ਖਿਡਾਰੀ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਨਤੀਜਿਆਂ ਪਿੱਛੇ ਤਿੰਨ ਕਾਰਕ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ- ਸਿਖਲਾਈ, ਖ਼ੁਰਾਕ ਤੇ ਆਰਾਮ। ਇਨ੍ਹਾਂ 'ਚੋਂ ਇਕ ਚੀਜ਼ ਦੀ ਕਮੀ ਹੋਣ 'ਤੇ ਵੀ ਇੱਛਾ ਮੁਤਾਬਿਕ ਨਤੀਜੇ ਨਹੀਂ ਮਿਲਦੇ। ਜੇਕਰ ਅਸੀਂ ਖ਼ੁਰਾਕ ਦੀ ਗੱਲ ਕਰੀਏ ਤਾਂ ਪਾਣੀ ਇਸ ਦਾ ਇਕ ਮਹੱਤਵਪੂਰਨ ਹਿੱਸਾ ਹੈ। ਸਰੀਰ 'ਚ ਪਾਣੀ ਦੀ ਲੋੜੀਂਦੀ ਮੌਜੂਦਗੀ ਨੂੰ ਹਾਈਡ੍ਰੇਸ਼ਨ ਕਿਹਾ ਜਾਂਦਾ ਹੈ। ਮਨੁੱਖੀ ਸਰੀਰ ਵਿਚ ਲਗਭਗ 60-70% ਪਾਣੀ ਹੁੰਦਾ ਹੈ। ਮਨੁੱਖੀ ਸਰੀਰ 'ਚ ਲਹੂ ਦੀ ਸਪਲਾਈ ਤੇ ਪੱਠਿਆਂ ਦੇ ਕੰਮ ਕਰਨ ਦੀ ਸਮਰੱਥਾ ਲਈ ਸਰੀਰ ਵਿਚ ਸਹੀ ਮਿਕਦਾਰ 'ਚ ਪਾਣੀ ਦਾ ਹੋਣਾ ਬਹੁਤ ਜ਼ਰੂਰੀ ਹੈ। ਪਾਣੀ ਸਾਡੇ ਸਰੀਰ ਦਾ ਇਕ ਅਹਿਮ ਹਿੱਸਾ ਹੈ ਤੇ ਇਹ ਖਿਡਾਰੀਆਂ ਦੀ ਪ੍ਰਦਰਸ਼ਨ ਸਮਰੱਥਾ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ।
ਇਕ ਖਿਡਾਰੀ ਨੂੰ ਰੋਜ਼ਾਨਾ 3-5 ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਸਹੀ ਹਾਈਡ੍ਰੇਸ਼ਨ ਖਿਡਾਰੀ ਦੀ ਸਹਿਣਸ਼ੀਲਤਾ, ਤਾਕਤ ਤੇ ਫੁਰਤੀ ਨੂੰ ਵਧਾਉਂਦੀ ਹੈ। ਪਾਣੀ ਮਾਸਪੇਸ਼ੀਆਂ ਨੂੰ ਆਕਸੀਜਨ ਪਹੁੰਚਾਉਣ 'ਚ ਮਦਦ ਕਰਦਾ ਹੈ, ਜਿਸ ਨਾਲ ਉਹ ਜ਼ਿਆਦਾ ਸਮੇਂ ਤੱਕ ਕੰਮ ਕਰ ਸਕਦੀਆਂ ਹਨ। ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ) ਦੇ ਨਤੀਜੇ ਵਜੋਂ ਸਰੀਰ ਦੀ ਊਰਜਾ ਘਟਦੀ ਹੈ ਤੇ ਖਿਡਾਰੀ ਦੇ ਪ੍ਰਦਰਸ਼ਨ ਸਮਰੱਥਾ 'ਤੇ ਮਾੜਾ ਅਸਰ ਪੈਂਦਾ ਹੈ। ਅਧਿਐਨਾਂ ਅਨੁਸਾਰ 2% ਸਰੀਰਕ ਪਾਣੀ ਦੀ ਕਮੀ ਵੀ ਪ੍ਰਦਰਸ਼ਨ ਨੂੰ 10-20% ਤੱਕ ਘਟਾ ਸਕਦੀ ਹੈ। ਜੇ ਅਭਿਆਸ ਜਾਂ ਮੁਕਾਬਲਾ ਲੰਬਾ ਸਮਾਂ ਚੱਲਦਾ ਹੈ ਤਾਂ ਹਰ 15-20 ਮਿੰਟਾਂ ਬਾਅਦ 150-250 ਮਿ.ਲੀ. ਪਾਣੀ ਪੀਣ ਲਈ ਬ੍ਰੇਕ ਦਿੱਤੀ ਜਾਣੀ ਜ਼ਰੂਰੀ ਹੈ। ਇਸੇ ਕਰਕੇ ਗਰਮੀ ਜਾਂ ਹੁੰਮਸ ਜਿਹੇ ਵਾਤਾਵਰਨ ਵਿਚ ਕਰਾਏ ਜਾਂਦੇ ਫੁੱਟਬਾਲ ਮੈਚਾਂ 'ਚ ਹਰ 30ਵੇਂ ਤੇ 75ਵੇਂ ਮਿੰਟ ਵਿਚ 3 ਮਿੰਟਾਂ ਦੀ ਬ੍ਰੇਕ ਦਿੱਤੀ ਜਾਂਦੀ ਹੈ ਜਾਂਦੀ ਹੈ, ਜਿਸ ਨੂੰ 'ਕੁਲਿੰਗ ਬ੍ਰੇਕ ਜਾਂ ਹਾਈਡ੍ਰੇਸ਼ਨ' ਬ੍ਰੇਕ ਕਿਹਾ ਜਾਂਦਾ ਹੈ।
ਖਿਡਾਰੀ ਦੀ ਗੱਲ ਕਰੀਏ ਤਾਂ ਜਦੋਂ ਉਹ ਖੇਡਦੇ ਹਨ ਜਾਂ ਅਭਿਆਸ ਕਰਦੇ ਹਨ, ਉਨ੍ਹਾਂ ਦੇ ਸਰੀਰ 'ਚੋਂ ਪਸੀਨੇ ਰਾਹੀਂ ਪਾਣੀ ਤੇ ਇਲੈਕਟ੍ਰੋਲਾਈਟਸ (ਜਿਵੇਂ ਸੋਡੀਅਮ ਤੇ ਪੋਟਾਸ਼ੀਅਮ) ਬਾਹਰ ਨਿਕਲ ਜਾਂਦਾ ਹੈ। ਜੇਕਰ ਇਸ ਦੀ ਪੂਰਤੀ ਨਾ ਕੀਤੀ ਜਾਵੇ ਤਾਂ ਸਰੀਰ 'ਚ ਡੀਹਾਈਡ੍ਰੇਸ਼ਨ ਹੋਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਪਾਣੀ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਵਿਚ ਸਹਾਈ ਹੁੰਦਾ ਹੈ ਤੇ ਖਿਡਾਰੀ ਨੂੰ ਸੁਰੱਖਿਅਤ ਰੱਖਦੀ ਹੈ। ਮਾਸਪੇਸ਼ੀਆਂ ਦੇ ਸਹੀ ਕੰਮਕਾਜ ਲਈ ਪਾਣੀ ਤੇ ਇਲੈਕਟ੍ਰੋਲਾਈਟਸ ਦੀ ਜ਼ਰੂਰਤ ਹੁੰਦੀ ਹੈ। ਮਨੁੱਖੀ ਸਰੀਰ ਦੀਆਂ ਮਾਸਪੇਸ਼ੀਆਂ 'ਚ ਲਗਭਗ 75% ਪਾਣੀ ਦੇ ਮਿਸ਼ਰਣ ਨਾਲ ਬਣੀਆਂ ਹੁੰਦੀਆਂ ਹਨ। ਸਹੀ ਹਾਈਡ੍ਰੇਸ਼ਨ ਮਾਸਪੇਸ਼ੀਆਂ ਨੂੰ ਲਚਕੀਲੇ ਅਤੇ ਮਜ਼ਬੂਤ ਰੱਖਦੀ ਹੈ, ਜਿਸ ਨਾਲ ਖਿਡਾਰੀ ਆਪਣੀ ਪੂਰੀ ਸਮਰੱਥਾ ਨਾਲ ਖੇਡ ਸਕਦਾ ਹੈ।
