੀ ਸ਼ਹਾਦਤ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਸੰਸਾਰ ਦਾ ਸਿਆਸਤਦਾਨ ਇਸ ਤੋਂ ਕੀ ਤੇ ਕਿਵੇਂ ਸਿੱਖੇ? ਇਹ ਸਵਾਲ ਨਿਰੰਤਰ ਵਿਚਾਰਨ ਦੀ ਲੋੜ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇਨ੍ਹਾਂ ਇਤਿਹਾਸਕ ਪਲਾਂ ਮੌਕੇ ਪੰਜਾਬ ਅਸੈਂਬਲੀ ਦੀ ਇਸ ਵਿਸ਼ੇਸ਼ ਬੈਠਕ ਦਾ ਮੰਤਵ ਗੁਰੂ ਜੀ ਦੀ ਸ਼ਹਾਦਤ ਦੇ ਸਮੂਹ ਮਹੱਤਵਪੂਰਨ ਪੱਖਾਂ ਨੂੰ ਸਮਝਣ ਸਰਬ ਸਾਂਝੀਵਾਲਤਾ, ਇਨਸਾਨੀਅਤ ਦੀ ਸੇਵਾ ਵਾਲੀ ਪਵਿੱਤਰ ਸੋਚ ਨਾਲ ਖੜ੍ਹੇ ਹੋਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ। ਅਸੀਂ ਬਹੁਤ ਵਡਭਾਗੀ ਹਾਂ ਕਿ ਸੱਚੇ ਪਾਤਿਸ਼ਾਹ ਨੇ ਆਪਣੀ ਚਰਨ ਛੋਹ ਪ੍ਰਾਪਤ ਇਸ ਮੁਕੱਦਸ ਧਰਤੀ 'ਤੇ ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਧਰ ਕੇ ਸਾਨੂੰ ਆਪਣੇ ਜੀਵਨ ਕਾਲ ਵਿਚ ਗੁਰੂ ਸਾਹਿਬ ਦੀ ਸ਼ਹਾਦਤ ਦੇ 350 ਸਾਲਾ ਪਵਿੱਤਰ ਯਾਦਗਾਰ ਦਿਹਾੜੇ 'ਤੇ ਗੁਰੂਆਂ ਦੀ ਲਾਸਾਨੀ ਸ਼ਹਾਦਤ ਦੀ ਮਹਿਮਾ ਬਖਾਨ ਕਰਨ ਦਾ ਮੌਕਾ ਬਖਸ਼ਿਆ। ਮਨੁੱਖ ਗਲਤੀਆਂ ਦਾ ਪੁਤਲਾ ਹੈ ਅਤੇ ਅਕਾਲ ਪੁਰਖ ਜੀ ਬਖਸ਼ਣਹਾਰ ਹਨ, ਅੱਜ ਅਸੀਂ ਸਾਰੇ ਸਾਫ਼ ਦਿਲ ਤੇ ਸੱਚੀ ਨੀਅਤ ਨਾਲ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਇਕੱਤਰ ਹੋਏ ਹਾਂ, ਵਾਹਿਗੁਰੂ ਜਾਣੇ-ਅਨਜਾਣੇ ਵਿਚ ਹੋਈਆਂ ਭੁੱਲਾਂ ਦੀ ਖ਼ਿਮਾ ਬਖਸ਼ਣ।

-ਸਪੀਕਰ, ਪੰਜਾਬ ਵਿਧਾਨ ਸਭਾ
ਮੋਬਾਈਲ : 9216400457

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕੀ-ਕੀ ਕਾਰਨ ਰਹੇ?-2 ਅਗਲੀ ਖ਼ਬਰ ਪੰਜਾਬ ਵਿਚ ਵਧੇਰੇ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਦੀ ਆਗਿਆ ਕਿਉਂ?
Ad Position 24