19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਗੰਨੇ ਤੇ ਫਲਾਂ ਤੋਂ ਬਣੇ ਸਿਰਕੇ ਰਾਹੀਂ ਵਾਧੂ ਆਮਦਨ

Ad Position 21
No active advertisement
ਅਜੀਤ ਡੈਸਕ 24-11-2025

ਸਿਰਕਾ ਇਕ ਆਮ ਘਰੇਲੂ ਨਾਂਅ ਹੈ। ਬਹੁਤ ਸਾਰੀਆਂ ਵਪਾਰਕ ਇਕਾਈਆਂ ਤੇ ਉੱਦਮੀ ਕੁਦਰਤੀ ਸਿਰਕੇ ਦੀ ਉਤਪਾਦਨ ਤਕਨਾਲੋਜੀ ਵਿਚ ਨਿਵੇਸ਼ ਕਰਕੇ ਲਾਭ ਪ੍ਰਾਪਤ ਕਰ ਰਹੇ ਹਨ। ਪੰਜਾਬ ਖੇਤੀਬਾੜੀ ਯੂਿਨਵਰਿਸਟੀ ਲੁਧਿਆਣਾ ਤੋਂ ਹੁਣ ਤੱਕ ਕੁੱਲ ਦਸ ਉੱਦਮੀਆਂ ਨੇ ਕੁਦਰਤੀ ਸਿਰਕੇ ਦੀ ਤਕਨਾਲੋਜੀ ਖਰੀਦੀ ਹੈ। ਯੂਨੀਵਰਸਿਟੀ ਕਿਸਾਨਾਂ ਨੂੰ ਸਿਰਕੇ ਦੇ ਉਤਪਾਦਨ ਲਈ ਨਿਯਮਤ ਸਿਖਲਾਈ ਵੀ ਪ੍ਰਦਾਨ ਕਰ ਰਹੀ ਹੈ, ਤਾਂ ਕਿ ਕਿਸਾਨ ਇਸ ਨੂੰ ਆਮਦਨ ਦੇ ਸਹਾਇਕ ਸਰੋਤ ਵਜੋਂ ਚੁਣ ਕੇ ਲਾਭ ਲੈ ਸਕਣ।
ਬਾਜ਼ਾਰ ਵਿਚ ਆਮ ਤੌਰ 'ਤੇ ਬਣਾਵਟੀ ਸਿਰਕਾ ਪਾਇਆ ਜਾਂਦਾ ਹੈ, ਜੋ 4% ਗਲੇਸ਼ੀਅਲ ਐਸਿਟਿਕ ਤੇਜ਼ਾਬ ਤੋਂ ਤਿਆਰ ਕੀਤਾ ਹੁੰਦਾ ਹੈ। ਇਹ ਤੇਜ਼ਾਬ ਕੱਚੇ ਤੇਲ ਦੀ ਸਫਾਈ ਦੌਰਾਨ ਨਿਕਲਦਾ ਹੈ, ਜਿਸ ਵਿਚ ਲੈੱਡ (ਸ਼ੀਸ਼ੇ) ਦਾ ਇਸਤੇਮਾਲ ਹੁੰਦਾ ਹੈ। ਇਸ ਕਰਕੇ ਸ਼ੀਸ਼ੇ ਦੇ ਅਵਸ਼ੇਸ਼ ਬਣਾਵਟੀ ਸਿਰਕੇ ਵਿਚ ਰਹਿ ਜਾਂਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹੈ। ਇਸ ਦੇ ਉਲਟ ਕੁਦਰਤੀ ਸਿਰਕਾ ਸਿਹਤ ਭਰਪੂਰ ਵਿਟਾਮਿਨ, ਅਮੀਨੋ ਤੇਜ਼ਾਬ, ਐਸਟਰ, ਖਣਿਜ ਅਤੇ ਜੈਵਿਕ ਤੇਜ਼ਾਬਾਂ ਨਾਲ ਲੈਸ ਹੁੰਦਾ ਹੈ। ਅਜੋਕੇ ਸਮੇਂ ਵਿਚ ਸਿਰਕੇ ਨੂੰ ਬਹੁਤ ਸਾਰੇ ਰੋਗਾਂ ਦਾ ਇਲਾਜ ਮੰਨਿਆ ਗਿਆ ਹੈ। ਕੁਦਰਤੀ ਸਿਰਕੇ ਦੀ ਖ਼ਾਸ ਸੁਗੰਧ ਇਸ ਵਿਚਲੇ ਏਸਿਟਿਕ ਦੇ ਤੇਜ਼ਾਬ ਕਾਰਨ ਹੁੰਦੀ ਹੈ। ਸਿਰਕਾ ਟੁੱਟੀ ਹੱਡੀ, ਕੈਂਸਰ ਦੇ ਸੈੱਲ, ਦੰਦ ਦਰਦ, ਖੰਘ, ਜ਼ੁਕਾਮ ਆਦਿ ਦਾ ਸ਼ਰਤੀਆ ਇਲਾਜ ਮੰਨਿਆ ਗਿਆ ਹੈ। ਪਤਲਾ ਕੀਤਾ ਸਿਰਕਾ ਲੂਅ, ਦਸਤ, ਪੇਟ ਆਦਿ ਨੂੰ ਠੱਲ੍ਹ ਪਾਉਂਦਾ ਹੈ। ਇਹ ਖ਼ੂਨ ਦੇ ਦਬਾਅ ਅਤੇ ਕੋਲੈਸਟਰੋਲ ਨੂੰ ਘਟਾਉਂਦਾ ਹੈ। ਇਸ ਤਰ੍ਹਾਂ ਕੁਦਰਤੀ ਸਿਰਕਾ ਇਕ ਵਧੀਆ ਐਂਟੀਸੈਪਟਿਕ, ਐਂਟੀਆਕਸੀਕਾਰਕ, ਡਾਈਯੂਰਿਟਿਕ, ਰੇਚਕ ਅਤੇ ਉਤੇਜਕ ਏਜੰਟ ਹੈ, ਜੋ ਚਮੜੀ, ਅਨੀਮੀਆ, ਗਠੀਆ, ਦੌਰਿਆਂ, ਗਿੱਲੜ੍ਹ ਆਦਿ ਵਿਚ ਸਹਾਇਕ ਹੁੰਦਾ ਹੈ।
ਬਹੁਤ ਸਾਰੇ ਫਲ ਜਿਵੇਂ ਕਿ ਸੇਬ, ਚੈਰੀ, ਅੰਬ, ਗੰਨਾ, ਆਲੂਬੁਖਾਰਾ, ਸਰਟਾਬਰੀ, ਅਨਾਨਾਸ ਆਦਿ ਤੋਂ ਸਿਰਕਾ ਤਿਆਰ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਫਲਾਂ ਦਾ ਸਿਰਕਾ ਸਾਰਾ ਸਾਲ (ਬਿਨਾਂ ਫਲਾਂ ਦੇ ਮੌਸਮ ਦੇ) ਇਸਤੇਮਾਲ ਕੀਤਾ ਜਾ ਸਕਦਾ ਹੈ। ਖਮੀਰੀਕਰਨ ਆਮ ਤੌਰ 'ਤੇ ਫਲਾਂ ਦੀ ਸੰਭਾਲ ਵਿਚ ਸਹਾਇਕ ਹੁੰਦਾ ਹੈ, ਰਸ ਵਿਚ ਬਹੁਤ ਸਾਰੇ ਜ਼ਰੂਰੀ ਅਮੀਨੋ ਤੇਜ਼ਾਬ, ਵਿਟਾਮਿਨ, ਖੁਰਾਕੀ ਤੱਤ, ਖੁਸ਼ਬੂਆਂ ਆਦਿ ਜਮ੍ਹਾਂ ਕਰਦਾ ਹੈ ਅਤੇ ਇਸ ਤਰਾਂ ਫਲਾਂ ਦੇ ਰਸ ਦੀ ਸੈਲਫ ਲਾਈਫ ਵਧਾਉਣ 'ਚ ਸਹਾਇਕ ਹੁੰਦਾ ਹੈ।
ਸਿਰਕਾ ਡਸਨਕੋ ਕਰਨ ਦੀ ਵਿਧੀ
ਕੁਦਰਤੀ ਸਿਰਕਾ ਫਲਾਂ ਦੇ ਰਸ ਨੂੰ ਖਮੀਰ ਅਤੇ ਐਸਿਟਿਕ ਐਸਿਡ ਬੈਕਟੀਰੀਆ ਦੇ ਦੋਹਰੇ ਖਮੀਰੀਕਰਨ ਨਾਲ ਤਿਆਰ ਕੀਤਾ ਜਾਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜ ਤਰ੍ਹਾਂ ਦਾ ਕੁਦਰਤੀ ਸਿਰਕਾ ਗੰਨਾ, ਅੰਗੂਰ, ਸੇਬ, ਸੇਬ-ਗੰਨਾ ਮਿਸ਼ਰਤ ਅਤੇ ਜਾਮਣ ਦੀ ਸਿਫਾਰਸ਼ ਕੀਤੀ ਹੈ। ਕੁਦਰਤੀ ਸਿਰਕਾ ਤਿਆਰ ਕਰਨ ਦਾ ਜਾਗ (ਖਮੀਰ, ਬੈਕਟੀਰੀਆ ਦਾ ਜਾਗ ਅਤੇ 500 ਮਿ.