ਦੁਨੀਆ ਭਰ 'ਚ ਕਿਸੇ ਨਾ ਕਿਸੇ ਕਾਰਨ ਸਰੀਰਕ ਤੌਰ 'ਤੇ ਕਮਜ਼ੋਰੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਸਾਲ 1960 ਵਿਚ ਪਹਿਲੀਆਂ ਪੈਰਾਲੰਪਿਕ ਖੇਡਾਂ ਇਟਲੀ ਦੇ ਸ਼ਹਿਰ ਰੋਮ ਵਿਖੇ ਕਰਵਾਈਆਂ ਗਈਆਂ ਸਨ, ਤਾਂ ਜੋ ਸੰਸਾਰ ਭਰ ਦੇ ਇਨ੍ਹਾਂ ਵਿਲੱਖਣ ਸਮਰੱਥਾ ਵਾਲੇ ਖਿਡਾਰੀਆਂ ਨੂੰ ਵੀ ਆਪਣੀ ਖੇਡ ਦਾ ਕੌਸ਼ਲ ਦਿਖਾਉਣ ਦਾ ਬਰਾਬਰ ਮੌਕਾ ਮਿਲ ਸਕੇ। ਉਦੋਂ ਤੋਂ ਲੈ ਕੇ ਹਰ ਚਾਰ ਸਾਲ ਬਾਅਦ ਇਹ ਖੇਡਾਂ ਪੈਰਾਲੰਪਿਕ ਖੇਡਾਂ ਦੇ ਨਾਂਅ ਹੇਠਾਂ ਆਮ ਉਲੰਪਿਕ ਖੇਡਾਂ ਦੇ ਨਾਲ-ਨਾਲ ਕਰਵਾਈਆਂ ਜਾਂਦੀਆਂ ਹਨ।
ਭਾਰਤੀ ਅਥਲੀਟ ਬੇਸ਼ੱਕ ਇਨ੍ਹਾਂ ਖੇਡਾਂ ਵਿਚ ਨਿਰੰਤਰ ਭਾਗ ਲੈਂਦੇ ਆ ਰਹੇ ਹਨ ਪਰ ਅੱਜ ਅਸੀਂ ਉਸ ਭਾਰਤੀ ਦਲੇਰ ਇਨਸਾਨ ਦੀ ਗੱਲ ਕਰਾਂਗੇ, ਜਿਸ ਨੇ ਭਾਰਤ ਲਈ ਪਹਿਲਾ ਪੈਰਾਲੰਪਿਕ ਤਗਮਾ ਜਿੱਤਿਆ ਸੀ। 1 ਨਵੰਬਰ, 1944 ਨੂੰ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ 'ਚ ਜਨਮੇ ਮੁਰਲੀਕਾਂਤ ਪੇਟਕਰ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਸੀ ਅਤੇ ਮੁੱਕੇਬਾਜ਼ੀ ਵਿਚ ਉਸ ਦੀ ਵਿਸ਼ੇਸ਼ ਦਿਲਚਸਪੀ ਸੀ। ਭਾਰਤੀ ਫ਼ੌਜ ਵਿਚ ਭਰਤੀ ਹੋਣ ਮਗਰੋਂ ਵੀ ਉਸ ਨੇ ਆਪਣੇ ਖੇਡਾਂ ਦੇ ਸ਼ੌਕ ਨੂੰ ਜਾਰੀ ਰੱਖਿਆ ਤੇ ਫ਼ੌਜ ਵਲੋਂ ਖੇਡਦਾ ਰਿਹਾ। ਮੁਰਲੀਕਾਂਤ ਭਾਰਤੀ ਫ਼ੌਜ ਦੇ ਇਲੈਕਟ੍ਰਾਨਿਕਸ ਅਤੇ ਮਕੈਨੀਕਲ ਇੰਜੀਨੀਅਰਜ਼ ਦੇ ਕੋਰ ਵਿਚ ਤਾਇਨਾਤ ਸੀ। ਸਾਲ 1965 ਦੀ ਭਾਰਤ-ਪਾਕਿਸਤਾਨ ਜੰਗ ਵਿਚ ਪੇਟਕਰ ਨੂੰ ਇਕ ਹਮਲੇ ਦੌਰਾਨ 9 ਗੋਲੀਆਂ ਵੱਜੀਆਂ, ਜਿਨ੍ਹਾਂ 'ਚੋਂ ਇਕ ਉਸ ਦੀ ਰੀੜ੍ਹ ਦੀ ਹੱਡੀ 'ਚ ਡੂੰਘੀ ਵੱਜੀ, ਜਿਸ ਨਾਲ ਉਹ ਲੱਕ ਤੋਂ ਹੇਠਾਂ ਅਪਾਹਜ ਹੋ ਗਿਆ। ਅਪਾਹਜ ਹੋਣ ਤੋਂ ਬਾਅਦ ਵੀ ਪੇਟਕਰ ਨੇ ਖੇਡਾਂ ਖ਼ਾਸ ਕਰਕੇ ਤੈਰਾਕੀ ਰਾਹੀਂ ਖ਼ੁਦ ਨੂੰ ਇਸ ਅਪੰਗਤਾ ਭਰੀ ਜ਼ਿੰਦਗੀ 'ਚੋਂ ਉਭਾਰਨ ਦੀ ਕੋਸ਼ਿਸ਼ ਕੀਤੀ। ਉਸ ਨੇ 1968 ਦੀਆਂ ਪੈਰਾਲੰਪਿਕਸ ਖੇਡਾਂ 'ਚ ਟੇਬਲ ਟੈਨਿਸ ਖੇਡ ਵਿਚ ਆਪਣੇ ਹੱਥ ਅਜ਼ਮਾਏ। ਪੇਟਕਰ ਆਪਣੇ-ਆਪ ਨੂੰ ਦੁਨੀਆ ਸਾਹਮਣੇ ਸਾਬਿਤ ਕਰਨਾ ਚਾਹੁੰਦਾ ਸੀ ਕਿ ਸਰੀਰਕ ਕਮਜ਼ੋਰੀ ਸਾਡੇ ਅੰਦਰ ਦੇ ਹੌਸਲੇ ਨੂੰ ਨਹੀਂ ਤੋੜ ਸਕਦੀ। ਇਸ ਲਈ ਉਸ ਨੇ ਅਗਲੀਆਂ ਪੈਰਾਲੰਪਿਕਸ ਖੇਡਾਂ ਅੰਦਰ ਤੈਰਾਕੀ ਦੇ ਮੁਕਾਬਲਿਆਂ ਲਈ ਤਿਆਰੀ ਸ਼ੁਰੂ ਕੀਤੀ। 1972 'ਚ ਜਰਮਨੀ ਦੇ ਹਾਈਡਲਬਰਗ ਵਿਖੇ ਹੋਈਆਂ ਪੈਰਾਲੰਪਿਕਸ ਖੇਡਾਂ 'ਚ ਮੁਰਲੀਕਾਂਤ ਨੇ 50 ਮੀਟਰ ਫ੍ਰੀਸਟਾਈਲ ਤੈਰਾਕੀ ਮੁਕਾਬਲੇ 'ਚ ਨਾ ਸਿਰਫ਼ ਸੋਨ ਤਗਮਾ ਜਿੱਤਿਆ, ਸਗੋਂ 37.33 ਸਕਿੰਟ ਦੇ ਸਮੇਂ ਨਾਲ ਵਿਸ਼ਵ ਰਿਕਾਰਡ ਵੀ ਕਾਇਮ ਕਰ ਦਿੱਤਾ। ਆਪਣੇ ਹੌਸਲੇ ਦੇ ਖੰਭਾ 'ਤੇ ਉਡਾਣ ਭਰਦਿਆਂ ਉਸ ਨੇ ਦੁਨੀਆ 'ਚ ਇਹ ਸਿੱਧ ਕੀਤਾ ਕਿ ਕਿਸੇ ਦੁਰਘਟਨਾ ਕਰਕੇ ਬੇਸ਼ੱਕ ਇਨਸਾਨ ਕਿਸੇ ਅੰਗੋਂ ਨਕਾਰਾ ਹੋ ਸਕਦਾ ਹੈ ਪਰ ਉਹ ਆਪਣੇ ਦ੍ਰਿੜ੍ਹ ਇਰਾਦੇ ਸਦਕਾ ਦੁਨੀਆ ਅੰਦਰ ਕੋਈ ਵੀ ਮੰਜ਼ਿਲ ਪਾ ਸਕਦਾ ਹੈ। ਉਸ ਸਮੇਂ ਮੁਰਲੀਕਾਂਤ ਨੇ ਭਾਰਤ ਦਾ ਨਾਂਅ ਜਿਸ ਤਰ੍ਹਾਂ ਬੁਲੰਦ ਕੀਤਾ ਸੀ, ਉਹ ਲਾਮਿਸਾਲ ਹੈ ਪਰ ਉਸ ਸਮੇਂ ਪੈਰਾ ਖਿਡਾਰੀਆਂ ਦੀ ਕੋਈ ਬਹੁਤੀ ਬੁੱਕਤ ਨਾ ਹੋਣ ਕਰਕੇ ਮੁਰਲੀਕਾਂਤ ਨੂੰ ਉਸ ਦਾ ਬਣਦਾ ਮਾਣ-ਸਨਮਾਨ ਨਾ ਮਿਲ ਸਕਿਆ। ਸਮਾਂ ਬੀਤਦਾ ਗਿਆ ਤੇ ਭਾਰਤੀ ਪੈਰਾ ਖਿਡਾਰੀਆਂ ਨੇ ਭਾਰਤੀ ਝੰਡੇ ਨੂੰ ਬੁਲੰਦ ਕਰਨਾ ਸ਼ੁਰੂ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਵੀ ਆਮ ਖਿਡਾਰੀਆਂ ਵਾਂਗ ਸਨਮਾਨ ਮਿਲਣ ਲੱਗੇ। ਸਾਲ 2018 'ਚ ਜਿੱਥੇ ਮੁਰਲੀਕਾਂਤ ਨੂੰ 'ਪਦਮਸ੍ਰੀ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਉੱਥੇ ਹੀ ਸਾਲ 2025 'ਚ ਉਸ ਨੂੰ 'ਅਰਜੁਨ ਐਵਾਰਡ ਲਾਈਫ਼ਟਾਈਮ' ਨਾਲ ਸਨਮਾਨਿਤ ਕੀਤਾ ਗਿਆ। ਮੁਰਲੀਕਾਂਤ ਨੇ ਜਿੱਥੇ ਦੇਸ਼ ਦੀ ਰੱਖਿਆ ਕਰਦੇ ਹੋਏ 9 ਗੋਲੀਆਂ ਆਪਣੇ ਸਰੀਰ 'ਤੇ ਖਾਧੀਆਂ, ਉੱਥੇ ਹੀ ਉਸ ਨੇ ਦੇਸ਼ ਦੇ ਝੰਡੇ ਨੂੰ ਬੁਲੰਦ ਕਰਨ ਲਈ ਕੋਈ ਕਸਰ ਨਹੀਂ ਛੱਡੀ। ਦੇਸ਼ ਦੇ ਹੋਰ ਵਿਲੱਖਣ ਸਮਰੱਥਾ ਵਾਲੇ ਨੌਜਵਾਨ ਲੜਕੇ-ਲੜਕੀਆਂ ਨੂੰ ਇਸ ਬਹਾਦਰ ਇਨਸਾਨ ਦੀ ਜ਼ਿੰਦਗੀ ਤੋਂ ਸਿੱਖਿਆ ਲੈ ਕੇ ਅੱਗੇ ਵਧਣਾ ਚਾਹੀਦਾ ਹੈ।
-ਡੀ.ਪੀ.ਈ., ਸਰਕਾਰੀ ਹਾਈ ਸਕੂਲ ਸੇਖੂਵਾਸ (ਸੰਗਰੂਰ)।
ਮੋਬਾ: 9417479449