ਪਾਣੀ ਅਭਿਆਸ ਜਾਂ ਮੈਚ ਤੋਂ ਬਾਅਦ ਸਰੀਰ ਨੂੰ ਰਿਕਵਰੀ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ। ਪਾਣੀ ਸਰੀਰ ਦੇ ਕੰਮ ਕਰ ਰਹੇ ਪੱਠਿਆਂ ਨੂੰ ਲੋੜੀਂਦੇ ਪੋਸ਼ਕ ਤੱਤ ਪਹੁੰਚਾਉਣ ਵਿਚ ਲਹੂ ਦੀ ਸਹਾਇਤਾ ਕਰਦਾ ਹੈ ਅਤੇ ਪਾਣੀ ਤੇ ਇਲੈਕਟ੍ਰੋਲਾਈਟਸ ਦੀ ਸਹੀ ਮਾਤਰਾ ਸਰੀਰ ਵਿਚ ਮੈਟਾਬੋਲਿਕ ਵੇਸਟ ਨੂੰ ਬਾਹਰ ਕੱਢਣ ਅਤੇ ਮਾਸਪੇਸ਼ੀਆਂ ਨੂੰ ਮੁੜ ਤਿਆਰ ਕਰਨ 'ਚ ਮਦਦ ਕਰਦੀ ਹੈ। ਇਹ ਖਿਡਾਰੀ ਨੂੰ ਅਗਲੇ ਅਭਿਆਸ ਜਾਂ ਮੈਚ ਲਈ ਤਿਆਰ ਕਰਦੀ ਹੈ। ਅਭਿਆਸ ਤੋਂ ਬਾਅਦ ਸਾਦਾ ਪਾਣੀ ਸਰੀਰ ਦਾ ਤਾਪਮਾਨ ਘਟਾਉਣ 'ਚ ਸਹਾਈ ਹੁੰਦਾ ਹੈ। ਖਿਡਾਰੀ ਨੂੰ ਰਿਕਵਰੀ ਲਈ ਕਾਰਬੋਹਾਈਡ੍ਰੇਟਸ ਦੀ ਲੋੜ ਹੁਂਦੀ ਹੈ। ਜੇਕਰ ਸ਼ਿਕੰਜਵੀ ਮਿਲ ਜਾਵੇ ਤਾਂ ਜ਼ਿਆਦਾ ਬਿਹਤਰ ਹੈ, ਤਾਜ਼ਾ ਫਲਾਂ ਦਾ ਰਸ ਵੀ ਬਹੁਤ ਫਾਇਦੇਮੰਦ ਸਾਬਿਤ ਹੁੰਦਾ ਹੈ। ਸਪੋਰਟਸ ਡ੍ਰਿੰਕਸ ਵੀ ਲਾਭਕਾਰੀ ਹੁੰਦੀਆਂ ਹਨ, ਕਿਉਂਕਿ ਇਹ ਇਲੈਕਟ੍ਰੋਲਾਈਟਸ ਤੇ ਕਾਰਬੋਹਾਈਡ੍ਰੇਟਸ ਦੀ ਪੂਰਤੀ ਕਰਦੀਆਂ ਹਨ। ਪਰ ਸਪੋਰਟਸ ਡ੍ਰਿੰਕਸ ਦੀ ਚੋਣ ਕਰਦੇ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਜ਼ਿਆਦਾ ਸ਼ੂਗਰ ਜਾਂ ਕੈਫੀਨ ਤੱਤ ਵਾਲੀ ਨਾ ਹੋਵੇ। ਖਿਡਾਰੀ ਦੀ ਸਫਲਤਾ 'ਚ ਹਾਈਡ੍ਰੇਸ਼ਨ ਇਕ ਅਹਿਮ ਕੜੀ ਹੈ। ਸਹੀ ਹਾਈਡ੍ਰੇਸ਼ਨ ਨਾ ਸਿਰਫ਼ ਪ੍ਰਦਰਸ਼ਨ ਨੂੰ ਸੁਧਾਰਦੀ ਹੈ, ਸਗੋਂ ਸਰੀਰ ਨੂੰ ਸੁਰੱਖਿਅਤ ਤੇ ਸਿਹਤਮੰਦ ਵੀ ਰੱਖਦੀ ਹੈ।
-ਮੋਬਾ: 7009866211