ਲੀ ਮਦਰ ਸਿਰਕਾ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ 250 ਰੁਪਏ ਪ੍ਰਤੀ ਜਾਗ ਸੈੱਟ ਦੀ ਦਰ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਕੁਦਰਤੀ ਸਿਰਕਾ ਤਿਆਰ ਕਰਨ ਲਈ ਪਹਿਲਾ ਫਲਾਂ ਦਾ ਰਸ ਕੱਢਿਆ ਜਾਂਦਾ ਹੈ ਅਤੇ ਬਰਿਕਸੋਮੀਟਰ ਦੀ ਮਦਦ ਦੇ ਨਾਲ ਇਸ ਦੀ ਖੰਡ ਦੀ ਘਣਤਾ 15 ਬਰਿਕਸ ਨਾਪੀ ਜਾਂਦੀ ਹੈ। ਰਸ ਦੇ ਪਾਸਚਰੀਕਰਨ ਤੋਂ ਬਾਅਦ ਇਸ ਨੂੰ ਖਮੀਰ ਦਾ ਜਾਗ (5-7.5%) ਲਗਾਇਆ ਜਾਂਦਾ ਹੈ ਅਤੇ ਰਸ ਨੂੰ 28-30 ਤਾਪਮਾਨ 'ਤੇ 4-5 ਦਿਨਾਂ ਲਈ ਖਮੀਰੀਕਰਨ ਵਾਸਤੇ ਰੱਖਿਆ ਜਾਂਦਾ ਹੈ। ਖੰਡ ਦੀ ਘਣਤਾ 0 ਹੋਣ 'ਤੇ ਤਿਆਰ ਅਲਕੋਹਲ ਨੂੰ ਅਲੱਗ ਕਰਕੇ ਬੈਕਟੀਰੀਆਂ (5%) ਅਤੇ 10% ਮਦਰ ਸਿਰਕੇ ਨਾਲ ਜਾਗ ਲਾਇਆ ਜਾਂਦਾ ਹੈ। ਇਸ ਮਿਸ਼ਰਣ ਨੂੰ 28-30 ਤਾਪਮਾਨ 'ਤੇ 2-3 ਹਫ਼ਤੇ ਲਈ ਖਮੀਰੀਕਰਨ ਲਈ ਰੱਖਿਆ ਜਾਂਦਾ ਹੈ। ਇਸ ਖਮੀਰੀਕਰਨ ਤੋਂ ਬਾਅਦ ਸਿਰਕੇ ਨੂੰ ਬੋਤਲਬੰਦ ਕਰਕੇ ਪਾਸਚਰੀਕਰਨ ਲਈ 60-65 ਦਰਜੇ ਤਾਪਮਾਨ 'ਤੇ 20 ਮਿੰਟਾਂ ਲਈ ਰੱਖਿਆ ਜਾਂਦਾ ਹੈ।
ਕੁਦਰਤੀ ਸਿਰਕਾ ਉਤਪਾਦਨ ਦੀ ਲਾਗਤ
