25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਹੋਰ ਵਧੇਰੇ ਸਾਰਥਿਕ ਹੋ ਸਕਦੀ ਸੀ ਵੰਦੇ ਮਾਤਰਮ 'ਤੇ ਚਰਚਾ

Ad Position 21
No active advertisement
ਅਜੀਤ ਡੈਸਕ 19-12-2025

'ਹਾਏ ਲੋਗੋਂ ਕੀ ਕਰਮ ਫਰਮਾਈਆਂ,
ਤੋਹਮਤੇਂ, ਬਦਨਾਮੀਆਂ, ਰੁਸਵਾਈਆਂ।

ਉਰਦੂ ਦੇ ਮਸ਼ਹੂਰ ਸ਼ਾਇਰ ਕੈਫ਼ ਭੋਪਾਲੀ ਦੀਆਂ ਇਹ ਸਤਰਾਂ ਸੰਸਦ ਦੇ ਦੋਵਾਂ ਸਦਨਾਂ 'ਚ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ 'ਤੇ ਹੋਈ ਚਰਚਾ ਤੋਂ ਬਾਅਦ ਜ਼ਿਹਨ 'ਚ ਘੁੰਮ ਰਹੀਆਂ ਹਨ।
ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸੱਤਾ ਅਤੇ ਵਿਰੋਧੀ ਧਿਰਾਂ ਦਰਮਿਆਨ ਬਣੇ ਸ਼ੁਰੂਆਤੀ ਅੜਿੱਕੇ ਤੋਂ ਬਾਅਦ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਦੋਵਾਂ ਸਦਨਾਂ 'ਚ ਦੋ ਮੁੱਦਿਆਂ 'ਤੇ ਰਜ਼ਾਮੰਦੀ ਬਣੀ ਸੀ, ਜਿਸ 'ਚ ਸਰਕਾਰ ਵਲੋਂ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ 'ਤੇ ਚਰਚਾ ਦਾ ਪ੍ਰਸਤਾਵ ਸੀ ਅਤੇ ਵਿਰੋਧੀ ਧਿਰਾਂ ਵਲੋਂ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਅਤੇ ਚੋਣ ਸੁਧਾਰਾਂ 'ਤੇ ਚਰਚਾ ਦੀ ਤਜਵੀਜ਼ ਸ਼ਾਮਿਲ ਸੀ।
