25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਿਹਤਰ ਭਵਿੱਖ ਲਈ ਸਰਗਰਮੀ

Ad Position 21
No active advertisement
ਅਜੀਤ ਡੈਸਕ 19-12-2025

ਜ਼ਿਲ੍ਹਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀਆਂ ਦੀਆਂ ਹੋਈਆਂ ਚੋਣਾਂ ਵਿਚ ਵੋਟਰਾਂ ਨੇ ਵੱਡੀ ਦਿਲਚਸਪੀ ਨਹੀਂ ਸੀ ਦਿਖਾਈ। ਇਕ ਕਰੋੜ 36 ਲੱਖ ਵੋਟਰਾਂ 'ਚੋਂ ਸਿਰਫ਼ 48 ਫ਼ੀਸਦੀ ਹੀ ਵੋਟਾਂ ਹੀ ਪਈਆਂ ਸਨ। ਨਤੀਜਾ ਕੁਝ ਦਿਨ ਦੇ ਵਕਫ਼ੇ ਤੋਂ ਬਾਅਦ ਹੀ ਆਉਣਾ ਸੀ, ਇਸ ਲਈ ਇਸ ਸਮੇਂ ਦੌਰਾਨ ਸਿਆਸੀ ਪਾਰਟੀਆਂ ਆਉਣ ਵਾਲੇ ਨਤੀਜਿਆਂ ਸੰਬੰਧੀ ਆਪੋ-ਆਪਣੇ ਢੰਗ ਨਾਲ ਅੰਦਾਜ਼ੇ ਲਗਾਉਂਦੀਆਂ ਰਹੀਆਂ। ਇਸ ਚੋਣ ਨੂੰ ਸਵਾ ਕੁ ਸਾਲ ਤੋਂ ਘੱਟ ਵਕਫ਼ੇ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ। ਇਸ ਕਰਕੇ ਵੱਖ-ਵੱਖ ਪਾਰਟੀਆਂ ਨੇ ਆਪੋ-ਆਪਣੇ ਢੰਗ ਨਾਲ ਇਨ੍ਹਾਂ ਲਈ ਵੱਡਾ ਤਾਣ ਵੀ ਲਾਇਆ ਸੀ। ਚੋਣਾਂ ਦੇ ਸਮੇਂ ਦੌਰਾਨ ਅਨੇਕਾਂ ਤਰ੍ਹਾਂ ਦੇ ਵਿਵਾਦ ਵੀ ਉੱਠੇ ਸਨ। ਜਿਥੇ ਵਿਰੋਧੀ ਪਾਰਟੀਆਂ ਵਲੋਂ ਸਰਕਾਰੀ ਧਿਰ 'ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਜਾਂਦੇ ਰਹੇ, ਉੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਸਾਰੇ ਸਮੇਂ ਵਿਚ ਚੋਣਾਂ ਪੂਰੇ ਲੋਕਤੰਤਰੀ ਢੰਗ ਨਾਲ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਦੇ ਦਾਅਵੇ ਵੀ ਕੀਤੇ ਸਨ, ਪਰ ਇਸ ਦੇ ਬਾਵਜੂਦ ਵਿਵਾਦਾਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ। ਇਸ ਦੇ ਨਤੀਜਿਆਂ ਬਾਰੇ ਵੀ ਵੱਖੋ-ਵੱਖ ਪ੍ਰਤੀਕਰਮ ਸਾਹਮਣੇ ਆਏ ਹਨ।
ਇਸ ਦੇ ਬਾਵਜੂਦ ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਕਾਂਗਰਸ ਦੂਸਰੀ ਧਿਰ ਵਜੋਂ ਉੱਭਰੀ ਹੈ ਅਤੇ ਅਕਾਲੀ ਦਲ (ਬ) ਨੇ ਵੀ ਆਪਣੀ ਚੰਗੀ ਹੋਂਦ ਦਾ ਵਿਖਾਵਾ ਕੀਤਾ ਹੈ। ਕੁਝ ਜ਼ਿਲ੍ਹਿਆਂ ਵਿਚ ਇਸ ਦੀ ਕਾਰਗੁਜ਼ਾਰੀ ਪ੍ਰਭਾਵਸ਼ਾਲੀ ਰਹੀ ਹੈ। ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਪਿਛਲੀਆਂ ਚੋਣਾਂ ਸਾਲ 2018 ਵਿਚ ਹੋਈਆਂ ਸਨ। ਉਸ ਸਮੇਂ ਸੂਬੇ ਵਿਚ ਕਾਂਗਰਸ ਦੀ ਹਕੂਮਤ ਸੀ। ਉਸ ਨੂੰ ਇਨ੍ਹਾਂ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਹੋਈ ਸੀ। ਆਮ ਤੌਰ 'ਤੇ ਸਥਾਨਕ ਚੋਣਾਂ ਵਿਚ ਪ੍ਰਸ਼ਾਸਨ ਚਲਾ ਰਹੀ ਪਾਰਟੀ ਦਾ ਪ੍ਰਭਾਵ ਵਧੇਰੇ ਮੰਨਿਆ ਜਾਂਦਾ ਹੈ। ਲੋਕ ਵੀ ਵਿਕਾਸ ਫੰਡਾਂ ਦੀ ਆਸ ਨਾਲ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਵਧੇਰੇ ਕਰਕੇ ਸੱਤਾਧਾਰੀ ਧਿਰ ਨੂੰ ਤਰਜੀਹ ਦਿੰਦੇ ਹਨ, ਪਰ ਹੁਣ ਦੀਆਂ ਚੋਣਾਂ ਵਿਚ ਭਾਜਪਾ ਅਤੇ ਬਹੁਜਨ ਸਮਾਜ ਪਾਰਟੀ ਵੀ ਚੋਣ ਅਖਾੜੇ ਵਿਚ ਉਤਰੀਆਂ ਹੋਈਆਂ ਸਨ, ਪਰ ਇਸ ਵਾਰ ਉਨ੍ਹਾਂ ਦੀ ਹਾਜ਼ਰੀ ਨਾ-ਮਾਤਰ ਹੀ ਰਹੀ ਹੈ। ਆਮ ਆਦਮੀ ਪਾਰਟੀ ਦਾ ਚੋਣ ਨਤੀਜਿਆਂ ਸੰਬੰਧੀ ਇਹ ਦਾਅਵਾ ਹੈ ਕਿ ਉਸ ਨੂੰ ਇਹ ਵੱਡੀ ਜਿੱਤ ਉਸ ਦੀ ਸਰਕਾਰ ਵਲੋਂ ਪਿਛਲੇ 4 ਸਾਲਾਂ ਵਿਚ ਕੀਤੇ ਗਏ ਚੰਗੇ ਕਾਰਜਾਂ ਕਰਕੇ ਪ੍ਰਾਪਤ ਹੋਈ ਹੈ ਅਤੇ ਲੋਕਾਂ ਨੇ ਉਨ੍ਹਾਂ ਵਿਚ ਵਿਸ਼ਵਾਸ ਪ੍ਰਗਟਾਇਆ ਹੈ। ਇਸ ਨਾਲ ਬਿਨਾਂ ਸ਼ੱਕ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਇਸ ਪਾਰਟੀ ਦਾ ਵਿਸ਼ਵਾਸ ਹੋਰ ਵਧਿਆ ਹੈ।
ਦੂਜੇ ਪਾਸੇ ਸੂਬਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਨ੍ਹਾਂ ਚੋਣਾਂ ਦੇ ਨਤੀਜਿਆਂ 'ਤੇ ਇਸ ਲਈ ਸੰਤੁਸ਼ਟੀ ਪ੍ਰਗਟ ਕੀਤੀ ਹੈ, ਕਿਉਂਕਿ ਸਾਰੀਆਂ ਪ੍ਰਸ਼ਾਸਨਿਕ ਸੀਮਾਵਾਂ ਦੇ ਬਾਅਦ ਵੀ ਕਾਂਗਰਸ ਇਕ ਵੱਡੀ ਧਿਰ ਵਜੋਂ ਉੱਭਰੀ ਹੈ। ਉਨ੍ਹਾਂ ਅਨੁਸਾਰ ਇਨ੍ਹਾਂ ਚੋਣਾਂ ਨਾਲ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਲਈ ਕਾਂਗਰਸ ਵਾਸਤੇ ਚੰਗੀ ਜ਼ਮੀਨ ਤਿਆਰ ਹੋਈ ਹੈ। ਇਨ੍ਹਾਂ ਚੋਣਾਂ ਤੋਂ ਬਾਅਦ ਆਉਂਦੇ ਇਕ ਸਾਲ ਵਿਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਸਾਰੀਆਂ ਹੀ ਸਿਆਸੀ ਧਿਰਾਂ ਆਪੋ-ਆਪਣੇ ਪੱਧਰ 'ਤੇ ਨਵੀਂ ਯੋਜਨਾਬੰਦੀ ਕਰਨਗੀਆਂ ਤਾਂ ਜੋ ਉਹ ਸੂਬੇ ਨੂੰ ਆਪੋ-ਆਪਣੇ ਢੰਗ ਨਾਲ ਬਿਹਤਰ ਬਣਾਉਣ ਲਈ ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖ ਸਕਣ।
ਅਸੀਂ ਸਾਰੀਆਂ ਹੀ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦੇ ਹਾਂ ਅਤੇ ਇਹ ਆਸ ਰੱਖਦੇ ਹਾਂ ਕਿ ਉਹ ਆਉਂਦੇ ਸਮੇਂ ਵਿਚ ਸੂਬੇ ਦੀ ਬਿਹਤਰੀ ਲਈ ਆਪਣਾ ਚੰਗਾ ਯੋਗਦਾਨ ਪਾਉਣ ਦੇ ਸਮਰੱਥ ਹੋ ਸਕਣਗੇ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਹੋਰ ਵਧੇਰੇ ਸਾਰਥਿਕ ਹੋ ਸਕਦੀ ਸੀ ਵੰਦੇ ਮਾਤਰਮ 'ਤੇ ਚਰਚਾ ਅਗਲੀ ਖ਼ਬਰ ਨੇਕ ਨੀਤੀ 'ਤੇ ਚਲਦੇ ਹੋਏ ਆਪਣਾ ਪੱਥ ਜਾਰੀ ਰੱਖੋ, ਤੁਹਾਡੀ ਜਿੱਤ ਯਕੀਨੀ ਹੋਵੇਗੀ। -ਮੀਮਸਾ
Ad Position 24