ਸੋਸ਼ਲ ਮੀਡੀਆ ਤੋਂ ਭਾਵ ਹੈ ਸਮਾਜ ਦਾ ਇੰਟਰਨੈੱਟ ਦੇ ਜ਼ਰੀਏ ਆਪਸ ਵਿਚ ਜੁੜੇ ਰਹਿਣਾ। ਸੂਚਨਾਵਾਂ ਦਾ ਪਸਾਰ ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ 'ਚ ਸੋਸ਼ਲ ਮੀਡੀਆ ਦੀ ਅਹਿਮ ਭੂਮਿਕਾ ਹੈ। ਅਜੋਕੇ ਦੌਰ ਦੇ ਖੇਤੀ ਸੈਕਟਰ ਵਿਚ ਵੀ ਇਸ ਦੀ ਭੂਮਿਕਾ ਕਾਫ਼ੀ ਵਧ ਰਹੀ ਹੈ। ਖੇਤੀ-ਉਪਜ ਦੇ ਮੰਡੀਕਰਨ, ਮੌਸਮ ਦੀ ਭਵਿੱਖ ਬਾਣੀ ਅਤੇ ਇਸ ਦਾ ਪੌਦਿਆਂ 'ਤੇ ਅਸਰ, ਸਰਕਾਰੀ ਸਕੀਮਾਂ, ਨਵੀਆਂ ਤਕਨੀਕਾਂ ਅਤੇ ਸਿਫਾਰਸ਼ਾਂ, ਆਪਣੇ ਬਰਾਂਡ ਦਾ ਪ੍ਰਚਾਰ, ਟਿਕਾਊ-ਖੇਤੀ, ਕੁਦਰਤੀ-ਸਰੋਤਾਂ ਦੀ ਮਹੱਤਤਾ ਅਤੇ ਸੰਭਾਲ, ਖੇਤੀ-ਸਹਾਇਕ ਧੰਦਿਆਂ ਬਾਰੇ, ਕੀੜੇ-ਬਿਮਾਰੀਆਂ ਦੇ ਹਮਲੇ ਦੀ ਅਗਾਊਂ ਸੂਚਨਾ ਸਮੇਤ ਦੇਸ਼-ਵਿਦੇਸ਼ ਤੋਂ ਖੇਤੀ ਸੰਬੰਧੀ ਹਰ ਜਾਣਕਾਰੀ ਸੋਸ਼ਲ ਮੀਡੀਆ ਰਾਹੀ ਉਪਲਬਧ ਹੁੰਦੀ ਹੈ।
ਅੱਜ ਦੇ ਵਿਗਿਆਨਕ ਯੁੱਗ ਵਿਚ ਇਹ ਗੱਲ ਬੜੀ ਪ੍ਰੋੜ੍ਹਤਾ ਨਾਲ ਕੀਤੀ ਜਾ ਸਕਦੀ ਹੈ ਕਿ ਜਿਹੜੇ ਪੜ੍ਹੇ-ਲਿਖੇ ਕਿਸਾਨ ਸੋਸ਼ਲ-ਮੀਡੀਆ ਨਾਲ ਸਾਰਥਕ ਤੌਰ 'ਤੇ ਜੁੜੇ ਹਨ। ਉਹ ਆਪਣੀ ਕਿਰਤ 'ਚੋਂ ਖ਼ਾਸਾ ਲਾਭ ਪ੍ਰਾਪਤ ਕਰ ਰਹੇ ਹਨ। ਬਹੁਤ ਕਿਸਾਨ ਘਰ ਬੈਠ ਕੇ ਹੀ ਆਪਣੇ ਧੰਦੇ ਸੰਬੰਧੀ ਸਿਖਲਾਈ ਲੈ ਰਹੇ ਹਨ ਅਤੇ ਵਡਮੁੱਲਾ ਗਿਆਨ ਹਾਸਲ ਕਰ ਰਹੇ ਹਨ। ਇਸ 'ਚ ਕੋਈ ਸ਼ੱਕ ਨਹੀ ਕਿ ਪੰਜਾਬ ਦਾ ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਿਸਾਨ ਮੇਲਿਆਂ, ਕੈਂਪਾਂ, ਗੋਸ਼ਟੀਆਂ, ਖੇਤ-ਦਿਵਸ, ਸਾਹਿਤ, ਅਨਾਊਂਸਮੈਟਾਂ ਆਦਿ ਰਾਹੀਂ ਸਮੇਂ-ਸਮੇਂ 'ਤੇ ਕਿਸਾਨਾਂ ਤੱਕ ਹਰ ਕਿਸਮ ਦੀ ਜਾਣਕਾਰੀ ਪਹੁੰਚਦੀ ਕੀਤੀ ਜਾ ਰਹੀ ਹੈ। ਫਿਰ ਵੀ ਬਹੁਤੇ ਕਿਸਾਨ ਰਹਿ ਜਾਂਦੇ ਹਨ, ਜਿਨ੍ਹਾਂ ਤੱਕ ਖੇਤੀ-ਸੂਚਨਾਵਾਂ ਨਹੀਂ ਪਹੁੰਚਦੀਆਂ। ਸੋ ਉਨ੍ਹਾਂ ਕਿਸਾਨਾਂ ਲਈ ਸੋਸ਼ਲ ਮੀਡੀਆ ਵਰਦਾਨ ਸਿੱਧ ਹੁੰਦਾ ਹੈ।
