ਅਗਲੇ ਦੋ-ਤਿੰਨ ਮਹੀਨੇ ਪੰਜਾਬ ਵਿਚ ਬਹੁਤ ਸਾਰੇ ਪਿੰਡਾਂ 'ਚ ਖੇਡ ਮੇਲੇ ਹੋਣੇ ਹਨ। ਭਾਵੇਂ ਕਿ ਸਭ ਤੋਂ ਵੱਡਾ ਖੇਡ ਮੇਲਾ ਕਿਲਾ ਰਾਏਪੁਰ ਦਾ ਮੰਨਿਆ ਜਾਂਦਾ ਹੈ, ਜਿਸ ਨੂੰ ਮਿੰਨੀ ਉਲੰਪਿਕ ਵੀ ਕਿਹਾ ਜਾਂਦਾ ਹੈ ਪਰ ਬਾਕੀ ਪਿੰਡਾਂ ਵਿਚ ਹੁੰਦੇ ਖੇਡ ਮੇਲੇ ਵੀ ਕੋਈ ਛੋਟੀ ਗੱਲ ਨਹੀਂ ਹਨ। ਖੇਡ ਮੇਲਾ ਕਹਿਣ ਨੂੰ ਹੀ ਵਧੀਆ ਲਗਦਾ ਹੈ ਪਰ ਇਸ ਨੂੰ ਕਰਨਾ-ਕਰਾਉਣਾ ਤੇ ਪ੍ਰਬੰਧ ਕਰਨੇ ਕੋਈ ਸੌਖਾ ਕੰਮ ਨਹੀਂ ਹੈ। ਹਜ਼ਾਰਾਂ ਲੱਖਾਂ ਰੁਪਏ ਖ਼ਰਚ ਆ ਜਾਂਦਾ ਹੈ ਪ੍ਰਬੰਧ 'ਤੇ, ਲੰਗਰ 'ਤੇ, ਇਨਾਮਾਂ ਅਤੇ ਹੋਰਨਾਂ ਚੀਜ਼ਾਂ 'ਤੇ। ਇਸ ਲਈ ਜਿਹੜੇ ਪਿੰਡਾਂ ਦੇ ਦੇਸ਼-ਵਿਦੇਸ਼ ਵਿਚ ਵਸਦੇ ਭਾਵੁਕ ਲੋਕ ਹਨ, ਉਹ ਦਾਨ-ਪੁੰਨ ਕਰਦੇ ਹਨ ਤੇ ਹਿੱਸਾ ਪਾਉਂਦੇ ਹਨ। ਇਹ ਇਕ ਬਹੁਤ ਹੀ ਵਧੀਆ ਗੱਲ ਹੈ, ਲੋਕਾਂ ਨਾਲ ਆਪਸੀ ਭਾਈਚਾਰਾ ਬਣਾਉਣ ਦੀ। ਦੂਜੀ ਗੱਲ ਇਹ ਹੈ ਕਿ ਇਸ 'ਤੇ ਬਹੁਤ ਸਾਰੇ ਛੋਟੇ-ਛੋਟੇ ਕਲਾਕਾਰਾਂ ਨੂੰ, ਛੋਟੇ-ਛੋਟੇ ਕਿੱਤਿਆਂ ਵਾਲੇ ਲੋਕਾਂ ਨੂੰ ਬਹੁਤ ਵਧੀਆ ਮੌਕਾ ਮਿਲਦਾ ਹੈ ਆਪਣੀ ਕਲਾ ਦਿਖਾਉਣ ਦਾ, ਆਪਣੇ ਜੌਹਰ ਦਿਖਾਉਣ ਦਾ, ਜੋ ਕਿ ਵੱਡੇ ਸਰਕਾਰੀ ਮੇਲਿਆਂ ਵਿਚ ਲਾਗੇ ਫਟਕਣ ਨਹੀਂ ਦਿੱਤੇ ਜਾਂਦੇ। ਇਸ ਲਈ ਇਹ ਪਿੰਡਾਂ ਦੇ ਮੇਲਿਆਂ ਦੀ ਮਹੱਤਤਾ ਦਿਨ ਬ ਦਿਨ ਵਧਦੀ ਜਾ ਰਹੀ ਹੈ। ਜਿਵੇਂ-ਜਿਵੇਂ ਦੁਨੀਆ ਤਰੱਕੀ ਕਰਦੀ ਜਾ ਰਹੀ ਹੈ ਜਾਂ ਪਦਾਰਥ ਵੱਲ ਵਧਦੀ ਜਾ ਰਹੀ ਹੈ, ਇਨ੍ਹਾਂ ਮੇਲਿਆਂ ਦੀ ਲੋੜ ਹੋਰ ਮਹਿਸੂਸ ਹੋ ਰਹੀ ਹੈ। ਬੇਨਤੀ ਹੈ ਕਿ ਆਪਣੇ ਪਿੰਡ ਦਾ ਜਾਂ ਆਪਣੇ ਗੁਆਂਢੀ ਪਿੰਡ ਦਾ ਮੇਲਾ ਜ਼ਰੂਰ ਦੇਖਣ ਜਾਓ ਤੇ ਜੇ ਤੁਹਾਡੇ 'ਚ ਕੋਈ ਕਲਾ ਹੈ ਤਾਂ ਉਸ ਕਲਾ ਨੂੰ ਉੱਥੇ ਤੁਸੀਂ ਲੋਕਾਂ ਨੇ ਸਾਹਮਣੇ ਪੇਸ਼ ਕਰੋ।
-ਮੋਬਾ: +9198159-45018