ਸ਼ਬਦਾਂ ਦਾ ਜਾਦੂਗਰ ਕੌਮਾਂਤਰੀ ਕਬੱਡੀ ਕੁਮੈਂਟੇਟਰ ਰੁਪਿੰਦਰ ਜਲਾਲ ਵੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ, ਕਿਉਂਕਿ ਇਕ ਕਬੱਡੀ ਬੁਲਾਰੇ ਵਜੋਂ ਅੱਜ ਦੀ ਘੜੀ ਉਸ ਦਾ ਵੱਡਾ ਨਾਂਅ ਹੈ। ਸੁੱਘੜ-ਸਿਆਣੇ ਤੇ ਖ਼ੂਬਸੂਰਤੀ ਦੇ ਮੁਜੱਸਮੇ ਰੁਪਿੰਦਰ ਨੂੰ ਪਹਿਲੀ ਵਾਰ ਮਿਲਦਿਆਂ ਹੀ ਤ੍ਰੇਲ ਧੋਤੇ ਫੁੱਲਾਂ ਦੀ ਖੁਸ਼ਬੋ ਦਾ ਅਨੰਦ ਆਉਂਦਾ ਹੈ। ਕਿਤਾਬਾਂ ਪੜ੍ਹਨ ਦਾ ਸ਼ੌਕੀਨ ਰੁਪਿੰਦਰ ਜਲਾਲ ਆਪਣੇ ਮੁਖਾਰਬਿੰਦ 'ਚੋਂ ਸਾਹਿਤਕ ਬੋਲਾਂ ਨਾਲ ਮੈਦਾਨਾਂ 'ਤੇ ਕਬੱਡੀ ਖਿਡਾਰੀਆਂ ਦੀ ਕਲਾਤਮਿਕ ਖੇਡ, ਭਰਵੇਂ ਤੇ ਜਰਵਾਣੇ ਜੁੱਸਿਆਂ ਦੀ ਹਮੇਸ਼ਾ ਵਡਿਆਈ ਕਰਦਾ ਰਹਿੰਦਾ ਹੈ ਤੇ ਖੇਡ ਕਬੱਡੀ 'ਚ ਆਈਆਂ ਊਣਤਾਈਆਂ ਦੀ ਕਰੜੇ ਸ਼ਬਦਾਂ 'ਚ ਨਿੰਦਾ ਕਰਦਾ ਹੈ। ਨਸ਼ਿਆਂ ਦੇ ਸਖ਼ਤ ਖ਼ਿਲਾਫ਼ ਰੁਪਿੰਦਰ ਖੇਡ ਕਬੱਡੀ ਵਿਚ ਨਸ਼ਿਆਂ ਦੇ ਹੋਏ ਪ੍ਰਵੇਸ਼ ਤੋਂ ਡਾਹਢਾ ਚਿੰਤਤ ਹੈ। ਇਹ ਗੱਭਰੂ ਆਪਣੀ ਕੁਮੈਂਟਰੀ ਦੌਰਾਨ ਨਸ਼ਿਆਂ ਖ਼ਿਲਾਫ਼ ਖੁੱਲ੍ਹ ਕੇ ਬੋਲਦਾ ਤੇ ਖਿਡਾਰੀਆਂ ਨੂੰ ਆਪਣੀ ਸਾਫ਼-ਸੁਥਰੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਅਕਸਰ ਬੇਨਤੀ ਕਰਦਾ ਰਹਿੰਦਾ ਹੈ। ਉਮਰੋਂ ਸਿਆਣੀਆਂ ਗੱਲਾਂ ਕਰਨ ਵਾਲਾ ਰੁਪਿੰਦਰ ਨਿੱਤ ਦਿਨ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਇਨਸਾਫ਼ ਪਸੰਦ ਰੁਪਿੰਦਰ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਤੇ ਮੱਖਣ ਅਲੀ ਨੂੰ ਇਸ ਖੇਤਰ ਵਿਚ ਆਪਣਾ ਉਸਤਾਦ ਮੰਨਦਾ ਹੈ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਜਮੇਰ ਜਲਾਲ ਨੂੰ ਕੁਮੈਂਟਰੀ ਖੇਤਰ ਦਾ ਰਾਹ ਦਸੇਰਾ ਸਮਝਦਾ ਹੈ। ਰੁਪਿੰਦਰ ਨੇ ਵਿਦੇਸ਼ਾਂ ਦੀ ਧਰਾਤਲ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਮਹਾਂਦੀਪ, ਡੁਬਈ, ਮਲੇਸੀਆ ਆਦਿ ਵਿਖੇ ਆਪਣੀ ਕੁਮੈਂਟਰੀ ਕਲਾ ਦੇ ਖ਼ੂਬਸੂਰਤ ਤੇ ਮਾਖਿਓਂ ਮਿੱਠੀ ਆਵਾਜ਼ ਵਿਚ ਖ਼ੂਬ ਜਲਵੇ ਬਿਖੇਰੇ। ਇਕ ਕੁਮੈਂਟੇਟਰ ਹੋਣ ਦੇ ਨਾਲ-ਨਾਲ ਰੁਪਿੰਦਰ ਸਮਾਜ ਸੇਵਕ ਵੀ ਹੈ। ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣ ਵਾਲਾ ਇਹ ਨੌਜਵਾਨ ਕੁਮੈਂਟੇਟਰ ਇਕ ਸਮਾਜ ਸੇਵੀ ਸੰਸਥਾ ਵੀ ਚਲਾ ਰਿਹਾ ਹੈ। ਕਬੱਡੀ ਦੇ ਖੇਤਰ 'ਚ ਰੁਪਿੰਦਰ ਦਾ ਕਾਫ਼ੀ ਮਾਣ-ਸਨਮਾਨ ਹੋਇਆ ਹੈ। ਪਿਛਲੇ ਸਮੇਂ 'ਚ ਰੁਪਿੰਦਰ ਜਲਾਲ ਤੇ ਅਮਨ ਲੋਪੋਂ ਦੀ ਜੋੜੀ ਵਲੋਂ ਮਿਲ ਕੇ ਕਬੱਡੀ ਜਗਤ ਅੰਦਰ ਨਿਭਾਈਆਂ ਸੇਵਾਵਾਂ ਦੀ ਕਬੱਡੀ ਪ੍ਰਸੰਸਕਾਂ ਨੇ ਰੱਜ ਕੇ ਪ੍ਰਸੰਸਾ ਕੀਤੀ ਤੇ ਉਹ ਇਸ ਜੋੜੀ ਨੂੰ ਕਬੱਡੀ ਮੈਦਾਨਾਂ 'ਚ ਫਿਰ ਇਕੱਠੇ ਦੇਖਣਾ ਲੋਚਦੇ ਹਨ। ਖੇਤੀ ਕਾਨੂੰਨ ਰੱਦ ਕਰਾਉਣ ਹਿੱਤ ਲੰਬੇ ਸਮੇਂ ਤੱਕ ਲਗਾਏ ਗਏ ਖੇਤੀ ਧਰਮ ਯੁੱਧ ਮੋਰਚੇ ਨੂੰ ਫ਼ਤਹਿ ਕਰਨ ਲਈ ਵਹੀਰਾਂ ਘੱਤ ਦਿੱਲੀ ਪਹੁੰਚਿਆ ਖੇਡ ਕਬੱਡੀ ਜਗਤ ਤੇ ਨੌਜਵਾਨ ਵਰਗ ਦੀ ਸੁਚੱਜਤਾ, ਵੱਡੇ ਹੌਸਲੇ, ਨਿਡਰਤਾ ਤੇ ਦਲੇਰੀ ਨਾਲ ਅਗਵਾਈ ਕਰਨ ਵਾਲੇ ਅਗਾਂਹਵਧੂ ਸੋਚ ਦੇ ਮਾਲਕ ਰੁਪਿੰਦਰ ਜਲਾਲ ਦਾ ਇਸ ਕਿਸਾਨੀ ਅੰਦੋਲਨ 'ਚ ਸਿਰਕੱਢ ਨੌਜਵਾਨ ਆਗੂ ਵਜੋਂ ਪ੍ਰਮੁੱਖਤਾ ਨਾਲ ਉਭਾਰ ਹੋਇਆ। ਪਿਛਲੇ ਸਮੇਂ ਦੌਰਾਨ ਪੰਜਾਬ ਦੇ ਇਕ ਖੇਡ ਮੇਲੇ ਮੌਕੇ ਡਾ. ਸਵੈਮਾਨ ਸਿੰਘ ਵਲੋਂ ਆਪਣੇ ਭਾਸ਼ਨ 'ਚ ਰੁਪਿੰਦਰ ਜਲਾਲ ਨੂੰ ਜਦ ਪੰਜਾਬ ਦੀ ਸਿਅਸਤ ਦੇ ਪਿੜ 'ਚ ਕੁੱਦਣ ਲਈ ਕਿਹਾ ਗਿਆ ਤਾਂ ਰੁਪਿੰਦਰ ਨੇ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਮੈਂ ਰਾਜਨੀਤੀ ਤੋਂ ਬਿਨਾਂ ਹੀ ਲੋਕ ਸੇਵਾ ਕਰਨ ਦਾ ਹਾਮੀ ਹਾਂ। ਰੁਪਿੰਦਰ ਜਲਾਲ ਆਪਣੇ ਪਰਿਵਾਰ ਨਾਲ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਵਿਖੇ ਸੁਖਦ ਜੀਵਨ ਬਤੀਤ ਕਰ ਰਿਹਾ ਹੈ।
-ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।
ਮੋਬਾ: 98147-45867