ਲੋਕ ਸਭਾ 'ਚ ਸੋਮਵਾਰ 8 ਦਸੰਬਰ ਨੂੰ ਦੁਪਹਿਰ 12 ਵਜੇ ਵੰਦੇ ਮਾਤਰਮ 'ਤੇ ਸ਼ੁਰੂ ਹੋਈ ਚਰਚਾ ਰਾਤ ਦੇ 11.42 ਵਜੇ ਤੱਕ ਚੱਲੀ, ਕਿਉਂਕਿ ਚਰਚਾ ਲਈ ਇਕ ਦਿਨ ਹੀ ਨਿਸਚਿਤ ਹੋਇਆ ਸੀ। ਇਸ ਚਰਚਾ ਦੀ ਖ਼ਾਸੀਅਤ ਇਹ ਸੀ ਕਿ ਇਸ 'ਚ ਕਿਸੇ ਨੇ ਜਵਾਬ ਨਹੀਂ ਦੇਣਾ ਸੀ। ਸਭ ਨੇ ਰਾਸ਼ਟਰੀ ਗੀਤ ਵੰਦੇ ਮਾਤਰਮ 'ਤੇ ਆਪਣੇ ਵਿਚਾਰ ਰੱਖਣੇ ਸਨ। ਲੋਕ ਸਭਾ 'ਚ ਚਰਚਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਸਭਾ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ, ਜਿਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਹੋਰ ਨੇਤਾਵਾਂ ਅਤੇ ਸੱਤਾ ਧਿਰ ਦੇ ਹੋਰ ਬੁਲਾਰਿਆਂ ਨੇ ਆਪੋ-ਆਪਣੀ ਗੱਲ ਰੱਖੀ। ਚਰਚਾ ਦਾ 'ਕਿਹਾ ਗਿਆ' ਮੰਤਵ ਵੰਦੇ ਮਾਤਰਮ ਗੀਤ ਦੇ 150 ਸਾਲ ਪੂਰੇ ਹੋਣ 'ਤੇ ਇਕ ਵਾਰ ਫਿਰ ਇਸ ਦੇ ਸ਼ਾਨਦਾਰ ਅਤੀਤ 'ਤੇ ਝਾਤ ਮਾਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਦੇ ਇਤਿਹਾਸ ਨਾਲ ਜੋੜਨਾ ਸੀ, ਪਰ ਨਿਰਾਸ਼ਾ ਵਾਲੀ ਗੱਲ ਇਹ ਰਹੀ ਕਿ ਦੋਵਾਂ ਸਦਨਾਂ 'ਚ ਸਾਰੀਆਂ ਸਿਆਸੀ ਪਾਰਟੀਆਂ ਚਰਚਾ ਦੌਰਾਨ ਆਪਣਾ 'ਸਿਆਸੀ ਮੰਤਵ' ਪੂਰਾ ਕਰਦੀਆਂ ਹੀ ਨਜ਼ਰ ਆਈਆਂ।
ਪ੍ਰਧਾਨ ਮੰਤਰੀ ਮੋਦੀ ਜੋ ਭਾਜਪਾ ਦੇ ਨਹੀਂ, ਸਗੋਂ ਇਸ ਦੇਸ਼ ਦੇ ਮੁਖੀ ਹਨ, ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ਗੀਤ 'ਤੇ ਕੇਂਦਰਿਤ ਰੱਖਦਿਆਂ ਇਸ ਦੀ ਮਹਾਨਤਾ ਬਿਆਨ ਕਰਨ ਨਾਲ ਕੀਤੀ ਸੀ। ਹਾਲਾਂਕਿ ਸ਼ੁਰੂਆਤ 'ਚ ਹੀ ਉਨ੍ਹਾਂ ਐਮਰਜੈਂਸੀ ਦਾ ਜ਼ਿਕਰ ਜ਼ਰੂਰ ਕੀਤਾ, ਜਿਸ ਨੂੰ ਸਰਸਰੀ ਹਵਾਲੇ ਦੇ ਤੌਰ 'ਤੇ ਵੇਖ ਕੇ ਅਣਗੌਲਿਆਂ ਵੀ ਕੀਤਾ ਜਾ ਸਕਦਾ ਸੀ।