ਕੁਦਰਤੀ ਸਿਰਕੇ ਦੀ ਮੰਗ ਦਿਨੋਂ-ਦਿਨ ਵਧ ਰਹੀ ਹੈ। ਗੰਨਾ ਅਤੇ ਅੰਗੂਰ ਦਾ ਸਿਰਕਾ ਬਾਜ਼ਾਰ ਵਿਚ ਕ੍ਰਮਵਾਰ 100 ਤੇ 150 ਰੁਪਏ ਪ੍ਰਤੀ ਲੀਟਰ ਵਿਚ ਵੇਚਿਆ ਜਾਂਦਾ ਹੈ, ਜਦਕਿ ਸੇਬ ਦਾ ਸਿਰਕਾ 500-1000 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਹੈ। ਕੁਦਰਤੀ ਸਿਰਕੇ ਦੇ ਉਤਪਾਦਨ ਦੀ ਲਾਗਤ ਉਤਪਾਦਨ ਯੂਨਿਟ ਦੇ ਪੈਮਾਨੇ ਨਾਲ ਬਦਲਦੀ ਹੈ, ਜੋ ਘਰੇਲੂ (10 -50 ਲੀਟਰ), ਕਾਟੇਜ (50 ਲੀਟਰ ਤੋਂ ਵੱਧ) ਅਤੇ ਛੋਟੇ ਪੈਮਾਨੇ (1000 ਲੀਟਰ ਤੇ ਹੋਰ) ਦੀ ਹੋ ਸਕਦੀ ਹੈ। ਇਨਪੁਟ ਲਾਗਤਾਂ ਵਿਚ ਰਸ ਅਤੇ ਕੱਚਾ ਮਾਲ, ਫਰਮੈਂਟੇਸ਼ਨ ਅਤੇ ਪ੍ਰੋਸੈਸਿੰਗ ਦੇ ਖ਼ਰਚੇ ਸ਼ਾਮਿਲ ਹੁੰਦੇ ਹਨ। ਜਿਵੇਂ ਕਿ ਇਕ ਰੀਸਾਈਕਲ ਕੀਤੀ ਘਰੇਲੂ ਪੈਮਾਨੇ ਦੀ ਪ੍ਰਕਿਰਿਆ ਵਿਚ ਗੰਨੇ ਦਾ ਸਿਰਕਾ ਪਹਿਲੇ ਬੈਚ ਦੌਰਾਨ ਲਗਭਗ 36 ਦਿਨਾਂ ਵਿਚ ਤਿਆਰ ਹੁੰਦਾ ਹੈ। ਰੀਸਾਈਕਲ ਕੀਤੇ ਕਲਚਰ ਦੀ ਵਰਤੋਂ ਕਰਕੇ ਪੰਜ ਹੋਰ ਬੈਚ ਤਿਆਰ ਕਿਤੇ ਜਾ ਸਕਦੇ ਹਨ, ਜਿਸ ਵਿਚ ਕੁੱਲ ਛੇ ਬੈਚ 81 ਦਿਨਾਂ ਵਿਚ ਤਿਆਰ ਕਿਤੇ ਜਾਂਦੇ ਹਨ। 250 ਲੀਟਰ ਗੰਨੇ ਦੇ ਰਸ ਤੋਂ 750 ਮਿਲੀਲਿਟਰ ਸਮਰੱਥਾ ਦੀਆਂ ਕੁੱਲ 225 ਬੋਤਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। 225 ਬੋਤਲਾਂ ਦੇ ਉਤਪਾਦਨ ਦੀ ਲਾਗਤ ਲਗਭਗ 10,075/- ਰੁਪਏ ਆਉਂਦੀ ਹੈ ਅਤੇ ਪ੍ਰਤੀ ਬੋਤਲ ਲਾਗਤ 45/- ਰੁਪਏ ਹੈ। ਫਲਾਂ ਤੋਂ ਸਿਰਕੇ ਦੇ ਉਤਪਾਦਨ ਵਿਚ 130 ਲੀਟਰ ਅੰਗੂਰ ਦੇ ਰਸ ਤੋਂ 650 ਮਿ.ਲੀ. ਸਮਰੱਥਾ ਦੀਆਂ 120 ਬੋਤਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। 120 ਬੋਤਲਾਂ ਦੇ ਉਤਪਾਦਨ ਦੀ ਲਾਗਤ 7560 ਰੁਪਏ ਆਉਂਦੀ ਹੈ ਅਤੇ ਪ੍ਰਤੀ ਬੋਤਲ ਔਸਤ ਲਾਗਤ 63 ਰੁਪਏ ਹੈ। ਸੇਬ ਤੇ ਗੰਨੇ ਦੇ ਮਿਸ਼ਰਣ ਵਾਲੇ ਸੇਬ ਦੇ ਸਿਰਕੇ 'ਚ 35 ਲੀਟਰ ਰਸ ਤੋਂ 200 ਮਿ.