19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਜੀ.ਐਨ.ਡੀ.ਯੂ. ਦੇ 56ਵੇਂ ਸਥਾਪਨਾ ਦਿਵਸ 'ਤੇ ਵਿਸ਼ੇਸ਼-ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ ਸਥਾਪਨਾ ਦਿਵਸ

Ad Position 21
No active advertisement
ਅਜੀਤ ਡੈਸਕ 24-11-2025

ਅੱਜ ਜਦੋਂ ਸਾਰਾ ਸੰਸਾਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਉਸ ਮਹਾਨ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਪੂਰੀ ਸ਼ਰਧਾ-ਭਾਵਨਾ ਨਾਲ ਮਨਾ ਰਿਹਾ ਹੈ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ) ਨੇ ਵੀ ਆਪਣਾ 56ਵਾਂ ਸਥਾਪਨਾ ਦਿਵਸ ਨੌਵੇਂ ਪਾਤਿਸ਼ਾਹ ਦੇ ਅਮਰ ਸੰਦੇਸ਼, ਹਿੰਮਤ, ਸ਼ਹਾਦਤ ਤੇ ਮਨੁੱਖਤਾ ਨੂੰ ਸਮਰਪਿਤ ਕਰਕੇ ਮਹੱਤਵਪੂਰਨ ਕਦਮ ਚੁੱਕਿਆ ਹੈ। ਪੂਰੀ ਦੁਨੀਆ ਨੂੰ ਫਿਰਕੂ ਵੰਡ, ਅਸਹਿਣਸ਼ੀਲਤਾ ਤੇ ਭੈਅ 'ਚੋਂ ਬਾਹਰ ਕੱਢਣ ਲਈ ਗੁਰੂ ਜੀ ਦੇ ਸ਼ਬਦ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਲਈ ਦੁਹਰਾਇਆ ਹੈ ਕਿ ਇਨ੍ਹਾਂ ਸਭ ਮਸਲਿਆਂ ਦਾ ਹੱਲ ਗੁਰਬਾਣੀ ਵਿਚ ਹੀ ਪਿਆ ਹੈ। ਸੱਚ ਦੀ ਆਵਾਜ਼ ਨੂੰ ਦਬਾਉਣ ਵਾਲੀ ਮਾਨਸਿਕਤਾ ਦਾ ਤਿਆਗ ਕਰਨਾ ਹੀ ਪਵੇਗਾ।
ਪੰਜਾਬ ਦੇ ਨੌਜਵਾਨਾਂ ਲਈ ਉਮੀਦ ਦੀ ਕਿਰਨ
ਅੱਜ ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ, ਨਸ਼ਿਆਂ ਦੀ ਲਪੇਟ ਤੇ ਵਿਦੇਸ਼ਾਂ ਵੱਲ ਭੱਜਣ ਦੀ ਬੇਚੈਨੀ ਵਿਚ ਫਸਿਆ ਹੋਇਆ ਹੈ। ਇਸ ਮੁਸ਼ਕਿਲ ਦੀ ਘੜੀ ਵਿਚ ਗੁਰੂ ਜੀ ਦੇ ਨਿਡਰਤਾ ਵਾਲੇ ਆਦਰਸ਼ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣ ਦੇ ਉਦੇਸ਼ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਜ਼ਬੂਤ ਅਕਾਦਮਿਕ ਪ੍ਰੋਗਰਾਮ ਅਤੇ ਭਵਿੱਖ-ਮੁਖੀ ਯੋਜਨਾਵਾਂ ਰਾਹੀਂ ਨੌਜਵਾਨਾਂ ਵਿਚ ਆਤਮਵਿਸ਼ਵਾਸ ਦੀ ਉਮੀਦ ਜਗਾਈ ਹੈ। 13 ਲੱਖ ਤੱਕ ਦੇ ਪਲੇਸਮੈਂਟ ਪੈਕੇਜ, ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਡਾਟਾ ਸਾਇੰਸ ਅਤੇ ਸਾਈਬਰ ਸਿਕਿਉਰਿਟੀ ਵਿਚ ਕੋਰਸ, ਸਰਹੱਦੀ ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਵਿਚ ਮੌਕੇ ਦੇਣਾ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਮੁੜ ਬਣਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ।
ਨਵੀਂ ਲੀਡਰਸ਼ਿਪ 'ਚ ਅਕਾਦਮਿਕ ਚਮਕ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈ. (ਡਾ.) ਕਰਮਜੀਤ ਸਿੰਘ ਦੀ ਸੁਚੱਜੀ ਅਗਵਾਈ ਹੇਠ ਯੂਨੀਵਰਸਿਟੀ ਨੇ ਪਿਛਲੇ 55 ਸਾਲਾਂ ਦੀ ਵਿਰਾਸਤ ਨੂੰ ਅੱਗੇ ਵਧਾਇਆ ਹੈ, ਉੱਥੇ ਉਨ੍ਹਾਂ ਇਕ ਸਾਲ ਵਿਚ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਰਕਾਰੀ ਯੂਨੀਵਰਸਿਟੀਆਂ 'ਚ ਭਾਰਤ ਵਿਚ 11ਵੇਂ ਸਥਾਨ 'ਤੇ ਪਹੁੰਚਾ ਦਿੱਤਾ ਹੈ। ਇਸ ਸਮੇਂ ਯੂਨੀਵਰਸਿਟੀ ਦਾ ਐਚ-ਇੰਡੈਕਸ 175 ਹੋ ਗਿਆ ਹੈ। ਇਸ ਤੋਂ ਇਲਾਵਾ ਸਕੋਪਸ-ਇੰਡੈਕਸਡ ਖੋਜ ਪੇਪਰਾਂ 'ਚ ਵੱਡਾ ਵਾਧਾ ਹੋਇਆ ਹੈ। ਇਹ ਸਾਰੇ ਅੰਕੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਮਾਨਦਾਰੀ, ਮਿਹਨਤ ਅਤੇ ਸੇਵਾ ਦੇ ਸੰਦੇਸ਼ ਦੀ ਲਗਾਤਾਰ ਚੱਲ ਰਹੀ ਵਿਰਾਸਤ ਨੂੰ ਹੀ ਦਰਸਾਉਂਦੇ ਹਨ।
ਪੰਜਾਬ ਦੀ ਵਿਰਾਸਤ ਨੂੰ ਵਿਸ਼ਵ ਪੱਧਰ 'ਤੇ ਲਿਜਾਣਾ
ਭਾਰਤ ਦੀ ਕਿਸੇ ਸਰਕਾਰੀ ਯੂਨੀਵਰਸਿਟੀ ਵਲੋਂ ਪਹਿਲੀ ਵਾਰ ਕੈਲੀਫੋਰਨੀਆ ਵਿਖੇ 'ਆਫਸ਼ੋਰ ਕੈਂਪਸ' ਖੋਲ੍ਹਣ ਦਾ ਪ੍ਰਸਤਾਵ ਅਤੇ ਸਿੱਖ ਅਧਿਐਨ ਲਈ ਤਿੰਨ ਕਰੋੜ ਰੁਪਏ ਦੀ ਸਿੱਖ ਸਟੱਡੀ ਚੇਅਰ ਸਥਾਪਤ ਕਰਨ ਦੇ ਦੋ ਵੱਡੇ ਕਦਮ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਵਿਸ਼ਵ ਪੱਧਰੀ ਪਹੁੰਚ ਨੂੰ ਦਰਸਾਉਂਦੇ ਹਨ। ਇਨ੍ਹਾਂ ਦੋਵਾਂ ਕਦਮਾਂ ਨਾਲ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀਆਂ ਨਵੀਆਂ ਪੀੜ੍ਹੀਆਂ ਆਪਣੀਆਂ ਜੜ੍ਹਾਂ, ਆਪਣੀ ਰੂਹਾਨੀਅਤ ਤੇ ਸੱਭਿਆਚਾਰ ਨਾਲ ਮੁੜ ਜੁੜ ਸਕਣਗੀਆਂ।
ਵਿਚਾਰ-ਚਰਚਾ ਦਾ ਸੰਗਮ
24 ਨਵੰਬਰ ਨੂੰ ਹੋਣ ਵਾਲੇ 56ਵੇਂ ਸਥਾਪਨਾ ਦਿਵਸ ਸਮਾਗਮ ਵਿਚ ਡਾ. ਬ੍ਰਿਜਪਾਲ ਸਿੰਘ (ਸਾਬਕਾ ਫੈਕਲਟੀ, ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ), ਡਾ. ਕੇਹਰ ਸਿੰਘ (ਪ੍ਰਸਿੱਧ ਪੰਜਾਬੀ ਸਾਹਿਤਕ ਵਿਦਵਾਨ) ਤੇ ਇੰਜੀ. ਸੁਪਰੀਤਪਾਲ ਸਿੰਘ (ਇੰਡੋਨੇਸ਼ੀਆ) ਆਪੋ-ਆਪਣੇ ਵਿੱਦਿਅਕ ਭਾਸ਼ਨਾਂ ਰਾਹੀਂ ਯੂਨੀਵਰਸਿਟੀ ਨੂੰ ਸੇਧ ਦੇਣਗੇ ਕਿ ਯੂਨੀਵਰਸਿਟੀ ਲਈ ਭਵਿੱਖ ਵਿਚ ਹੋਰ ਕਿਹੜੇ ਕੰਮ ਕਰਨੇ ਬਣਦੇ ਹਨ, ਜੋ ਸਿਹਤਮੰਦ ਸਮਾਜ ਸਿਰਜਣ ਲਈ ਚੰਗਾ ਮਾਹੌਲ ਪੈਦਾ ਕਰ ਸਕਣ। ਸਵੇਰੇ ਤੇ ਸ਼ਾਮ ਨੂੰ ਗੁਰਬਾਣੀ ਕੀਰਤਨ ਤੋਂ ਇਲਾਵਾ ਚਿੱਤਰ ਪ੍ਰਦਰਸ਼ਨੀ ਤੇ ਲੋਕ ਕਲਾ ਪ੍ਰਦਰਸ਼ਨੀ ਨਾਲ ਵਿਦਿਆਰਥੀਆਂ ਨੂੰ ਪੰਜਾਬ ਦੀ ਰੂਹਾਨੀ ਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦਾ ਉਪਰਾਲਾ ਹੋਵੇਗਾ।