ਫਿਰ ਉਨ੍ਹਾਂ ਨੇ ਗੀਤ ਦੀ ਰਚਨਾ ਤੋਂ ਲੈ ਕੇ ਇਸ ਦੇ ਆਜ਼ਾਦੀ ਦੇ ਸਭ ਤੋਂ ਮਕਬੂਲ ਨਾਅਰੇ ਵਜੋਂ ਉਭਰਨ ਦਾ ਜ਼ਿਕਰ ਕੀਤਾ। ਗੀਤ ਦੀ ਮਾਨਤਾ, ਗੀਤ ਦਾ ਵਿਰੋਧ ਅਤੇ ਗੀਤ ਦੇ ਜਜ਼ਬੇ ਨੂੰ ਵੀ ਉਨ੍ਹਾਂ ਪੂਰੀ ਭਾਵੁਕਤਾ ਨਾਲ ਬਿਆਨ ਕੀਤਾ ਅਤੇ ਗੀਤ ਦੀ ਭਾਵਨਾ ਨੂੰ ਸਲਾਮ ਕਰਦਿਆਂ ਮਹਾਤਮਾ ਗਾਂਧੀ ਦੇ ਲਿਖੇ ਸ਼ਬਦਾਂ ਨੂੰ ਵੀ ਸਦਨ 'ਚ ਪੜ੍ਹਿਆ। ਪਰ ਭਾਸ਼ਨ ਦਾ ਦੋ ਤਿਹਾਈ ਹਿੱਸਾ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਨੇ ਗੀਤ ਵਿਚੋਂ ਆਖਰੀ ਚਾਰ ਪੈਰ੍ਹਿਆਂ ਨੂੰ ਹਟਾਉਣ ਦਾ ਜ਼ਿਕਰ ਕੀਤਾ। ਰਾਸ਼ਟਰੀ ਗੀਤ ਵਿਚੋਂ ਚਾਰ ਪਹਿਰੇ ਕੱਟਣ ਦਾ ਠੀਕਰਾ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ 'ਤੇ ਭੰਨਿਆ। ਉਨ੍ਹਾਂ ਕਿਹਾ ਕਿ ਨਹਿਰੂ ਨੇ ਤੁਸ਼ਟੀਕਰਨ ਦੀ ਰਾਜਨੀਤੀ ਕਰਦਿਆਂ ਇਹ ਪੈਰ੍ਹੇ ਹਟਵਾ ਦਿੱਤੇ, ਜਿਸ ਦਾ ਸਿੱਟਾ ਬਾਅਦ ਵਿਚ ਦੇਸ਼ ਦੀ ਵੰਡ ਵਿਚ ਨਿਕਲਿਆ। ।
ਕਹਿੰਦੇ ਹਨ ਕਿ ਘਰ ਦਾ ਮੁਖੀ ਜੋ ਲਕੀਰ ਖਿੱਚ ਦਿੰਦਾ ਹੈ, ਬਾਕੀ ਵੀ ਉਸ ਦੇ ਪਾਏ ਹੋਏ ਪੂਰਨਿਆਂ 'ਤੇ ਤੁਰਨਾ ਸ਼ੁਰੂ ਕਰ ਦਿੰਦੇ ਹਨ। ਭਾਸ਼ਨ ਦੇ ਆਖਰੀ 15 ਮਿੰਟਾਂ ਵਿਚ ਪ੍ਰਧਾਨ ਮੰਤਰੀ ਵਲੋਂ ਖਿੱਚੀ ਲਕੀਰ 'ਤੇ ਸੱਤਾ ਧਿਰ ਕੋਲ ਉਸ ਦਾ ਅਨੁਸਰਨ ਕਰਨ ਦੀ ਮਜਬੂਰੀ ਸੀ, ਉੱਥੇ ਇਸ ਤੋਂ ਬਾਅਦ ਵਿਰੋਧੀ ਧਿਰਾਂ ਕੋਲ ਬਚਾਅ ਦੇ ਨਾਲ-ਨਾਲ ਜਵਾਬੀ ਹਮਲਾ ਕਰਨ ਦੀ ਰਣਨੀਤੀ ਹੀ ਬਾਕੀ ਰਹਿ ਗਈ ਸੀ।
ਵਿਰੋਧੀ ਧਿਰਾਂ ਨੇ ਵੀ ਉਹੀ ਇਤਿਹਾਸ ਖੰਘਾਲਦਿਆਂ ਭਾਜਪਾ ਦੇ ਸਿਆਸੀ ਪੁਰਖਿਆਂ, ਉਨ੍ਹਾਂ ਦਾ ਸੁਤੰਰਤਾ ਸੰਗਰਾਮ 'ਚ ਯੋਗਦਾਨ ਨਾ ਹੋਣ ਦੇ ਦੋਸ਼ ਲਾਉਂਦਿਆਂ ਸਰਕਾਰ ਦੀਆਂ ਅਜੋਕੀਆਂ ਖਾਮੀਆਂ ਨੂੰ ਲੈ ਕੇ ਵੀ ਸਰਕਾਰ 'ਤੇ ਜ਼ੋਰਦਾਰ ਢੰਗ ਨਾਲ ਨਿਸ਼ਾਨੇ ਵਿੰਨ੍ਹੇ।
ਸਰਕਾਰ ਵਲੋਂ ਬੋਲਦਿਆਂ ਹੋਰ ਬੁਲਾਰਿਆਂ ਨੇ ਵੀ ਪ੍ਰਧਾਨ ਮੰਤਰੀ ਦੇ ਭਾਸ਼ਨ ਦੀ ਸੇਧ 'ਚ ਹੀ ਆਪੋ-ਆਪਣੇ ਭਾਸ਼ਨ ਦਿੱਤੇ, ਜਿਨ੍ਹਾਂ 'ਚ ਆਲੋਚਨਾ ਦੇ ਬਾਣ ਹੋਰ ਵੀ ਤਿੱਖੇ ਸਨ। ਦੂਜੇ ਪਾਸੇ ਪ੍ਰਿਅੰਕਾ ਗਾਂਧੀ ਦੇ ਭਾਸ਼ਨ 'ਚ ਵਿਰੋਧੀ ਧਿਰਾਂ ਵਲੋਂ ਖਿੱਚੀ ਲਕੀਰ ਦੀ ਝਲਕ ਸੀ, ਜਿਸ 'ਚ ਸਰਕਾਰ ਵਲੋਂ ਨਾ ਸਿਰਫ਼ ਦੇਸ਼ ਦੇ ਅਜੋਕੇ ਭੱਖਦੇ ਮੁੱਦਿਆਂ ਦੀ ਥਾਂ 'ਤੇ ਰਾਸ਼ਟਰੀ ਗੀਤ 'ਤੇ ਬਹਿਸ ਕਰਵਾਉਣ ਲਈ ਦਿਲਚਸਪੀ ਦਿਖਾਉਣ 'ਤੇ ਸਵਾਲ ਉਠਾਉਂਦਿਆਂ ਪੁੱਛਿਆ ਗਿਆ ਕਿ ਵੰਦੇ ਮਾਤਰਮ 'ਤੇ ਤਾਂ ਕਿਸੇ ਵਲੋਂ ਕੋਈ ਸਵਾਲ ਉਠਾਇਆ ਹੀ ਨਹੀਂ ਜਾ ਰਿਹਾ, ਸਾਰੇ ਭਾਰਤ ਵਾਸੀ ਹੀ ਇਸ 'ਤੇ ਮਾਣ ਕਰਦੇ ਹਨ ਫਿਰ ਸਰਕਾਰ ਨੇ ਇਸ 'ਤੇ ਚਰਚਾ ਕਰਵਾਉਣੀ ਕਿਉਂ ਜ਼ਰੂਰੀ ਸਮਝੀ। ਸਰਕਾਰ ਵਲੋਂ ਚੁੱਕੇ ਸਵਾਲਾਂ ਦੇ ਜਵਾਬ 'ਚ ਜ਼ਾਹਰਾ ਤੌਰ 'ਤੇ ਆਪਣਾ ਪੱਖ ਰੱਖਣ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੇ ਨਿਭਾਈ। ਨਾਲ ਹੀ ਉਨ੍ਹਾਂ ਇਕ ਤਜਵੀਜ਼ ਵੀ ਰੱਖੀ ਕਿ ਇਕ ਵਾਰ ਸ੍ਰੀ ਨਹਿਰੂ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਵਲੋਂ ਆਪਣੇ ਸਮੇਂ ਵਿਚ ਕੀਤੀਆਂ ਗਈਆਂ ਸਾਰੀਆਂ ਗ਼ਲਤੀਆਂ 'ਤੇ ਇਕੱਠੀ ਸੰਸਦ 'ਚ ਚਰਚਾ ਕਰਵਾ ਲਈ ਜਾਵੇ ਅਤੇ ਉਸ ਤੋਂ ਬਾਅਦ ਫਿਰ ਦੇਸ਼ ਦੇ ਅਜੋਕੇ ਮੁੱਦਿਆਂ ਨੂੰ ਹੀ ਸੰਸਦੀ ਬਹਿਸਾਂ ਦਾ ਹਿੱਸਾ ਬਣਾਇਆ ਜਾਵੇ।