ਲੀ. ਸਮਰੱਥਾ ਦੀਆਂ ਕੁੱਲ 125 ਬੋਤਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ, ਜਿਸ ਵਿਚ ਕ੍ਰਮਵਾਰ 36.64 ਤੇ 29.2 ਰੁਪਏ ਪ੍ਰਤੀ ਬੋਤਲ ਖ਼ਰਚਾ ਆਉਂਦਾ ਹੈ। ਜਾਮਣ ਦੇ ਸਿਰਕੇ ਨੂੰ 28 ਦਿਨਾਂ ਵਿਚ ਬੈਚ ਫਰਮੈਂਟੇਸ਼ਨ ਦੁਆਰਾ ਤਿਆਰ ਕੀਤਾ ਜਾ ਸਕਦਾ ਹੈ, ਜਿਸ ਵਿਚ 20 ਲੀਟਰ ਜੂਸ ਤੋਂ 200 ਮਿ.ਲੀ. ਸਮਰੱਥਾ ਦੀਆਂ 70 ਬੋਤਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੀ ਕੀਮਤ ਪ੍ਰਤੀ ਬੋਤਲ ਲਗਭਗ 36 ਰੁਪਏ ਹੈ। ਪੰਜਾਬ ਖੇਤੀਬਾੜੀ ਯੂਨਿਵਰਸਿਟੀ ਵਲੋਂ ਵਿਕਸਿਤ 50ਲੀ. ਪੱਧਰ 'ਤੇ ਤਿਆਰ ਕੀਤੀ ਤਕਨੀਕ ਰਾਹੀਂ ਗੰਨਾ, ਅੰਗੂਰ, ਸੇਬ ਤੇ ਜਾਮਣ ਦਾ ਸਿਰਕਾ ਬਣਾਉਣ 'ਤੇ ਕ੍ਰਮਵਾਰ 60, 84., 183 ਤੇ 60 ਰੁਪਏ ਪ੍ਰਤੀ ਲੀਟਰ ਖ਼ਰਚਾ ਆਉਂਦਾ ਹੈ। ਇਨ੍ਹਾਂ ਬੋਤਲਾਂ ਨੂੰ ਘੱਟੋ-ਘੱਟ ਇਕ ਸਾਲ ਲਈ ਸਟੋਰ ਕੀਤਾ ਜਾ ਸਕਦਾ ਹੈ।
ਕੁਦਰਤੀ ਸਿਰਕਾ ਸਹਾਇਕ ਕਿੱਤਾ
ਗੰਨੇ ਤੇ ਅੰਗੂਰ ਦਾ ਸਿਰਕਾ ਬਾਜ਼ਾਰ ਵਿਚ ਕ੍ਰਮਵਾਰ ਔਸਤਨ 100 ਤੋਂ 150 ਰੁਪਏ ਪ੍ਰਤੀ ਲੀਟਰ ਮਿਲਦਾ ਹੈ, ਜਦਕਿ ਸੇਬ ਦਾ ਸਿਰਕਾ ਹੋਰ ਵੀ ਮਹਿੰਗਾ ਹੈ, ਜੋ ਕਿ 500 ਤੋਂ 1000 ਰੁਪਏ ਪ੍ਰਤੀ ਲੀਟਰ ਮਿਲਦਾ ਹੈ। ਇਸ ਕਰਕੇ ਸਿਰਕੇ ਦਾ ਵਪਾਰ ਇਕ ਸਹਾਇਕ ਕਿੱਤੇ ਦੇ ਤੌਰ 'ਤੇ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਸਿਖਲਾਈ ਮਾਈਕਰੋਬਾਇਆਲੋਜੀ ਵਿਭਾਗ ਵਲੋਂ ਹਰ ਸਾਲ ਨਵੰਬਰ ਤੇ ਜੂਨ ਮਹੀਨੇ ਵਿਚ ਦਿੱਤੀ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਰਕਾ ਤਿਆਰ ਕਰਨ ਬਾਬਤ ਇਕ ਕਿਤਾਬ ਵੀ ਛਾਪੀ ਗਈ ਹੈ। ਘਰੇਲੂ ਤੌਰ 'ਤੇ ਸਿਰਕਾ ਤਿਆਰ ਕਰਨ ਲਈ ਕੋਈ ਖ਼ਾਸ ਸਾਮਾਨ ਜਾਂ ਜਗ੍ਹਾ ਦੀ ਜ਼ਰੂਰਤ ਨਹੀਂ ਹੁੰਦੀ। ਪੰਜਾਬ ਖੇਤੀਬਾੜੀ ਯੂਨਿਵਰਸਿਟੀ ਵਲੋਂ ਵਿਕਸਿਤ 50 ਲੀਟਰ ਪੱਧਰ 'ਤੇ ਤਿਆਰ ਕੀਤੀ ਤਕਨੀਕ ਰਾਹੀਂ ਗੰਨਾ, ਅੰਗੂਰ, ਸੇਬ ਤੇ ਜਾਮਣ ਦਾ ਸਿਰਕਾ ਬਣਾਉਣ 'ਤੇ ਕ੍ਰਮਵਾਰ 60, 84, 183 ਤੇ 60 ਰੁਪਏ ਪ੍ਰਤੀ ਲੀਟਰ ਖ਼ਰਚਾ ਆਉਂਦਾ ਹੈ। ਕੁਦਰਤੀ ਸਿਰਕੇ ਦੀ ਤਕਨਾਲੋਜੀ ਦਾ ਵੇਰਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਤਿਆਰ ਕੀਤੇ ਬੁਲੇਟਿਨ (ਕੀਮਤ 20 ਰੁਪਏ) 'ਗੰਨੇ ਅਤੇ ਫਲਾਂ ਤੋਂ ਕੁਦਰਤੀ ਸਿਰਕੇ ਦੀ ਤਿਆਰੀ' ਵਿਚ ਦਰਸਾਇਆ ਗਿਆ ਹੈ। ਪੀ.ਏ.ਯੂ. ਦਾ ਡਾਇਰੈਕਟਰੇਟ ਪਸਾਰ ਸਿੱਖਿਆ ਵਿਭਾਗ ਹਰ ਸਾਲ ਸਕਿਲ ਡਿਵੈਲਪਮੈਂਟ 'ਤੇ ਇਨਾਂ ਉਤਪਾਦਾਂ ਦੀ ਸਿਖਲਾਈ ਪ੍ਰਦਾਨ ਕਰਦਾ ਹੈ। ਇਹ ਤਕਨਾਲੋਜੀਆਂ ਖਰੀਦ ਵਾਸਤੇ ਪੀ.ਏ.ਯੂ. ਤਕਨਾਲੋਜੀ ਮਾਰਕੀਟਿੰਗ ਅਤੇ ਪੇਟੇਂਟਿੰਗ ਸੈੱਲ ਕੋਲ ਉਪਲਬਧ ਹਨ।

-ਮਾਈਕਰੋਬਾਇਆਲੋਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ। ਮੋਬਾ: 94172-3089

Ad Position 22
No active advertisement
ਪਿਛਲੀ ਖ਼ਬਰ ਉੱਨਤ ਖੇਤੀ ਵਿਚ ਸੋਸ਼ਲ ਮੀਡੀਆ ਦੀ ਅਹਿਮ ਭੂਮਿਕਾ ਅਗਲੀ ਖ਼ਬਰ ਖਿਡਾਰੀਆਂ ਦੇ ਬਿਹਤਰੀਨ ਪ੍ਰਦਰਸ਼ਨ ਲਈ ਹਾਈਡ੍ਰੇਸ਼ਨ ਦੀ ਮਹੱਤਤਾ
Ad Position 24