ਸੰਯੁਕਤ ਰਾਸ਼ਟਰ ਨੂੰ ਵਿਸ਼ਵ-ਪੱਧਰੀ ਪ੍ਰਸਤਾਵ
ਯੂਨੀਵਰਸਿਟੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਪੱਤਰ ਲਿਖ ਕੇ 24 ਅਕਤੂਬਰ (ਸੰਯੁਕਤ ਰਾਸ਼ਟਰ ਸਥਾਪਨਾ ਦਿਵਸ) ਨੂੰ ਵਿਸ਼ਵ ਪੱਧਰ 'ਤੇ ਵਿਸ਼ਵ ਨੈਤਿਕ ਚੇਤਨਾ ਦਿਵਸ (ਡੇਅ ਆਫ਼ ਯੂਨੀਵਰਸਲ ਕਾਂਸ਼ੀਅਸ) ਵਜੋਂ ਮਨਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਪ੍ਰਸਤਾਵ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਮਹਾਨ ਨੈਤਿਕ ਉਦੇਸ਼ ਨੂੰ ਸਮਰਪਿਤ ਹੈ ਅਤੇ ਸੰਸਾਰ ਭਰ 'ਚ ਜ਼ਮੀਰ, ਮਾਣ, ਮਨੁੱਖੀ ਆਜ਼ਾਦੀ ਤੇ ਪਰਸਪਰ ਸਤਿਕਾਰ ਦੀ ਸੰਸਕ੍ਰਿਤੀ ਨੂੰ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਹੈ। ਅੰਮ੍ਰਿਤਸਰ ਤੋਂ ਨਿਊਯਾਰਕ ਤੱਕ ਇਹ ਸੰਦੇਸ਼ ਲਿਜਾਣਾ ਗੁਰੂ ਜੀ ਵਲੋਂ ਦਿਖਾਏ ਰਾਹ 'ਤੇ ਚੱਲਣ ਦੀ ਵਿਸ਼ਵ ਪੱਧਰੀ ਪਹਿਲਕਦਮੀ ਹੈ।
ਚਿੰਤਨ, ਸੰਕਲਪ ਤੇ ਨਵੀਂ ਸ਼ੁਰੂਆਤ
ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ, ਫੈਕਲਟੀ ਤੇ ਖੋਜੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਸਾਹਿਬ ਦੇ ਸੰਦੇਸ਼ (ਇਮਾਨਦਾਰੀ, ਹਿੰਮਤ, ਨਿਮਰਤਾ, ਦਯਾ ਤੇ ਸੇਵਾ) ਨੂੰ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਅਪਣਾਉਣ। ਇਸ ਤਰ੍ਹਾਂ 56ਵਾਂ ਸਥਾਪਨਾ ਦਿਵਸ ਸਿਰਫ਼ ਇਕ ਸਾਲਾਨਾ ਸਮਾਗਮ ਨਹੀਂ, ਸਗੋਂ ਨੌਵੇਂ ਪਾਤਿਸ਼ਾਹ ਦੇ ਸੰਦੇਸ਼ ਨੂੰ ਸਿੱਖਿਆ ਅਤੇ ਵਿਸ਼ਵ ਸੰਬੰਧਾਂ ਦੇ ਹਰ ਖੇਤਰ 'ਚ ਜਿਊਣ ਦਾ ਨਵਾਂ ਸੰਕਲਪ ਹੈ। ਇਸ ਦਿਨ ਦੀ ਬਰਕਤ ਨਾਲ ਸਾਰੀ ਮਨੁੱਖਤਾ ਨੂੰ ਨਵੀਂ ਹਿੰਮਤ, ਡੂੰਘੀ ਸਮਝ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਪ੍ਰਾਪਤ ਹੋਵੇ।

-ਡਾਇਰੈਕਟਰ, ਲੋਕ ਸੰਪਰਕ,
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਮੋਬਾਈਲ : 9878277423

Ad Position 22
No active advertisement
ਪਿਛਲੀ ਖ਼ਬਰ ਪਹਿਲਾ ਪੈਰਾਲੰਪਿਕ ਤਗਮਾ ਜੇਤੂ ਭਾਰਤੀ ਮੁਰਲੀਕਾਂਤ ਪੇਟਕਰ ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕੀ-ਕੀ ਕਾਰਨ ਰਹੇ?-2
Ad Position 24