ਚਰਚਾ ਦੇ ਆਖਰੀ ਹਿੱਸੇ 'ਚ ਸੱਤਾ ਤੇ ਵਿਰੋਧੀ ਧਿਰਾਂ ਵਾਂਗ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਗਾਣ ਵੀ ਆਹਮੋ-ਸਾਹਮਣੇ ਖੜ੍ਹੇ ਨਜ਼ਰ ਆਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਸ਼ਟਰੀ ਗਾਣ 'ਜਨ ਗਨ ਮਨ' ਵਾਂਗ ਰਾਸ਼ਟਰੀ ਗੀਤ ਵੰਦੇ ਮਾਤਰਮ ਨੂੰ ਕਦੇ ਉਸ ਦਾ ਬਣਦਾ ਸਥਾਨ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਸੀ ਕਿ ਰਾਸ਼ਟਰੀ ਗੀਤ ਤੇ ਰਾਸ਼ਟਰੀ ਗਾਣ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਵੇਗਾ। ਪਰ ਸਿਰਫ਼ ਰਾਸ਼ਟਰੀ ਗਾਣ ਹੀ ਦੇਸ਼ ਦੇ ਚੇਤਨ ਮਨ ਦਾ ਹਿੱਸਾ ਬਣ ਸਕਿਆ, ਜਦਕਿ ਰਾਸ਼ਟਰੀ ਗੀਤ ਨੂੰ ਫਾਲਤੂ ਦਾ ਦਰਜਾ ਦਿੱਤਾ ਗਿਆ। ਲੋਕ ਸਭਾ ਵਾਂਗ ਮੰਗਲਵਾਰ ਨੂੰ ਰਾਜ ਸਭਾ 'ਚ ਵੀ ਭਾਸ਼ਨਾਂ ਦਾ ਸਿਲਸਿਲਾ ਇੰਜ ਹੀ ਰਿਹਾ। ਜਿੱਥੇ ਅਗਵਾਈ ਮੋਦੀ ਸਰਕਾਰ ਦੇ ਦੂਜੇ ਸਭ ਤੋਂ ਤਾਕਤਵਰ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ। ਪਰ ਦੋ ਦਿਨਾਂ 'ਚ ਦੋ ਸਦਨਾਂ ਵਿਚ 20 ਘੰਟੇ ਤੋਂ ਵੱਧ ਚੱਲੀ ਇਸ ਬਹਿਸ ਤੋਂ ਹਾਸਿਲ ਕੀ ਹੋਇਆ? ਇਹ ਸਵਾਲ ਸਿਆਸੀ ਪਾਰਟੀਆਂ ਤੋਂ ਇਲਾਵਾ ਸਭ ਦੇ ਮਨ 'ਚ ਅਜੇ ਵੀ ਮੌਜੂਦ ਹੈ?