ਜਿਹੜੇ ਕਿਸਾਨ ਨਵੀਨਤਮ ਖੇਤੀ-ਤਕਨੀਕਾਂ ਹਾਸਲ ਕਰਕੇ ਸਮੇਂ ਦੇ ਹਾਣ ਨਹੀਂ ਬਣਦੇ, ਉਹ ਝੋਨੇ-ਕਣਕ ਦੇ ਫ਼ਸਲੀ-ਚੱਕਰ 'ਚ ਹੀ ਫਸੇ ਹੋਏ ਹਨ, ਜਿਸ ਨਾਲ ਸਾਡੇ ਕੀਮਤੀ ਕੁਦਰਤੀ ਸਰੋਤ ਜਿਵੇਂ ਮਿੱਟੀ, ਪਾਣੀ, ਹਵਾ ਵੀ ਖਰਾਬ ਹੋ ਰਹੇ ਹਨ ਅਤੇ ਉਹ ਕਿਸਾਨ ਆਰਥਿਕ ਤੌਰ 'ਤੇ ਵੀ ਬਹੁਤਾ ਫ਼ਾਇਦਾ ਨਹੀਂ ਲੈ ਰਹੇ। ਕਿਸਾਨਾਂ ਦੇ ਸੰਦਰਭ ਵਿਚ ਸੋਸ਼ਲ ਮੀਡੀਆ ਦੀਆਂ ਬਹੁਤ ਸਾਰੀਆਂ ਐਪਲੀਕੇਸ਼ਨਾਂ 'ਚੋਂ ਉਚੇਚੇ ਤੌਰ 'ਤੇ ਯੂ-ਟਿਊਬ, ਵਟਸਐਪ ਅਤੇ ਫੇਸਬੁੱਕ ਦੀ ਗੱਲ ਕਰਨੀ ਬਣਦੀ ਹੈ। ਯੂ-ਟਿਊਬ ਰਾਹੀਂ ਕਿਸਾਨਾਂ ਦੀਆਂ ਸਫ਼ਲ ਕਹਾਣੀਆਂ, ਖੇਤੀ ਮਾਹਿਰਾਂ ਦੀ ਗੱਲਬਾਤ ਸਮੇਤ ਹਰ ਤਰ੍ਹਾਂ ਦੀ ਜਾਣਕਾਰੀ ਵੀਡੀਓ ਦੇ ਰੂਪ 'ਚ ਮੁਫ਼ਤ ਵਿਚ ਮਿਲ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਪੀ.ਏ.ਯੂ. ਲਾਈਵ, ਖੇਤੀ ਵਿਭਾਗ ਦੇ ਖੇਤੀ ਸੂਚਨਾਵਾਂ, ਖੇਤੀ ਗਿਆਨ ਅਤੇ ਵਿਕਾਸ, ਕਿਸਾਨੀ ਸੂਚਨਾਵਾਂ ਯੂ-ਟਿਊਬ ਚੈਨਲ ਕਿਸਾਨਾਂ ਦੀ ਸੇਵਾ 'ਚ ਕਾਰਜ ਕਰ ਰਹੇ ਹਨ। ਇਸ ਤੋਂ ਇਲਾਵਾ ਦੂਰਦਰਸ਼ਨ ਜਲੰਧਰ, ਡੀ.ਡੀ. ਕਿਸਾਨ ਚੈਨਲ ਵੀ ਆਪਣੀਆਂ ਖੇਤੀ ਸੰਬੰਧੀ ਵੀਡੀਓ ਯੂ-ਟਿਊਬ 'ਤੇ ਪਉਂਦੇ ਰਹਿੰਦੇ ਹਨ। ਬਹੁਤੇ ਨਿੱਜੀ ਚੈਨਲ ਵੀ ਖੇਤੀ-ਸੈਕਟਰ 'ਚ ਆਪਣਾ ਸਹੀ ਰੋਲ ਨਿਭਾ ਰਹੇ ਹਨ। ਯੂ-ਟਿਊਬ ਰਾਹੀਂ ਸਿੱਧਾ ਪ੍ਰਸਾਰਨ ਵੀ ਹੁੰਦਾ ਹੈ, ਜਿਸ ਦਾ ਕਿਸਾਨ-ਵੀਰ ਸੰਬੰਧਿਤ ਮੇਲੇ 'ਚ ਕਿਸੇ ਕਾਰਨ ਨਾ ਪਹੁੰਚ ਕੇ ਘਰ ਬੈਠੇ ਹੀ ਲਾਈਵ-ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਇਸੇ ਤਰ੍ਹਾਂ ਇਕ ਵਟਸਐਪ ਗਰੁੱਪ ਰਾਹੀਂ ਕੋਈ ਵੀ ਨਵੀਂ ਸੂਚਨਾ ਇਕੋ ਸਮੇਂ ਲੱਖਾਂ ਕਿਸਾਨਾਂ ਤੱਕ ਪਹੁੰਚਦੀ ਹੋ ਜਾਂਦੀ ਹੈ। ਖੇਤੀ ਨਾਲ ਸੰਬੰਧਿਤ ਹਰ ਵਿਭਾਗ ਤੇ ਯੂਨੀਵਰਸਿਟੀ ਦੇ ਵੱਖੋ-ਵੱਖ ਤਰ੍ਹਾਂ ਦੇ ਸਰਕਲ-ਪੱਧਰ, ਬਲਾਕ-ਪੱਧਰ, ਜ਼ਿਲ੍ਹਾ-ਪੱਧਰ ਅਤੇ ਰਾਜ-ਪੱਧਰ ਦੇ ਵਟਸਐਪ ਗਰੁੱਪ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ। ਸੋ ਕੋਈ ਵੀ ਕਿਸਾਨ ਆਪਣੇ ਧੰਦੇ ਸੰਬੰਧੀ ਬਣਾਏ ਗਰੁੱਪਾਂ ਦਾ ਮੈਂਬਰ ਬਣੇ ਤੇ ਵੱਧ ਤੋ ਵੱਧ ਮੁਫ਼ਤ ਵਿਚ ਲਾਭ ਪ੍ਰਾਪਤ ਕਰੇ।
ਫੇਸਬੁੱਕ ਜ਼ਰੀਏ ਵੀ ਖੇਤੀ ਸੰਬੰਧੀ ਹਰ ਕਿਸਮ ਦੀ ਤਸਵੀਰ, ਵੀਡੀਓ, ਆਰਟੀਕਲ, ਵਿਚਾਰ, ਆਪਣੀ ਰਾਏ ਵਗੈਰਾ ਸਾਂਝੀ ਕੀਤੀ ਸਕਦੀ ਹੈ, ਜਿਸ ਦਾ ਲਾਭ ਕਿਸਾਨ ਲੈ ਰਹੇ ਹਨ। ਫੇਸਬੁੱਕ ਚੈਨਲ ਰਾਹੀਂ ਸਿੱਧਾ ਪ੍ਰਸਾਰਨ ਵੀ ਹੁੰਦਾ ਹੈ। ਇਸ ਐਪ ਰਾਹੀਂ ਅਸੀਂ ਕਿਸੇ ਨੂੰ ਮਿੱਤਰ ਬਣਾ ਸਕਦੇ ਹਾਂ ਅਤੇ ਕਿਸੇ ਦੇ ਮਿੱਤਰ ਬਣ ਵੀ ਸਕਦੇ ਹਾਂ। ਬਾਕੀ ਸੋਸ਼ਲ-ਮੀਡੀਆ ਦੀਆਂ ਬਹੁਤ ਐਪਸ 'ਤੇ ਖੇਤੀ ਸੰਬੰਧੀ ਕਿਤਾਬਚੇ, ਰਸਾਲੇ ਜਾਂ ਕਿਤਾਬਾਂ ਦੀ ਉਪਲਬਧਤਾ ਹੁੰਦੀ ਹੈ, ਜਿਨ੍ਹਾਂ ਨੂੰ ਪੜ੍ਹ ਕੇ ਆਪਣੇ ਕਿੱਤੇ 'ਚ ਸੁਧਾਰ ਕੀਤਾ ਜਾ ਸਕਦਾ ਹੈ।
ਕਿਸਾਨਾਂ ਲਈ ਸੋਸ਼ਲ ਮੀਡੀਆ 'ਤੇ ਗਿਆਨ ਦਾ ਅਥਾਹ ਭੰਡਾਰ ਪਿਆ ਹੈ। ਉਸ ਗਿਆਨ 'ਚੋਂ ਆਪਣੇ ਕੰਮ ਦਾ ਮੋਤੀ ਪਛਾਣੀਏ, ਚੁਗੀਏ ਤੇ ਉਸ ਮੁਤਾਬਕ ਆਪਣਾ ਨਵਾਂ ਕੰਮ ਕਰੀਏ ਜਾਂ ਚੱਲ ਰਹੇ ਕੰਮ 'ਚ ਹੋਰ ਨਿਖਾਰ ਲਿਆਈਏ ਤਾਂ ਜੋ ਸਾਡੀ ਆਰਥਿਕਤਾ ਵੀ ਨਿੱਗਰ ਹੋਵੇ ਅਤੇ ਆਪਣੀ ਧਰਤੀ, ਹਵਾ, ਪਾਣੀ ਦਾ ਵੀ ਕੋਈ ਨੁਕਸਾਨ ਨਾ ਹੋਵੇ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਜਾਇਦਾਦ ਦੇ ਨਾਲ-ਨਾਲ ਜਿਉਣਯੋਗ ਵਾਤਾਵਰਨ ਵੀ ਦੇ ਕੇ ਜਾਈਏ।
-ਮੁੱਖ ਖੇਤੀਬਾੜੀ ਅਫਸਰ, ਸ੍ਰੀ ਮੁਕਤਸਰ ਸਾਹਿਬ।
ਮੋਬਾ: 98720-25038