ਆਰ.ਜੇ.ਡੀ. ਦੇ ਸੰਸਦ ਮੈਂਬਰ ਮਨੋਜ ਝਾਅ ਨੇ ਆਪਣੇ ਭਾਸ਼ਨ 'ਚ ਭਾਸ਼ਾ ਦੀ ਮਰਯਾਦਾ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੰਦੇ ਮਾਤਰਮ ਦੀ ਵਰ੍ਹੇਗੰਢ ਜ਼ਰੂਰ ਮਨਾਓ ਪਰ ਗੰਢਾਂ/ਮਤਭੇਦਾਂ ਨੂੰ ਰਾਹ 'ਚ ਨਾ ਆਉਣ ਦਿਓ। ਉਨ੍ਹਾਂ ਕਿਹਾ ਕਿ ਸਾਨੂੰ ਧਿਆਨ ਰੱਖਣਾ ਹੋਵੇਗਾ ਕਿ ਮਹਾਂਪੁਰਖਾਂ ਦੀਆਂ ਰਚਨਾਵਾਂ ਨੂੰ ਸਿਆਸਤ ਦਾ ਔਜ਼ਾਰ ਨਾ ਬਣਾਇਆ ਜਾਵੇ।
ਅਜਿਹੇ ਹੀ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਵੀ ਕੀਤਾ। ਉਨ੍ਹਾਂ ਸੰਸਦ ਦੇ ਮੌਜੂਦਾ ਵਸੀਲਿਆਂ (ਪੁਰਾਣੀਆਂ ਬਹਿਸਾਂ) ਦਾ ਹਵਾਲਾ ਦਿੰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਤੇ 1985 ਦੇ ਸੰਸਦ 'ਚ ਦਿੱਤੇ ਭਾਸ਼ਨਾਂ ਅਤੇ 1985 ਤੋਂ ਹੁਣ ਤੱਕ ਦੇ ਭਾਸ਼ਨਾਂ ਦੀ ਘੋਖ ਕਰਵਾਈ ਜਾਵੇ ਤਾਂ ਆਪ ਹੀ ਪਤਾ ਲੱਗੇਗਾ ਕਿ ਭਾਸ਼ਨਾਂ ਦਾ ਮਿਆਰ ਕਿੱਥੋਂ ਕਿੱਥੇ ਤੱਕ ਪਹੁੰਚ ਗਿਆ ਹੈ?
ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਹੀ ਕੁਝ ਮੁੱਦਿਆਂ 'ਤੇ ਦੇਸ਼ ਵਿਚ ਸਹਿਮਤੀ ਅਤੇ ਅਸਹਿਮਤੀ ਚਲਦੀ ਰਹੀ ਹੈ। ਅਸਹਿਮਤੀ ਦੇ ਇਨ੍ਹਾਂ ਸੁਰਾਂ ਦੀਆਂ ਸਭ ਤੋਂ ਖ਼ੂਬਸੂਰਤ ਗਵਾਹ ਸੰਵਿਧਾਨ ਘੜਨੀ ਸਭਾ ਦੀਆਂ ਬਹਿਸਾਂ ਰਹੀਆਂ ਹਨ। ਬਿਲਕੁਲ ਸੰਖੇਪ 'ਚ ਕਹੀਏ ਤਾਂ ਸੰਵਿਧਾਨ ਘੜਨੀ ਸਭਾ ਦੇ ਮੈਂਬਰਾਂ 'ਚ ਵੀ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਸਨ। ਦੋ ਦਰਜਨ ਤੋਂ ਵਧੇਰੇ ਪ੍ਰਾਂਤਾਂ ਦੇ ਨੁਮਾਇੰਦੇ ਅਤੇ 70 ਦੇਸੀ ਸਿਆਸਤਾਂ ਦੇ ਨੁਮਾਇੰਦੇ ਇਸ ਵਿਚ ਸ਼ਾਮਿਲ ਸਨ। 1946 ਅਤੇ 1949 ਦਰਮਿਆਨ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਅਤੇ ਇਸ ਨੂੰ ਅਪਣਾਉਣ ਲਈ ਵਿਆਪਕ ਚਰਚਿਆਂ ਦਾ ਦੌਰ ਚੱਲਿਆ, ਜਿਸ ਦੀਆਂ 165 ਦਿਨ ਬੈਠਕਾਂ ਹੋਈਆਂ। ਪਰ ਕਈ ਰੁਕਾਵਟਾਂ ਦੇ ਬਾਵਜੂਦ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਸੰਵਿਧਾਨ ਤਿਆਰ ਕਰਨ 'ਚ ਦਲੇਰੀ, ਸਾਵਧਾਨੀ ਅਤੇ ਸਮਝਦਾਰੀ ਦਾ ਪ੍ਰਗਟਾਵਾ ਕੀਤਾ, ਜਿਸ ਤੋਂ ਸਪੱਸ਼ਟ ਹੋਇਆ ਕਿ ਅਸੀਂ ਕੌਣ ਹੋਵਾਂਗੇ ਅਤੇ ਅਸੀਂ ਕੀ ਬਣਾਂਗੇ। ਸੰਵਿਧਾਨ ਸਭਾ ਵਲੋਂ ਕੀਤੀਆਂ ਗਈਆਂ ਉਹ ਬਹਿਸਾਂ ਅੱਜ ਵੀ ਭਾਰਤ ਦੇ ਸੰਸਦੀ ਇਤਿਹਾਸ ਦਾ ਸ਼ਾਨਦਾਰ ਸਰਮਾਇਆ ਹਨ।
ਅਜਿਹਾ ਕੁਝ ਭਾਰਤੀ ਸੰਸਦ ਦੇ ਬਾਅਦ ਦੇ ਅਹਿਮ ਪੜਾਵਾਂ ਦੌਰਾਨ ਹੋਈਆਂ ਬਹਿਸਾਂ 'ਚ ਵੀ ਨਜ਼ਰ ਆਇਆ। ਫਿਰ ਭਾਵੇਂ ਉਹ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਸੰਬੰਧੀ ਕੀਤੀ ਗਈ ਪਹਿਲੀ ਸੰਵਿਧਾਨਕ ਸੋਧ ਹੋਵੇ, ਕੁਝ ਅਦਾਰਿਆਂ ਦੇ ਰਾਸ਼ਟਰੀਕਰਨ ਦਾ ਮੁੱਦਾ ਹੋਵੇ ਜਾਂ ਆਰਥਿਕ ਉਦਾਰੀਕਰਨ। ਭਾਰਤੀ ਸੰਸਦ ਅਜਿਹੇ ਅਣਗਿਣਤ ਦੌਰਾਂ ਦੀ ਗਵਾਹ ਰਹੀ ਹੈ।
ਭਾਰਤੀ ਸੰਸਦੀ ਇਤਿਹਾਸ 'ਚ ਹੋਈਆਂ ਕਈ ਅਹਿਮ ਬਹਿਸਾਂ ਵਾਂਗ ਵੰਦੇ ਮਾਤਰਮ 'ਤੇ ਵੀ ਇਕ ਸਾਰਥਿਕ ਚਰਚਾ ਹੋ ਸਕਦੀ ਸੀ, ਜਿਸ ਨੂੰ ਅਗਲੇਰੀਆਂ ਪੀੜ੍ਹੀਆਂ ਵਿਰਸੇ ਵਜੋਂ ਸਹੇਜ ਕੇ ਰੱਖ ਸਕਦੀਆਂ ਸਨ। ਪਰ ਆਗੂਆਂ ਦੀ ਤੁਹਮਤਬਾਜ਼ੀ ਅਤੇ ਮਰਯਾਦਾ ਰਹਿਤ ਭਾਸ਼ਾ ਨੇ ਭਵਿੱਖ ਕੋਲੋਂ ਇਹ ਮੌਕਾ ਖੋਹ ਲਿਆ।

-ਮੋਬਾਈਲ : 099101-88350
ਈਮੇਲ : upma.dagga@gmail.com

 

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਅਸ਼ਫ਼ਾਕਉੱਲਾ ਖ਼ਾਂ ਨੂੰ ਯਾਦ ਕਰਦਿਆਂ ਅਗਲੀ ਖ਼ਬਰ ਬਿਹਤਰ ਭਵਿੱਖ ਲਈ ਸਰਗਰਮੀ
Ad Position 24